ਪਰਮਜੀਤ ਸਿੰਘ ਅਤੇ ਰਾਜਪਾਲ ਕੌਰ ਦੀ ਜੋੜੀ ਨੂੰ ਸੁਪਰ ਖੂਨਦਾਨੀ ਜੋੜੀ ਦਾ ਖਿਤਾਬ ਮਿਲਣਾ ਚਾਹੀਦਾ ਹੈ - ਲੂੰਬਾ

16 ਵੀਂ ਵਿਆਹ ਵਰੇਗੰਢ ਤੇ ਇੱਕ ਵਾਰ ਫਿਰ ਇਕੱਠਿਆਂ ਖੂਨਦਾਨ ਕਰਕੇ ਪੈਦਾ ਕੀਤੀ ਮਿਸਾਲ

ਮੋਗਾ 16 ਅਕਤੂਬਰ ( (ਜਸ਼ਨ):  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਆਂ ਵਿੱਚ ਡੀ ਪੀ ਦੇ ਅਹੁਦੇ ਤੇ ਕੰਮ ਕਰ ਰਹੇ ਮਾਸਟਰ ਪਰਮਜੀਤ ਸਿੰਘ ਅਤੇ ਰੂਰਲ ਡਿਸਪੈਂਸਰੀ ਸਲੀਣਾ ਵਿੱਚ ਸੀ ਐਚ ਓ ਦੇ ਅਹੁਦੇ ਤੇ ਕੰਮ ਕਰ ਰਹੀ ਸਟਾਫ ਨਰਸ ਰਾਜਪਾਲ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਸੁਪਰ ਖੂਨਦਾਨੀ ਜੋੜੇ ਦੇ ਖਿਤਾਬ ਨਾਲ ਨਿਵਾਜਣਾ ਚਾਹੀਦਾ ਹੈ ਕਿਉੰਕਿ ਇਹ ਪਤੀ ਪਤਨੀ ਦੀ ਜੋੜੀ ਪਿਛਲੇ 9 ਸਾਲ ਤੋਂ ਲਗਾਤਾਰ ਆਪੋ ਆਪਣੇ ਜਨਮ ਦਿਨ ਅਤੇ ਆਪਣੀ ਵਿਆਹ ਵਰੇਗੰਢ ਮੌਕੇ ਖੂਨਦਾਨ ਕਰਦੇ ਆ ਰਹੇ ਹਨ। ਮਾਸਟਰ ਪਰਮਜੀਤ ਸਿੰਘ ਹਰ ਸਾਲ 30 ਮਾਰਚ ਨੂੰ ਅਤੇ ਸੀ ਐਚ ਓ ਰਾਜਪਾਲ ਕੌਰ 2 ਜੁਲਾਈ ਨੂੰ ਆਪਣੇ ਜਨਮ ਦਿਨ ਤੇ ਖੂਨਦਾਨ ਕਰਦੇ ਹਨ ਅਤੇ ਅਕਤੂਬਰ ਵਿੱਚ ਆਪਣੀ ਵਿਆਹ ਵਰੇਗੰਢ ਮੌਕੇ ਇਕੱਠੇ ਖੂਨਦਾਨ ਕਰਦੇ ਆ ਰਹੇ ਹਨ। ਸਿਰਫ ਪਿਛਲੇ ਸਾਲ ਰਾਜਪਾਲ ਕੌਰ ਕਰੋਨਾ ਦੀ ਸਖਤ ਡਿਊਟੀ ਕਾਰਨ ਆਪਣੀ ਵਿਆਹ ਵਰੇਗੰਢ ਮੌਕੇ ਖੂਨਦਾਨ ਨਹੀਂ ਕਰ ਸਕੀ ਸੀ। ਪਰਮਜੀਤ ਸਿੰਘ ਹੁਣ ਤੱਕ 21 ਵਾਰ ਜਦਕਿ ਰਾਜਪਾਲ ਕੌਰ 17 ਵਾਰ ਖੂਨਦਾਨ ਕਰ ਚੁੱਕੀ ਹੈ। ਉਕਤ ਲਾਜਵਾਬ ਜੋੜੀ ਨੂੰ ਵਿਆਹ ਵਰੇਗੰਢ ਦੀ ਵਧਾਈ ਦਿੰਦਿਆਂ ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਅਤੇ ਖੁਦ 52 ਵਾਰ ਖੂਨਦਾਨ ਕਰ ਚੁੱਕੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜੋੜੀ ਨੇ ਸਵੈਇਛੁਕ ਖੂਨਦਾਨ ਮੁਹਿੰਮ ਨੂੰ ਜਬਰਦਸਤ ਹੁਲਾਰਾ ਦਿੱਤਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਹੈ, ਇਸ ਲਈ ਅਜਿਹੇ ਜੋੜਿਆਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਰਨਾ ਚਾਹੀਦਾ ਹੈ ਤੇ ਸੁਪਰ ਖੂਨਦਾਨੀ ਜੋੜੇ ਦੇ ਖਿਤਾਬ ਨਾਲ ਨਿਵਾਜਣਾ ਚਾਹੀਦਾ ਹੈ ਤਾਂ ਜੋ ਹੋਰ ਲੋਕ ਵੀ ਆਪਣੇ ਖੁਸ਼ੀ ਦੇ ਮੌਕਿਆਂ ਤੇ ਖੂਨਦਾਨ ਕਰਨ ਲਈ ਅੱਗੇ ਆਉਣ। ਇਸ ਮੌਕੇ ਪਰਮਜੀਤ ਸਿੰਘ ਅਤੇ ਰਾਜਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਖੂਨਦਾਨ ਕਰਕੇ ਅਸੀਮ ਸੰਤੁਸ਼ਟੀ ਦਾ ਅਨੁਭਵ ਹੁੰਦਾ ਹੈ ਤੇ ਕੋਈ ਕਮਜ਼ਰੀ ਮਹਿਸੂਸ ਨਹੀਂ ਹੁੰਦੀ। ਉਹਨਾਂ ਦੱਸਿਆ ਕਿ ਅਸੀਂ ਖੂਨਦਾਨ ਤੋਂ ਬਾਅਦ ਇੱਕ ਮਹੀਨਾ ਆਪਣੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿੰਦੇ ਹਾਂ ਤਾਂ ਜੋ ਸਰੀਰ ਫਿਰ ਤੋਂ ਖੂਨਦਾਨ ਕਰਨ ਲਈ ਤਿਆਰ ਹੋ ਸਕੇ। ਉਹਨਾਂ 18 ਤੋਂ 65 ਸਾਲ ਦੀ ਉਮਰ ਦੇ ਹਰ ਤੰਦਰੁਸਤ ਵਿਅਕਤੀ ਨੂੰ ਸਾਲ ਵਿੱਚ ਘੱਟੋ ਘੱਟ ਦੋ ਵਾਰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਸਾਡੇ ਮਨ ਦਾ ਡਰ ਹੀ ਹੈ, ਜੋ ਸਾਨੂੰ ਖੂਨਦਾਨ ਕਰਨ ਤੋਂ ਰੋਕਦਾ ਰਹਿੰਦਾ ਹੈ। ਇੱਕ ਵਾਰ ਡਰ ਦੂਰ ਕਰਕੇ ਖੂਨਦਾਨ ਕਰੋ ਤਾਂ ਫਿਰ ਵਾਰ ਵਾਰ ਖੂਨਦਾਨ ਕਰਨ ਨੂੰ ਦਿਲ ਕਰਦਾ ਹੈ। ਇਸ ਮੌਕੇ ਬਲੱਡ ਬੈਂਕ ਇੰਚਾਰਜ ਡਾ ਸੁਮੀ ਗੁਪਤਾ, ਸਟੀਫਨ ਸਿੱਧੂ, ਹਰਕੰਵਲ ਸਿੰਘ ਅਤੇ ਸਟਾਫ ਨਰਸ ਸੁਰਿੰਦਰ ਕੌਰ ਨੇ ਵੀ ਇਸ ਜੋੜੀ ਨੂੰ ਵਿਆਹ ਵਰੇਗੰਢ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀ ਲੰਬੀ ਅਤੇ ਤੰਦਰੁਸਤ ਜਿੰਦਗੀ ਦੀ ਕਾਮਨਾ ਕੀਤੀ।