ਆਈ-ਖੇਤ ਪੰਜਾਬ” ਐਪ ਵਾਤਾਵਰਨ ਪੱਖੀ ਖੇਤੀ ਵਿੱਚ ਨਿਭਾਅ ਰਿਹੈ ਅਹਿਮ ਭੂਮਿਕਾ

ਕਿਸਾਨ ਘਰ ਬੈਠੇ ਨਾ-ਮਾਤਰ ਕਿਰਾਏ ’ਤੇ ਬੁੱਕ ਕਰ ਸਕਦੇ ਹਨ ਆਧੁਨਿਕ ਖੇਤੀਬਾੜੀ ਉਪਕਰਨ-ਡਾ. ਬਲਵਿੰਦਰ ਸਿੰਘ
ਮੋਗਾ, 17 ਅਕਤੂਬਰ: (ਜਸ਼ਨ): ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ “ਆਈ-ਖੇਤ ਪੰਜਾਬ” ਐਪ ਲਾਹੇਵੰਦ ਸਿੱਧ ਹੋ ਰਿਹਾ ਹੈ। ਇਸ “ਆਈ-ਖੇਤ ਪੰਜਾਬ” ਐਪ ਨਾਲ ਕਿਸਾਨ ਘਰ ਬੈਠੇ ਹੀ ਆਪਣੇ ਮੋਬਾਈਲ ਫੋਨ ਜਰੀਏ, ਆਪਣੇ ਲਈ ਲੋੜੀਂਦਾ ਖੇਤੀਬਾੜੀ ਉਪਕਰਨ ਬਹੁਤ ਹੀ ਘੱਟ ਕਿਰਾਏ ’ਤੇ ਬੁੱਕ ਕਰਵਾ ਸਕਦੇ ਹਨ। ਇਸ ਐਪ ਜਰੀਏ ਆਧੁਨਿਕ ਤਕਨੀਕ ਵਾਲੇ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਜਿਵੇਂ ਕਿ ਬੇਲਰ, ਰੇਕ, ਕਟਰ-ਕਮ-ਸਪਰੈਂਡਰ, ਹੈਪੀ ਸੀਡਰ, ਲੇਜ਼ਰ ਲੈਵਲਰ, ਮਲਚਰ, ਪੈਡੀ ਸਟਰਾਅ, ਚੌਪਰ, ਆਰ.ਐਮ.ਬੀ. ਪਲਾਓ, ਰੋਟਰੀ ਸਲੈਸ਼ਰ, ਰੋਟਾਵੇਟਰ, ਸ਼ਰੱਬ ਮਾਸਟਰ, ਸੁਪਰ ਸੀਡਰ, ਸੁਪਰ ਐਸ.ਐਮ.ਐਸ., ਟਰੈਕਟਰ, ਜੀਰੋ ਟਿੱਲ ਡਰਿੱਲ ਮਸ਼ੀਨ ਕਿਰਾਏ ਤੇ ਲੈ ਸਕਦੇ ਹਨ।ਇਸ ਐਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨਾਂ ਖੇਤੀਬਾੜੀ ਕਰਨ ਵੱਲ ਉਤਸ਼ਾਹਿਤ ਕਰਨਾ ਹੈ ਤਾਂ ਕਿ ਪੰਜਾਬ ਸੂਬੇ ਨੂੰ ਛੇਤੀ ਤੋਂ ਛੇਤੀ “ਜੀਰੋ ਸਟੱਬਲ ਬਰਨਿੰਗ ਰਾਜ” ਬਣਾਇਆ ਜਾ ਸਕੇ।  
ਇਸਨੂੰ ਵਰਤਣ ਦੇ ਤਰੀਕੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਕਿਸਾਨ ਆਪਣੇ ਇਨਡਰਾਈਡ ਫੋਨ ਦੇ “ਪਲੇਅ ਸਟੋਰ” ਉੱਪਰ ਪਹੁੰਚ ਕੇ “ਆਈ-ਖੇਤ ਪੰਜਾਬ” ਐਪ ਡਾਊਨਲੋਡ ਕਰਨ। ਐਪ ਨੂੰ ਖੋਲਣ ਤੋਂ ਬਾਅਦ “ਕਿਸਾਨ” ਆਪਸ਼ਨ ਤੇ ਕਲਿੱਕ ਕਰਕੇ “ਉਪਭੋਗਤਾ” ਤੇ ਕਲਿੱਕ ਕਰਨਾ ਹੈ। ਇਸਤੋਂ ਬਾਅਦ ਕਿਸਾਨ ਨੇ ਆਪਣਾ ਮੋਬਾਈਲ ਨੰਬਰ ਭਰ ਕੇ ਇਸ ਤੇ ਆਇਆ ਹੋਇਆ ਓ.ਟੀ.ਪੀ. ਦਾਖਲ ਕਰਨਾ ਹੈ।ਕਿਸਾਨ ਨੇ ਆਪਣਾ ਨਾਮ, ਪਤਾ ਅਤੇ ਆਧਾਰ ਨੰਬਰ ਭਰਨਾ ਹੈ। ਬੱਸ ਸਿਰਫ਼ ਇੰਨਾ ਕੁਝ ਕਰਨ ਤੋਂ ਬਾਅਦ ਕਿਸਾਨ ਆਈ “ਖੇਤ-ਐਪ ਪੰਜਾਬ” ’ਤੇ ਰਜਿਸਟਰ ਹੋ ਜਾਂਦਾ ਹੈ।
ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਸੁਆਲ ਇਹ ਉੱਠਦਾ ਹੈ ਕਿ ਇਸ ਵਿੱਚ ਮਸ਼ੀਨ ਕਿਵੇਂ ਬੁੱਕ ਕਰਨੀ ਹੈੈੈ ਜਿਹੜੀ ਕਿ ਬੜੀ ਆਸਾਨ ਪ੍ਰਕਿਰਿਆ ਹੈ। ਕਿਸਾਨ ਨੇ ਪਹਿਲਾਂ ਇਹ ਭਰਨਾ ਹੈ ਕਿ ਉਸਨੂੰ ਕਿਹੜੀ ਮਸ਼ੀਨ ਲੋੜੀਂਦੀ ਹੈ ਅਤੇ ਕਿਸ ਉਪਭੋਗਤਾ ਤੋਂ ਉਹ ਮਸ਼ੀਨ ਕਿਰਾਏ ਤੇ ਲੈਣਾ ਚਹੁੰਦਾ ਹੈ, ਜਿੰਨਾਂ ਵਿੱਚ ਕਸਟ ਹਾਈਰਿੰਗ ਸੈਂਟਰ, ਫਾਰਮਰ ਅਤੇ ਸੀ.ਐਸ.ਓ. ਸ਼ਾਮਿਲ ਹਨ। ਇਸ ਤੋਂ ਬਾਅਦ ਮਸ਼ੀਨ ਦੀ ਲੋੜ ਦੀ ਮਿਤੀ ਅਤੇ ਸਮਾਂ ਭਰਨਾ ਪਵੇਗਾ।ਪ੍ਰਦਾਤਾਵਾਂ ਦੀ ਸੂਚੀ ਕਿਸਾਨ ਸਾਹਮਣੇ ਪੇਸ਼ ਹੋਵੇਗੀ। ਕਿਸਾਨ ਇਨਾਂ ਵਿੱਚੋਂ ਕਿਸੇ ਤੋਂ ਵੀ ਮਸ਼ੀਨ ਲੈ ਸਕਦੇ ਹਨ। ਜੇਕਰ ਮਸ਼ੀਨ ਦੇ ਨਾਲ ਟਰੈਕਟਰ ਅਤੇ ਆਪਰੇਟਰ ਦੀ ਲੋੜ ਹੈ ਤਾਂ ਉਹ ਵੀ ਨਿਰਧਾਰਿਤ ਕਰਨਾ ਚਾਹੀਦਾ ਹੈ।ਕਿਸਾਨ ਨੂੰ ਆਪਣੇ ਪਤੇ ਤੇ ਮਸ਼ੀਨ ਦੀ ਡਿਲੀਵਰੀ ਚਾਹੀਦੀ ਹੈ ਜਾਂ ਪ੍ਰਦਾਤਾ ਤੋਂ ਖੁਦ ਲਿਆਉਣੀ ਹੈ ਉਹ ਵੀ ਆਪਸ਼ਨ ਕਿਸਾਨ ਨੂੰ ਦੇਣੀ ਪਵੇਗੀ। ਇਸਤੋਂ ਬਾਅਦ ਆਰਡਰ ਸੰਪੂਰਨ ਹੋ ਜਾਂਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਐਪ ਵਿੱਚ ਆਫ-ਲਾਈਨ ਬੁਕਿੰਗ ਦੀ ਆਪਸ਼ਨ ਵੀ ਹੈ। ਇਸ ਵਿੱਚ ਬੁਕਿੰਗ ਕਰਨ ਲਈ ਕਿਸਾਨ ਨੇ ਸਭ ਤੋਂ ਪਹਿਲਾਂ ਜਿਹੜੀ ਮਸ਼ੀਨ ਚਾਹੀਦੀ ਹੈ ਉਹ ਅਤੇ ਫਿਰ ਕਿਸ ਪ੍ਰਦਾਤਾ ਤੋਂ ਚਾਹੀਦੀ ਹੈ ਉਹ ਆਪਸ਼ਨ ਸਿਲੈਕਟ ਕਰਨੀ ਹੈ। ਮਸ਼ੀਨ ਦੀ ਲੋੜ ਦੀ ਮਿਤੀ ਅਤੇ ਸਮਾਂ ਭਰ ਦਿਓ। ਪ੍ਰਦਾਤਾਵਾਂ ਦੀ ਸੂਚੀ ਪੇਸ਼ ਹੋ ਜਾਵੇਗੀ। ਇਸ ਸੂਚੀ ਵਿੱਚੋਂ ਕਿਸਾਨ ਕਿਸੇ ਵੀ ਪ੍ਰਦਾਤਾ ਨੂੰ ਕਾਲ ਕਰਕੇ ਆਪਣਾ ਨਾਮ, ਪਤਾ, ਨੰਬਰ, ਮਸ਼ੀਨ ਆਦਿ ਦਾ ਵੇਰਵਾ ਦੇ ਸਕਦੇ ਹਨ। ਕਿਸਾਨ, ਪ੍ਰਦਾਤਾ ਨੂੰ ਇਹ ਦੱਸਣਗੇ ਕਿ ਉਨਾਂ ਨੂੰ ਆਪਣੇ ਪਤੇ ਤੇ ਡਿਲੀਵਰੀ ਚਾਹੀਦੀ ਹੈ ਜਾਂ ਉਹ ਖੁਦ ਲੈ ਕੇ ਆਉਣਗੇ। ਇਸਤੋਂ ਬਾਅਦ ਆਰਡਰ ਸੰਪੂਰਨ ਹੋ ਜਾਂਦਾ ਹੈ।
ਉਨਾਂ ਦੱਸਿਆ ਕਿ ਇਹ ਐਪ ਵਰਤੋਂ ਵਿੱਚ ਸੁਰੱਖਿਅਤ ਅਤੇ ਸੁਖਾਲਾ ਹੈ। ਜੇਕਰ ਕਿਸੇ ਕਾਰਣ ਕਿਸਾਨ ਬੁਕਿੰਗ ਰੱਦ ਕਰਨੀ ਚਹੁੰਦਾ ਹੈ ਤਾਂ “ਬੁਕਿੰਗ ਕੈਂਸਲੇਸ਼ਨ” ਦੇ ਅੰਦਰ “ਕੈਂਸਲ ਆਰਡਰ” ਆਪਸ਼ਨ ਦੀ ਚੋਣ ਕਰੋ। ਇਹ ਕੈਂਸਲੇਸ਼ਨ 24 ਘੰਟਿਆਂ ਦੇ ਅੰਦਰ ਅੰਦਰ ਹੀ ਹੋ ਸਕਦੀ ਹੈ। ਇਸ ਐਪ ਨੂੰ ਵਰਤਣ ਵਿੱਚ ਜੇਕਰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ 1800-180-3484 ੳੋੁੱਪਰ ਵੀ ਕਾਲ ਕੀਤੀ ਜਾ ਸਕਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਐਪ ਨੂੰ ਵਰਤਣ ਦੀ ਵਿਸਥਾਰ ਸਹਿਤ ਜਾਣਕਾਰੀ ਵਾਲੀ ਵੀਡੀਓ ਫੇਸਬੁੱਕ ਪੇਜ਼ https://www.facebook.com/MogaDPRO/  ਉੱਪਰ ਅਤੇ ਯੂ ਟਿਊਬ ਉੱਪਰ ਵੀ ਸਾਂਝੀ ਕੀਤੀ ਗਈ ਹੈ। ਕਿਸਾਨ ਵੀਰ ਯੂ ਟਿਊਬ ਵਿੱਚੋਂ  https://youtube.com/channel/UC5nyqup9sjUgYcxAioViW1g ਸਰਚ ਕਰਕੇ ਇਹ ਵੀਡੀਓ ਦੇਖ ਸਕਦੇ ਹਨ।