ਬਾਬਾ ਗੁਰਮੀਤ ਸਿੰਘ ਦੇ ਕਿਸਾਨੀ, ਜਵਾਨੀ ਅਤੇ ਵਾਤਾਵਰਨ ਦੀ ਸੰਭਾਲ ਉਪਰਾਲੇ ਸ਼ਲਾਘਾਯੋਗ: ਅਮਰਜੀਤ ਲੰਢੇਕੇ, ਦੌਲਤਪੁਰਾ

ਮੋਗਾ, 18 ਅਕਤੂਬਰ (ਜਸ਼ਨ): ‘ ਬਾਬਾ ਗੁਰਮੀਤ ਸਿੰਘ ਵੱਲੋਂ ਕਿਸਾਨੀ, ਜਵਾਨੀ ਅਤੇ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ’  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਵਿੰਗ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਅਮਰਜੀਤ ਸਿੰਘ ਲੰਡੇਕੇ ਤੇ ਬੂਟਾ ਸਿੰਘ ਦੌਲਤਪੁਰਾ ਨੇ ਕੀਤਾ। ਉਹਨਾਂ ਆਖਿਆ ਕਿ ਕਿਰਸਾਨੀ ਸਮੇਂ ਦੇ ਨਾਲ ਘਾਟੇਵੰਦ ਧੰਦਾ ਬਣਦੀ ਜਾ ਰਹੀ ਹੈ । ਉਹਨਾਂ ਆਖਿਆ ਕਿ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂਹੰਦ ਨੂੰ ਠਿਕਾਣੇ ਲਗਾਉਣ ਲਈ ਜੋ ਖਰਚਾ ਆਉਂਦਾ ਹੈ ਉਸ ਦਾ ਬੋਝ ਵੀ ਕਿਸਾਨਾਂ ’ਤੇ ਪੈਂਦਾ ਹੈ ਅਤੇ ਜੇਕਰ ਉਹ ਵਾਤਾਵਰਨ ਬਚਾਉਣ ਲਈ ਪਰਾਲੀ ਨੂੰ ਸਾੜਦੇ ਹਨ ਤਾਂ ਇਸ ਨਾਲ ਨਾ ਸਿਰਫ਼ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਬਲਕਿ ਪੰਛੀ, ਮਿੱਤਰ ਕੀੜੇ ਅਤੇ ਮਨੁੱਖੀ ਸਿਹਤ ਲਈ  ਇੱਕ ਬਹੁਤ ਹੀ ਵੱਡੀ ਸਮੱਸਿਆ ਬਣ ਰਹੀ ਹੈ । ਉਹਨਾਂ ਆਖਿਆ ਕਿ ਸਰਕਾਰਾਂ ਅਤੇ  ਕਿਸਾਨਾਂ ਕੋਲ ਇਸ ਦਾ ਕੋਈ ਸਥਾਈ ਹੱਲ ਵੀ ਨਹੀਂ ਹੈ ਜਿਸ ਕਰ ਕੇ ਕਿਸਾਨ ਰਹਿੰਦ ਖੂਹੰਦ ਨੂੰ ਅੱਗ ਲਾਉਣ ਲਈ ਮਜਬੂਰ ਹੋ ਜਾਂਦੇ ਨੇ। ਅਮਰਜੀਤ ਲੰਢੇਕੇ ਅਤੇ ਬੂਟਾ ਸਿੰਘ ਦੌਲਤਪੁਰਾ ਨੇ ਆਖਿਆ ਕਿ ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲੇ ਅੱਗੇ ਆਏ ਹਨ ਜਿਨ੍ਹਾਂ ਨੇ ਬਹੁਤ ਵੱਡਾ ਪ੍ਰੋਜੈਕਟ ਤਿਆਰ ਕੀਤਾ ਹੈ, ਜਿਸ ਵਿੱਚ ਉਹਨਾਂ ਨਿਊਜ਼ੀਲੈਂਡ ਤੋਂ ਬੇਲਰ ਟਰੈਕਟਰ ਅਤੇ ਜੇ ਸੀ ਬੀ ਮਸ਼ੀਨਾਂ ਮੰਗਵਾਈਆਂ ਹਨ ਜੋ ਫਸਲੀ ਰਹਿੰਦ ਖੂਹੰਦ ਨੂੰ ਇਕੱਠਾ ਕਰਕੇ ਉਸ ਦੀਆਂ ਗੰਢਾਂ ਬਣਾਉਣਗੀਆਂ। ਉਹਨਾਂ ਆਖਿਆ ਕਿ ਪਰਾਲੀ ਸਟੋਰ ਕਰਨ ਲਈ ਜ਼ਮੀਨ ਅਤੇ ਨੌਜਵਾਨਾਂ ਨੂੰ ਇਕੱਤਰ ਕਰਕੇ ਉਹਨਾਂ ਨੂੰ ਰੁਜ਼ਗਾਰ ਦੇਣ ਦੇ ਨਾਲ ਨਾਲ ਕਿਸਾਨਾਂ ਦੀ ਪਰਾਲੀ ਚੁੱਕਣ ਦੇ ਇਸ ਉਪਰਾਲੇ ਦੀ ਸਾਰ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਉਹਨਾਂ ਸੰਤ ਬਾਬਾ ਗੁਰਮੀਤ ਸਿੰਘ ਵੱਲੋਂ ਵਾਤਾਵਰਣ ਬਚਾਉਣ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਸੰਤ ਬਾਬਾ ਗੁਰਮੀਤ ਸਿੰਘ ਨਾ ਸਿਰਫ਼ ਲੋਕਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੀਵਨ ਜਿਉਣ ਦਾ ਵਲ ਸਿਖਾਅ  ਰਹੇ ਹਨ ਬਲਕਿ ਉਹ ਕਿਸਾਨੀ ਸਮੱਸਿਆਵਾਂ ਦੇ ਹੱਲ ਲਈ ਆਧੁਨਿਕ ਤਕਨੀਕ ਦਾ ਸਹਾਰਾ ਲੈ ਕੇ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ ਅਤੇ ਖੇਤੀਬਾੜੀ ਮੇਲੇ ਅਤੇ ਸੈਮੀਨਾਰ ਕਰਵਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਵੀ ਕਰ ਰਹੇ ਹਨ। ਅਮਰਜੀਤ ਸਿੰਘ ਨੇ ਆਖਿਆ ਕਿ ਬਾਬਾ ਗੁਰਮੀਤ ਸਿੰਘ ਦਿੱਲੀ ਕਿਸਾਨ ਮੋਰਚੇ ਵਿੱਚ ਕਿਸਾਨੀ ਦੀ ਲੜਾਈ ਲੜ ਰਹੇ ਕਿਸਾਨ ਵੀਰਾਂ ਦੀ ਸਹਾਇਤਾ ਲਈ ਵੀ ਯੋਗਦਾਨ ਪਾ ਰਹੇ ਹਨ । ਉਹਨਾਂ ਆਖਿਆ ਕਿ ਬਾਬਾ ਜੀ ਇਲਾਕੇ ਦੀਆਂ ਕਲੱਬਾਂ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਨੂੰ  ਰੁੱਖ ਵੰਡਣ ਦੇ ਨਾਲ ਨਸ਼ੇ ਛੁਡਾਊ ਕੈਂਪ ਲਗਾਉਣ ਅਤੇ ਖੇਡ ਅਕੈਡਮੀ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਨ । ਸ. ਅਮਰਜੀਤ ਸਿੰਘ ਲੰਢੇਕੇ ਅਤੇ ਸ. ਬੂਟਾ ਸਿੰਘ ਨੇ ਸਮੂਹ ਇਲਾਕੇ ਦੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਟੀਮ ਨਾਲ ਸੰਪਰਕ ਕਰ ਕੇ ਵੱਧ ਤੋਂ ਵੱਧ ਇਸ ਪ੍ਰੌਜੈਕਟਾਂ ਦਾ ਲਾਹਾ ਲੈਣ।   ਇਸ ਮੌਕੇ ਸਰਪੰਚ ਭਗਵਾਨ ਸਿੰਘ, ਸੰਮਤੀ ਮੈਂਬਰ ਜਗਤਾਰ ਸਿੰਘ, ਕਿਰਨਾਂ ਉੱਪਲ, ਬੋਹੜ ਸਿੰਘ, ਯਾਦਵਿੰਦਰ ਸਿੰਘ, ਪ੍ਰਧਾਨ ਨਿਰਮਲ ਸਿੰਘ ਆਦਿ ਇਲਾਕੇ ਦੇ ਕਿਸਾਨ ਵੀ ਹਾਜ਼ਰ ਸਨ।