ਚੈਅਰਮੇਨ ਦਵਿੰਦਰਪਾਲ ਸਿੰਘ ਅਤੇ ਪਰਮਜੀਤ ਕੌਰ ਨੇ ਦਸਮ ਪਾਤਸ਼ਾਹ ਦੀ ਅਦੁੱਤੀ ਨਿਸ਼ਾਨੀ ' ਗੰਗਾ ਸਾਗਰ ' ਦੇ ਵੈਨਕੂਵਰ ਵਿੱਚ ਕੀਤੇ ਦਰਸ਼ਨ

ਟੋਰਾਟੋ,29 ਅਕਤੂਬਰ (ਬਲਜਿੰਦਰ ਸੇਖਾ ) ਆਪਣੀ ਕਨੇਡਾ ਦੀ ਨਿਜੀ ਯਾਤਰਾ ਦੌਰਾਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ ਅਤੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਨੂੰ ਇੱਕ ਅਣਮੁੱਲਾ ਮੌਕਾ ਮਿਲਿਆ, ਜਿਸ ਦੀ ਲੰਮੇ ਸਮੇਂ ਤੋਂ ਤਾਂਘ ਸੀ। ਦਸਮ ਪਿਤਾ ਦੀ ਅਦੁੱਤੀ ਨਿਸ਼ਾਨੀ ' ਗੰਗਾ ਸਾਗਰ ' ਦੇ ਖੁੱਲੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਮਿਲਿਆ ਅਤੇ ਰਾਏ ਅਜ਼ੀਜ਼ ਉੱਲਾ ਖ਼ਾਨ ਸਾਬਕਾ ਮੈਂਬਰ ਪਾਰਲੀਮੈਂਟ ਨਾਲ ਲੰਮੀ ਮੁਲਾਕਾਤ ਕਰਨ ਦਾ ਸੁਭਾਗ ਪ੍ਰਾਪਤ ਵੀ ਹੋਇਆ। ਰਾਏ ਸਾਹਿਬ ਨੇ ਦੱਸਿਆ ਕਿ ' ਗੰਗਾ ਸਾਗਰ ' ਦੀ ਸੰਭਾਲ ਕਰਨ ਵਾਲਾ ਉਹ ਨੌਵੀਂ ਪੀੜ੍ਹੀ ਦਾ ਵਾਰਸ ਹੈ। 

ਉਹਨਾਂ ਨੇ ਦੱਸਿਆ ਕਿ 1705 ਈਸਵੀ ਵਿੱਚ ਦਸਮ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਰਾਏਕੋਟ ਦੀ ਧਰਤੀ ਤੇ ਆਏ। ਉਸ ਸਮੇਂ ਰਾਏਕੋਟ ਰਿਆਸਤ ਦੇ ਹਾਕਮ ਰਾਏ ਕੱਲਾ ਜੀ ਗੁਰੂ ਸਾਹਿਬ ਜੀ ਦੀ ਸੇਵਾ ਵਿੱਚੋ ਹਾਜ਼ਰ ਹੋਏ, ਉਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਆਪਣੇ ਕੋਲ ਰਹਿਣ ਦੀ ਬੇਨਤੀ ਕੀਤੀ, ਜੋ ਗੁਰੂ ਸਾਹਿਬ ਨੇ ਕਬੂਲ ਕਰ ਲਈ। ਇੱਥੇ ਹੀ ਉਹਨਾਂ ਨੂੰ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਅਤੇ ਮਾਤਾ ਗੁਜਰੀ ਜੀ ਦੇ ਸਵਰਗਵਾਸ ਹੋਣ ਦੀ ਖ਼ਬਰ ਮਿਲੀ। ਰਾਏ ਕੱਲਾ ਜੀ ਦੀ ਸੇਵਾ ਤੋਂ ਪ੍ਰਭਾਵਤ ਹੋ ਕੇ ਗੁਰੂ ਸਾਹਿਬ ਜੀ ਨੇ ' ਗੰਗਾ ਸਾਗਰ ' ਤੋਹਫ਼ੇ ਦੇ ਤੌਰ ਤੇ ਬਖਸ਼ਿਸ਼ ਕੀਤੀ। ਗੰਗਾ ਸਾਗਰ ਇੱਕ ਸੁਰਾਹੀਨੁਮਾ ਧਾਤੀ ਬਰਤਨ ਹੈ, ਜਿਸ ਵਿੱਚ ਗੁਰੂ ਸਾਹਿਬ ਜੀ ਨੇ ਨੂਰੇ ਮਾਹੀ ਕੋਲੋਂ ਝੋਟੀ ਦਾ ਦੁੱਧ ਚੁਆ ਕੇ ਸੇਵਨ ਕੀਤਾ। ਕਮਾਲ ਮੁਹਾਰਤ ਨਾਲ ਬਣੇ ਇਸ ਬਰਤਨ ਵਿੱਚ ਮੌਜੂਦ ਅਨੇਕਾਂ ਛੇਕਾਂ ਦੇ ਬਾਵਜੂਦ ਦੁੱਧ, ਜਲ ਆਦਿ ਤਰਲ ਟਿਕੇ ਰਹਿੰਦੇ ਹਨ, ਜਦ ਕਿ ਰੇਤ ਕਿਰ ਜਾਂਦੀ ਹੈ। 
ਦਵਿੰਦਰਪਾਲ ਸਿੰਘ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਸਾਡੇ ਲਈ ਬਹੁਤ ਹੀ ਪਵਿੱਤਰ ਦਿਨ ਸੀ, ਜਦੋਂ ਉਨ੍ਹਾਂ ਨੇ ' ਗੰਗਾ ਸਾਗਰ ' ਦੇ ਦਰਸ਼ਨ ਕੀਤੇ। ਉਹਨਾਂ ਨੇ ਜੇ. ਡੀ. ਕੌੜਾ ਡਾਇਰੈਕਟਰ ਕੈਂਬਰੀਆ ਕਾਲਜ ਕਨੇਡਾ ਦਾ ਵਿਸ਼ੇਸ਼ ਤੌਰ ਤੇ ਇਸ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਕਰਵਾਉਣ ਦਾ ਧੰਨਵਾਦ ਕੀਤਾ। ਰਾਏ ਅਜ਼ੀਜ਼ ਉੱਲਾ ਖਾਨ ਨੂੰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਆਉਣ ਦਾ ਸੱਦਾ ਵੀ ਦਿੱਤਾ।