ਘਰੇਲੂ ਖਪਤਕਾਰਾਂ ਦੇ ਬਕਾਏ ਬਿਜਲੀ ਬਿਲ ਮੁਆਫ਼ ਕਰਨ ਦਾ ਜ਼ਿਲਾ ਮੋਗਾ ਦੇ 88260 ਲਾਭਪਾਤਰੀਆਂ ਨੂੰ ਮਿਲੇਗਾ ਲਾਭ

- 55 ਕਰੋੜ 87 ਲੱਖ 55 ਹਜ਼ਾਰ 186 ਰੁਪਏ ਦੇ ਬਿਜਲੀ ਦੇ ਬਕਾਏ ਬਿੱਲ ਪੰਜਾਬ ਸਰਕਾਰ ਨੇ ਕੀਤੇ ਮੁਆਫ਼-ਡਿਪਟੀ ਕਮਿਸ਼ਨਰ
ਮੋਗਾ, 23 ਅਕਤੂਬਰ (000) - ਪੰਜਾਬ ਸਰਕਾਰ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਸਹੂਲਤਾਂ ਤੇ ਰਾਹਤ ਪ੍ਰਦਾਨ ਕਰਨ ਲਈ ਕੀਤੇ ਗਏ ਉਪਰਾਲੇ ਤਹਿਤ ਜ਼ਿਲਾ ਮੋਗਾ ਦੇ 88260 ਲਾਭਪਾਤਰੀਆਂ ਨੂੰ ਘਰੇਲੂ ਬਿਜਲੀ ਬਿੱਲ ਮੁਆਫ਼ ਦੀ ਸਹੂਲਤ ਦਾ ਲਾਭ ਮਿਲੇਗਾ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਅੱਜ ਦਿੱਤੀ। ਉਨਾਂ ਕਿਹਾ ਕਿ ਜ਼ਿਲਾ ਮੋਗਾ ਦੇ ਘਰੇਲੂ ਬਿਜਲੀ ਖਪਤਕਾਰਾਂ ਦੇ ਦੋ ਕਿੱਲੋਵਾਟ ਤੱਕ ਦੇ ਬਿਜਲੀ ਦੇ ਕੁਨੈਕਸ਼ਨਾਂ ਦੇ ਬਕਾਇਆ ਬਿਲ ਮੁਆਫ਼ ਕਰਨ ਸਬੰਧੀ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।  
ਉਨਾਂ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਜ਼ਿਲੇ ਅੰਦਰ ਪੀ.ਐਸ.ਪੀ.ਸੀ.ਐੱਲ ਦੇ ਸਹਿਯੋਗ ਨਾਲ 2 ਕਿੱਲੋਵਾਟ ਮਨਜ਼ੂਰਸ਼ੁਦਾ ਲੋਡ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਏ ਬਿਜਲੀ ਬਿਲ ਮੁਆਫ਼ ਕਰਨ ਸਬੰਧੀ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।ਜਿਸ ਤਹਿਤ ਪੀ.ਐਸ.ਪੀ.ਸੀ.ਐੱਲ ਮੋਗਾ ਡਵੀਜ਼ਨ, ਮੋਗਾ ਸਬ ਅਰਬਨ ਡਵੀਜ਼ਨ ਅਤੇ ਬਾਘਾਪੁਰਾਣਾ ਡਵੀਜ਼ਨ ਦੇ ਜ਼ਿਲਾ ਮੋਗਾ ਅੰਦਰ ਲਗਭਗ 88260 ਘਰੇਲੂ ਬਿਜਲੀ ਦੇ ਖਪਤਕਾਰਾਂ ਦੇ 55 ਕਰੋੜ 87 ਲੱਖ 55 ਹਜ਼ਾਰ 186 ਰੁਪਏ ਦੇ ਬਿਜਲੀ ਦੇ ਬਕਾਏ ਬਿਲ ਮੁਆਫ਼ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐੱਲ ਮੋਗਾ ਡਵੀਜ਼ਨ ਦੇ 16574 ਲਾਭਪਾਤਰੀਆਂ ਦੇ 10 ਕਰੋੜ 61 ਲੱਖ 93 ਹਜ਼ਾਰ 666 ਰੁਪਏ, ਮੋਗਾ ਸਬ ਅਰਬਨ ਡਵੀਜ਼ਨ ਦੇ 34161 ਲਾਭਪਾਤਰੀਆਂ ਦੇ 23 ਕਰੋੜ 43 ਲੱਖ 50 ਹਜ਼ਾਰ 750 ਰੁਪਏ ਦੇ ਅਤੇ ਬਾਘਾਪੁਰਾਣਾ ਡਵੀਜ਼ਨ ਦੇ 37525 ਲਾਭਪਾਤਰੀਆਂ ਦੇ 21 ਕਰੋੜ 82 ਲੱਖ 10 ਹਜ਼ਾਰ 770 ਰੁਪਏ ਦੇ ਬਿੱਲ ਮੁਆਫ਼ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਮੋਗਾ ਵਿੱਚ ਬੋਰਡ ਵੱਲੋਂ ਆਪਣੇ ਪੱਧਰ ਉੱਤੇ ਕਈ ਕੈਂਪ ਲਗਾਏ ਗਏ ਹਨ ਜਿਨਾਂ ‘ਚ ਖਪਤਕਾਰਾਂ ਦੇ ਬਿਲ ਮੁਆਫ਼ ਕਰਨ ਸਬੰਧੀ ਫਾਰਮ ਭਰੇ ਗਏ ਹਨ ।ਉਨਾਂ ਦੱਸਿਆ ਕਿ 2 ਕਿੱਲੋਵਾਟ ਮਨਜ਼ੂਰਸ਼ੁਦਾ ਲੋਡ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਏ ਬਿਜਲੀ ਬਿਲ ਜੋ ਪੰਜਾਬ ਸਰਕਾਰ ਵਲੋਂ ਭਰੇ ਗਏ ਹਨ ਉਨਾਂ ਦੇ ਬਿੱਲਾਂ ਤੇ ਬਿਲ ਦੇ ਬਕਾਇਆ ਪੰਜਾਬ ਸਰਕਾਰ ਵਲੋਂ ਭਰਿਆ ਗਿਆ ਹੈ, ਦਾ ਇੰਦਰਾਜ ਅੰਤਿਕ ਹੈ।ਉਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਹੋਰ ਕੈਂਪ ਵੀ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਵੇਂ ਜਿਵੇਂ ਖਪਤਕਾਰ ਬਿਲ ਮੁਆਫ਼ ਕਰਨ ਸਬੰਧੀ ਜਾਂ ਕੱਟੇ ਗਏ ਬਿਜਲੀ ਕੁਨੈਕਸ਼ਨਾਂ ਨੂੰ ਜੋੜਨ ਸਬੰਧੀ ਆਪਣੀਆਂ ਅਰਜ਼ੀਆਂ ਦੇਣਗੇ ਤੁਰੰਤ ਕਾਰਵਾਈ ਕਰਦਿਆਂ ਬਣਦਾ ਲਾਹਾ ਮੁਹੱਈਆ ਕਰਵਾਇਆ ਜਾਵੇਗਾ।