2022 ਦੀਆਂ ਵਿਧਾਨਸਭਾ ਚੋਣਾਂ ਦੀ ਤਿਆਰੀ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਪੰਜਾਬ ਦੇ ਮੁੱਖ ਚੋਣ ਅਫਸਰ ਸ਼੍ਰੀ ਐੱਸ ਕਰੁਣਾ ਰਾਜੂ ਨੇ ਤਿੰਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਚੋਣ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਮੋਗਾ, 29 ਅਕਤੂਬਰ (ਜਸ਼ਨ): ਅੱਜ ਪੰਜਾਬ ਦੇ ਮੁੱਖ ਚੋਣ ਅਫਸਰ ਸ਼੍ਰੀ ਐੱਸ ਕਰੁਣਾ ਰਾਜੂ ਨੇ 2022 ਦੀਆਂ ਵਿਧਾਨਸਭਾ ਚੋਣਾਂ ਦੀ ਤਿਆਰੀ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੋਗਾ, ਫਿਰੋਜ਼ਪੁਰ ਅਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰਾਂ ਅਤੇ ਚੋਣ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਚੋਣ ਅਫਸਰ ਸ਼੍ਰੀ ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਅੱਜ ਦੀ ਇਸ ਰੀਵਿਊ ਮੀਟਿੰਗ ਵਿਚ ਤਿੰਨਾਂ ਜ਼ਿਲ੍ਹਿਆਂ ਨਾਲ ਸਬੰਧਤ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਅਫਸਰ ਅਤੇ ਸਹਾਇਕ ਚੋਣਕਾਰ ਅਫਸਰ ਭਾਗ ਲੈ ਰਹੇ ਹਨ । ਉਹਨਾਂ ਦੱਸਿਆ ਕਿ ਮੋਗਾ ਦੇ ਚਾਰ ਵਿਧਾਨ ਸਭਾ ਹਲਕਿਆਂ, ਫਿਰੋਜ਼ਪੁਰ ਦੇ  ਚਾਰ ਵਿਧਾਨਸਭਾ ਹਲਕਿਆਂ ਅਤੇ ਫਰੀਦਕੋਟ ਦੇ ਤਿੰਨ ਵਿਧਾਨਸਭਾ ਹਲਕਿਆਂ ਵਿਚ 2 ਹਜ਼ਾਰ 217 ਪੋਲਿੰਗ ਕੇਂਦਰ ਬਣਾਏ ਗਏ ਹਨ। 
ਉਹਨਾਂ ਆਖਿਆ ਕਿ 1 ਨਵੰਬਰ ਤੋਂ ਇਲੈਕਟਰੋਰਲ ਕਾਪੀਆਂ ਤਿਆਰ ਹੋ ਜਾਣਗੀਆਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਤਾਂ ਕਿ ਕਿਸੇ ਤਰਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਅ ਪ੍ਰਾਪਤ ਕਰਕੇ ਸੁਧਾਈ ਹੋ ਸਕੇ। 
ਉਹਨਾਂ ਦੱਸਿਆ ਕਿ ਸਵੀਪ ਪ੍ਰੋਗਰਾਮ ਤਹਿਤ ਜਾਗਰੂਕਤਾ ਅਭਿਆਨ ਚਾਲਾਇਆ ਜਾਵੇਗਾ ਅਤੇ ਇਸੇ ਦੌਰਾਨ ਨਵੀਆਂ ਵੋਟਾਂ ਲਈ ਬੀ ਐੱਲ ਓ , ਫਾਰਮ ਨੰਬਰ 6 ਮੁਹਈਆ ਕਰਵਾਉਣਗੇ ਜਦਕਿ ਕਿਸੇ ਵੀ ਕਾਰਨ ਵੋਟ ਕੱਟਣ ਲਈ  ਫਾਰਮ ਨੰਬਰ 7 ਭਰਿਆ ਜਾਵੇਗਾ । ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੇ ਵੋਟਰ ਸ਼ਨਾਖਤੀ ਕਾਰਡ ਵਿਚ ਕਿਸੇ ਵੀ ਤਰਾਂ ਦੀ ਸੋਧ ਲਈ ਫਾਰਮ ਨੰਬਰ 8 ਭਰ ਸਕਦਾ ਹੈ। 
