‘ਮਿਸ਼ਨ ਮੋਡ‘ ਦੀ ਸਫ਼ਲਤਾ ਲਈ ਲਗਾਏ ਗਏ ਸੁਵਿਧਾ ਕੈਂਪ ਦੌਰਾਨ ਡਾ: ਰਜਿੰਦਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਮੋਗਾ, 28 ਅਕਤੂਬਰ (ਜਸ਼ਨ): ਲੋਕਾਂ ਨੂੰ ਪ੍ਰਸ਼ਾਸ਼ਨਿਕ ਸੇਵਾਵਾਂ ਪਹਿਲ ਦੇ ਅਧਾਰ ਉੱਤੇ ਮੁਹਈਆ ਕਰਾਉਣ ਲਈ ਪੰਜਾਬ ਸਰਕਾਰ ਨੇ ਹੁਣ ‘ਮਿਸ਼ਨ ਮੋਡ‘ ਉੱਤੇ ਕੰਮ ਕਰਨ ਦਾ ਫੈਸਲਾ ਲਿਆ ਹੈ, ਜਿਸ ਤਹਿਤ ਆਮ ਲੋਕਾਂ ਵੱਲੋਂ ਦਿੱਤੀਆਂ ਗਈਆਂ ਵੱਖ-ਵੱਖ ਅਰਜ਼ੀਆਂ ਨੂੰ ਨਿਪਟਾਉਣ ਲਈ ਵਿਸ਼ੇਸ਼ ਸੁਵਿਧਾ ਕੈਂਪ ਮੋਗਾ ਦੀ ਸਰਕਾਰੀ ਆਈ.ਟੀ.ਆਈ. ਵਿਖੇ ਐੱਸ ਡੀ ਐੱਮ ਸਤਵੰਤ ਸਿੰਘ ਦੀ ਅਗਵਾਈ ਵਿਚ ਲਗਾਇਆ ਗਿਆ।  ਸੁਵਿਧਾ ਕੈਂਪ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 
ਇਸ ਮੌਕੇ ਡਾ: ਰਜਿੰਦਰ  ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ ਰਹਿਣਾ ਚਾਹੁੰਦੀ ਹੈ ਤਾਂ ਕਿ ਵੱਖ ਵੱਖ ਦਫ਼ਤਰਾਂ ਵਿੱਚ ਸਰਕਾਰੀ ਸੇਵਾਵਾਂ ਲੈਣ ਲਈ ਵੱਡੀ ਗਿਣਤੀ ਵਿਚ ਅਰਜ਼ੀਆਂ ਬਕਾਇਆ ਨਾ ਪਈਆਂ ਰਹਿਣ ਅਤੇ ਲੋਕਾਂ ਵਿੱਚ ਨਿਰਾਸ਼ਾ ਪੈਦਾ ਨਾ ਹੋਵੇ। ਉਹਨਾਂ ਆਖਿਆ ਕਿ ਲੋਕਾਂ ਦੀ ਹਰ ਤਰਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹੁਣ ਸਰਕਾਰ ਨੇ ਮਿਸ਼ਨ ਮੋਡ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਬਕਾਇਆ ਅਰਜ਼ੀਆਂ ਨੂੰ ਤੁਰੰਤ ਨਿਪਟਾਇਆ ਜਾਵੇਗਾ। 
ਉਹਨਾਂ ਕਿਹਾ ਕਿ ਇਸ ਦਿਸ਼ਾ ਵਿਚ ਵਿਧਾਨ ਸਭਾ ਹਲਕਾ ਮੋਗਾ ਵਿੱਚ ਵਿਸ਼ੇਸ਼ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ। ਡਾ: ਰਜਿੰਦਰ ਨੇ ਆਖਿਆ ਕਿ ਇਹਨਾਂ ਸੁਵਿਧਾ ਕੈਂਪਾਂ ਵਿੱਚ ਬਕਾਇਆ ਪਈਆਂ ਅਤੇ ਨਵੀਆਂ ਅਰਜ਼ੀਆਂ ਦਾ ਨਿਪਟਾਰਾ ਪਹਿਲ ਦੇ ਅਧਾਰ ਉੱਤੇ ਕੀਤਾ ਜਾਵੇਗਾ ਅਤੇ  ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ।
  ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਹਨਾਂ ਕੈਂਪਾਂ ਨੂੰ ਸਫ਼ਲ ਕਰਨ ਲਈ ਉਹ ਖੁਦ ਇਸ ਕੰਮ ਦੀ ਨਿਗਰਾਨੀ ਕਰਨਗੇ।
ਡਾ ਰਜਿੰਦਰ ਨੇ ਦੱਸਿਆ ਕਿ ਇਹਨਾਂ ਸੁਵਿਧਾ ਕੈਂਪਾਂ ਵਿੱਚ 5-5 ਮਰਲੇ ਵਾਲੇ ਪਲਾਟ, ਪੈਨਸ਼ਨ ਸਕੀਮਾਂ, ਘਰ ਦੀ ਸਥਿਤੀ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨੇ, ਐੱਲ ਪੀ ਜੀ ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ, ਅਸ਼ੀਰਵਾਦ ਸਕੀਮ, ਬੱਚਿਆਂ ਲਈ ਵਜੀਫ਼ਾ ਯੋਜਨਾ, ਐਸ ਸੀ ਬੀ ਸੀ ਬੈਕਫਿੰਕੋ ਲੋਨ ਕੇਸ, ਬੱਸ ਪਾਸ, ਬਕਾਇਆ ਇੰਤਕਾਲ ਕੇਸ, ਮਗਨਰੇਗਾ ਜੌਬ ਕਾਰਡ, ਬਿਜਲੀ ਬਿੱਲ ਮੁਆਫ ਕੇਸ ਤੋਂ ਇਲਾਵਾ ਹੋਰ ਸਹੂਲਤਾਂ ਤੁਰੰਤ ਦਿੱਤੀਆਂ ਜਾ ਰਹੀਆਂ ਹਨ। 
ਵੱਖ ਵੱਖ ਕਾਉਂਟਰਾਂ ’ਤੇ ਜਾ ਕੇ ਡਾ: ਰਜਿੰਦਰ ਨੇ ਜਿੱਥੇ ਵਿਭਾਗਾਂ ਦੇ ਮੁਖੀਆਂ ਤੋਂ ਲੋਕ ਭਲਾਈ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਉੱਥੇ ਕੈਂਪ ਵਿਚ ਆਏ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਨ ਲਈ ਅਧਿਕਾਰੀਆਂ ਨੂੰ ਆਖਿਆ । ਸੁਵਿਧਾ ਕੈਂਪ ਨੂੰ ਸਫ਼ਲ ਬਣਾਉਣ ਲਈ ਮੇਅਰ ਨੀਤਿਕਾ ਭੱਲਾ, ਕੌਂਸਲਰ ਪਾਇਲ ਗਰਗ,ਗੁਰਮਿੰਦਰਜੀਤ ਬਬਲੂ ਸਾਬਕਾ ਕੌਂਸਲਰ, ਕੌਂਸਲਰ ਛਿੰਦਾ ਬਰਾੜ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਕੌਂਸਲਰ ਸਾਹਿਲ ਅਰੋੜਾ, ਗੁਰਸੇਵਕ ਸਿੰਘ ਸਮਰਾਟ , ਦੀਪਕ ਭੱਲਾ, ਜਸਪ੍ਰੀਤ ਗੱਗੀ ਨੇ ਵੀ ਲੋਕਾਂ ਨੂੰ ਵੱਖ ਵੱਖ ਸੇਵਾਵਾਂ ਲੈਣ ਲਈ ਗਾਈਡ ਕੀਤਾ।