ਵਿਧਾਇਕ ਡਾ: ਹਰਜੋਤ ਕਮਲ ਨੇ ਡਰੋਲੀ ਭਾਈ ਤੋਂ ਕੋਰੇਵਾਲਾ ਤੱਕ ਸੜਕ ’ਤੇ ਪ੍ਰੀਮਿਕਸ ਪਾਉਣ ਦੀ ਕਰਵਾਈ ਆਰੰਭਤਾ
ਮੋਗਾ, 17 ਅਕਤੂਬਰ (ਜਸ਼ਨ): ਹਲਕਾ ਮੋਗਾ ਦੇ ਪਿੰਡ ਡਰੋਲੀ ਭਾਈ ਤੋਂ ਕੋਰੇਵਾਲਾ ਤੱਕ ਸੜਕ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਵਿਧਾਇਕ ਡਾ: ਹਰਜੋਤ ਕਮਲ ਦੇ ਉਚੇਚੇ ਯਤਨਾਂ ਸਦਕਾ ਸੜਕ ਦੇ ਪੁਨਰ ਨਿਰਮਾਣ ਲਈ ਪ੍ਰੀਮਿਕਸ ਪਾਉਣ ਦੀ ਆਰੰਭਤਾ ਹੋਈ। ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਜੀ ਟੀ ਰੋਡ ਤੋਂ ਡਰੋਲੀ ਭਾਈ ਨੂੰ ਜਾਂਦੀ ਸੜਕ ਨੂੰ 18 ਫੁੱਟੀ ਬਣਾ ਕੇ ਪ੍ਰੀਮਿਕਸ ਪਾਉਣ ਦੀਆਂ ਰਸਮਾਂ ਨਿਭਾਉਣ ਮੌਕੇ ਸਰਪੰਚ ਜਸਪਾਲ ਸਿੰਘ ਡਰੋਲੀ ਭਾਈ , ਚੇਅਰਮੈਨ ਦੀਸ਼ਾ ਬਰਾੜ, ਸਰਪੰਚ ਸਿਮਰਨਜੀਤ ਸਿੰਘ ਰਿੱਕੀ ਘੱਲਕਲਾਂ, ਸਰਪੰਚ ਲਖਵੰਤ ਸਿੰਘ ਸਾਫੂਵਾਲਾ, ਗੁਰਜੰਟ ਸਿੰਘ ਮਾਨ ਦੌਲਤਪੁਰਾ , ਸ਼ਮਸ਼ੇਰ ਸਿੰਘ ਜੇ ਈ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਕਰਨਜੋਤ ਸਿੰਘ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਪਿੰਡਾਂ ਵਿਚ ਸੜਕਾਂ ਦੇ ਜਾਲ ਵਿਛਣ ਨਾਲ ਲਾਗਲੇ ਪਿੰਡਾਂ ਦੇ ਵਾਸੀਆਂ ਅਤੇ ਰਾਹਗੀਰਾਂ ਨੂੰ ਰਾਹਤ ਮਿਲੇਗੀ । ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਆਰੰਭੀ ਸਮਾਰਟ ਵਿਲੇਜ ਯੋਜਨਾ ਨਾਲ ਜਿੱਥੇ ਪਿੰਡਾਂ ਦੀ ਨਕਸ਼ ਨੁਹਾਰ ਬਦਲੀ ਹੈ ਉੱਥੇ ਸੜਕਾਂ ਦੇ ਨਿਰਮਾਣ ਨਾਲ ਕਿਸਾਨਾਂ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਉਹਨਾਂ ਆਖਿਆ ਕਿ ਮੋਗਾ ਹਲਕੇ ਦੇ ਕਿਸੇ ਵੀ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜ ਵਿਚ ਕਿਸੇ ਕਿਸਮ ਦੀ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ।