ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਣੀ ਅਤੇ ਬਿਜਲੀ ਬਿੱਲਾਂ ਦੀ ਮੁਆਫ਼ੀ ਦੇ ਫੈਸਲੇ ਸੂਬੇ ਦੇ ਲੋਕਾਂ ਦੀ ਡਾਵਾਂਡੋਲ ਆਰਥਿਕਤਾ ਨੂੰ ਦੇਣਗੇ ਮਜਬੂਤੀ : ਵਿਧਾਇਕ ਡਾ: ਹਰਜੋਤ ਕਮਲ

ਮੋਗਾ, 23 ਅਕਤੂਬਰ (ਜਸ਼ਨ) ‘ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਪਾਣੀ ਦੇ ਬਿੱਲਾਂ ਬਾਰੇ ਜਾਰੀ ਕੀਤੇ ਨਵੇਂ ਆਦੇਸ਼ਾਂ ਮੁਤਾਬਕ ਪੰਜਾਬ ਸਰਕਾਰ ਨੇ 125 ਵਰਗ ਗਜ ਤੋਂ ਘੱਟ ਦੇ ਪਲਾਟਾਂ ਦੇ ਪਾਣੀ ਦੇ ਬਿੱਲਾਂ ਨੂੰ ਮੁਆਫ ਕਰ ਦਿੱਤਾ ਹੈ ਅਤੇ 125 ਵਰਗ ਗਜ ਤੋਂ ਵੱਧ ਦੇ ਮਕਾਨਾਂ ਦੇ ਬਿੱਲ ਵੀ 50 ਰੁਪਏ ਪ੍ਰਤੀ ਮਹੀਨਾ ਤੈਅ ਕਰਨ ਨਾਲ ਲੋਕਾਂ ਨੂੰ ਮਹਿੰਗਾਈ ਦੇ ਦੌਰ ਵਿਚ ਵੱਡੀ ਰਾਹਤ ਮਿਲੇਗੀ’। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਉਸ ਸਮੇਂ ਕੀਤਾ ਜਦੋਂ ਪੰਜਾਬ ਸਰਕਾਰ ਨੇ ਬਕਾਇਦਾ ਪੱਤਰ ਜਾਰੀ ਕਰਦਿਆਂ ਸੂਬੇ ਦੇ ਲੋਕਾਂ ਨੂੰ ਪਾਣੀ ਦੇ ਬਿੱਲਾਂ ਸਬੰਧੀ ਵੱਡਾ ਫੈਸਲਾ ਲਿਆ ਹੈ। ਉਹਨਾਂ ਆਖਿਆ ਕਿ  21 ਅਕਤੂਬਰ 2021 ਤੱਕ ਦੇ ਘਰੇਲੂ ਕੁਨੈਕਸ਼ਨਾਂ ਦਾ ਮੂਲ, ਵਿਆਜ ਅਤੇ ਜੁਰਮਾਨੇ ਸਮੇਤ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੇ ਖਪਤਕਾਰ ਖਰਚਿਆਂ ਦੇ ਬਕਾਏ ਵੀ ਮੁਆਫ ਕਰ ਦਿੱਤੇ ਗਏ ਹਨ ਜਿਸ ਨਾਲ ਬੀ ਪੀ ਐੱਲ ਪਰਿਵਾਰਾਂ ਅਤੇ ਮੱਧਮ ਵਰਗ ਨੂੰ ਭਾਰੀ ਰਾਹਤ ਮਿਲੀ ਹੈ। ਉਹਨਾਂ ਆਖਿਆ ਕਿ ਸ. ਚੰਨੀ ਨੇ ਸ਼ਹਿਰੀ ਜਲ ਸਪਲਾਈ ਸਕੀਮ ਦੇ ਬਿਜਲੀ ਬਿੱਲਾਂ ਦੀ  ਵੀ ਸਿੱਧੀ ਅਦਾਇਗੀ ਪੀ ਐਸ ਪੀ ਸੀ ਐਲ ਦੁਆਰਾ ਕਰਨ ਦਾ ਐਲਾਨ ਕੀਤਾ ਹੈ। 
 ਡਾ: ਹਰਜੋਤ ਕਮਲ ਨੇ ਆਖਿਆ ਕਿ ਮੁੱਖ ਮੰਤਰੀ ਸ. ਚੰਨੀ ਲਗਾਤਾਰ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਡੇ ਫੈਸਲਿਆਂ ਦਾ ਐਲਾਨ ਹੀ ਨਹੀਂ ਕਰ ਰਹੇ ਬਲਕਿ ਉਹਨਾਂ ਐਲਾਨਾਂ ਨੂੰ ਅਮਲੀ ਜਾਮਾਂ ਪਹਿਣਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕਰਨ ਵੱਲ ਨਿੱਤ ਦਿਨ ਆਪਣਾ ਕਦਮ ਅੱਗੇ ਵਧਾ ਰਹੇ ਹਨ। ਉਹਨਾਂ ਆਖਿਆ ਕਿ ਸ. ਚੰਨੀ ਨੇ ਆਮ ਲੋਕਾਂ ਦੀਆਂ ਰੋਜ਼ਮਰਰਾ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪਹਿਲਾਂ 2 ਕਿਲੋਵਾਟ ਤੱਕ ਦੇ ਲੋਡ ਵਾਲਿਆਂ ਦੇ ਬਿਜਲੀ ਬਿੱਲ ਪੂਰੀ ਤਰਾਂ ਮੁਆਫ਼ ਕਰ ਦਿੱਤੇ ਹਨ। ਉਹਨਾਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਉਸ ਸਮੇਂ ਅਜਿਹੇ ਨਿੱਗਰ ਫੈਸਲੇ ਲਏ ਜਾ ਰਹੇ ਹਨ ਜਦੋਂ ਕੋਵਿਡ ਉਪਰੰਤ ਲੋਕਾਂ ਦੀ ਆਰਥਿਕ ਸਥਿਤੀ ਕਾਫ਼ੀ ਡਾਵਾਡੋਲ ਚੱਲ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿਤਾਂ ਵਿਚ ਲਏ ਜਾ ਰਹੇ ਫੈਸਲਿਆਂ ਨਾਲ ਲੋਕ ਬਾਗੋ ਬਾਗ ਹਨ।