ਉਹਨਾਂ ਦੱਸਿਆ ਕਿ ਇਕੋ ਵਿਧਾਨ ਸਭਾ ਹਲਕੇ ਵਿਚ ਜੇ ਕਿਸੇ ਵਿਅਕਤੀ ਦਾ ਪਿੰਡ  ਜਾਂ ਬੂਥ ਨੰਬਰ ਬਦਲ ਜਾਂਦਾ ਹੈ ਤਾਂ ਉਹ ਫਾਰਮ ਨੰਬਰ 8 ਏ ਭਰ ਕੇ ਉਸ ਵਿਚ ਤਬਦੀਲੀ ਕਰ ਸਕਦਾ ਹੈ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਇਸ ਵਾਰ 80 ਸਾਲ ਤੋਂ ਉੱਪਰ ਉਮਰ ਦੇ ਵਿਅਕਤੀਆਂ ਨੂੰ ਬੈਲੇਟ ਪੇਪਰ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਕਿ ਉਹ ਘਰ ਬੈਠੇ ਹੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਜੇ ਕੋਈ ਵਿਅਕਤੀ ਬੈਲੇਟ ਪੇਪਰ ਦੀ ਬਜਾਏ ਪੋਲਿੰਗ ਬੂਥ ’ਤੇ ਜਾ ਕੇ ਵੋਟ ਪਾਉਣਾ ਚਾਹੇਗਾ ਤਾਂ ਉਸ ਲਈ ਆਉਣ ਜਾਣ ਦਾ ਢੁੱਕਵਾਂ ਪ੍ਰਬੰਧ ਵੀ ਕੀਤਾ ਜਾਵੇਗਾ। 
ਮੁੱਖ ਚੋਣ ਅਫਸਰ ਨੇ ਆਖਿਆ ਕਿ ਕੋਵਿਡ ਦੇ ਮੱਦੇਨਜ਼ਰ ਕੋਵਿਡ ਅਨੁਰੂਪ ਨੂੰ ਲਾਗੂ ਕਰਦਿਆਂ ਨਵੇਂ ਪੋਲਿੰਗ ਸਟੇਸ਼ਨ ਇਜਾਦ ਕੀਤੇ ਗਏ ਹਨ ਤਾਂ ਕਿ ਸਮਾਜਿਕ ਦੂਰੀ ਵਰਗੇ ਮਾਪਦੰਡਾਂ ਨੂੰ ਪੂਰੀ ਤਰਾਂ ਲਾਗੂ ਕੀਤਾ ਜਾ ਸਕੇ। ਉਹਨਾਂ ਆਖਿਆ ਕਿ ਹਰ ਬੂਥ ’ਤੇ ਡਿਸਪੌਸੇਬਲ ਦਸਤਾਨੇ , ਮਾਸਕ ਅਤੇ ਸੈਨੇਟਾਈਜ਼ਰ ਰੱਖੇ ਜਾਣਗੇ। 
ਉਹਨਾਂ ਇਹ ਵੀ ਦੱਸਿਆ ਕਿ ਲੰਬੀਆਂ ਕਤਾਰਾਂ ਹੋਣ ਦੀ ਸੂਰਤ ਵਿਚ ਲੋਕਾਂ ਨੂੰ ਹੁੰਦੀ ਅਸੁਵਿਧਾ ਦੇ ਮੱਦੇਨਜ਼ਰ ਇਸ ਵਾਰ ਕੁਰਸੀਆਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਲੋਕ ਬੈਠ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਸਕਣ। 
ਮੁੱਖ ਚੋਣ ਅਫਸਰ ਪੰਜਾਬ, ਸ਼੍ਰੀ ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਦਿਵਿਆਂਗ ਵੋਟਰਾਂ ਲਈ ਹੋਰਨਾਂ ਢੁੱਕਵੇਂ ਪ੍ਰਬੰਧਾਂ ਤੋਂ ਇਲਾਵਾ ਵੀਲ੍ਹ ਚੇਅਰ , ਰੈਂਪ ਅਤੇ ਬੂਥਾਂ ’ਤੇ ਬਿਜਲੀ ਦੇ ਢੁੱਕਵੇਂ ਪ੍ਰਬੰਧਾਂ ਨੂੰ ਸਰਅੰਜਾਮ ਦੇਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। 

ਇਸ ਮੌਕੇ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ , ਮੋਗਾ ਏ ਡੀ ਸੀ (ਜਨਰਲ) ਹਰਚਰਨ ਸਿੰਘ , ਐੱਸ ਐੱਸ ਮੋਗਾ ਸੁਰਿੰਦਰ ਸਿੰਘ ਵੀ ਹਾਜ਼ਰ ਸਨ।