ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਧਾਇਕ ਡਾ: ਹਰਜੋਤ ਕਮਲ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਭਾਸ਼ ਚੰਦਰ ਨਾਲ ਕੀਤੀ ਵਿਸ਼ੇਸ਼ ਮੀਟਿੰਗ
*ਵਿਧਾਇਕ ਡਾ: ਹਰਜੋਤ ਕਮਲ ਨੇ ਨਰੇਗਾ ਕੰਮਾਂ ਵਿਚ ਤੇਜ਼ੀ ਲਿਆਉਣ ਲਈ 18 ਅਕਤੂਬਰ ਨੂੰ, ਬਲਾਕ 1 ਅਤੇ ਬਲਾਕ 2 ਦੇ ਸਰਪੰਚਾਂ , ਏ ਪੀ ਓ , ਬੀ ਡੀ ਪੀ ਓ ਅਤੇ ਗ੍ਰਾਮ ਸੇਵਕਾਂ ਨਾਲ ਮੀਟਿੰਗ ਕਰਨ ਦਾ ਲਿਆ ਫੈਸਲਾ
ਮੋਗਾ, 16 ਅਕਤੂਬਰ (ਜਸ਼ਨ): ਮੋਗਾ ਹਲਕੇ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਮੰਤਵ ਨਾਲ ਵਿਧਾਇਕ ਡਾ: ਹਰਜੋਤ ਕਮਲ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਭਾਸ਼ ਚੰਦਰ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪ੍ਰਗਤੀ ਕੰਮਾਂ ’ਤੇ ਵਿਚਾਰ ਚਰਚਾ ਕੀਤੀ ਅਤੇ ਨਰੇਗਾ ਅਧੀਨ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਨਰੇਗਾ ਤਹਿਤ ਪਿੰਡਾਂ ਵਿਚ ਹੋਣ ਵਾਲੇ ਹੋਰਨਾਂ ਕੰਮਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਉਹਨਾਂ ਏ ਡੀ ਸੀ (ਵਿਕਾਸ) ਨਾਲ ਵਿਚਾਰ ਵਟਾਂਦਰੇ ਉਪਰੰਤ ਆਉਂਦੇ ਸੋਮਵਾਰ ਨੂੰ ਨਰੇਗਾ ਕੰਮਾਂ ਵਿਚ ਤੇਜ਼ੀ ਲਿਆਉਣ ਲਈ ਅਤੇ ਪਿੰਡਾਂ ਵਿਚ ਹੋਣ ਵਾਲੇ ਕੰਮਾਂ ਦੀ ਵਿਸਥਾਰਿਤ ਜਾਣਕਾਰੀ ਲੈਣ ਲਈ ਬਲਾਕ 1 ਅਤੇ ਬਲਾਕ 2 ਦੇ ਸਰਪੰਚਾਂ , ਏ ਪੀ ਓ , ਬੀ ਡੀ ਪੀ ਓ ਅਤੇ ਜੀ ਆਰ ਐੱਸ (ਗ੍ਰਾਮ ਸੇਵਕਾਂ) ਨਾਲ ਮੀਟਿੰਗ ਕਰਨ ਦਾ ਫੈਸਲਾ ਲਿਆ। ਵਿਧਾਇਕ ਡਾ: ਹਰਜੋਤ ਕਮਲ ਨੇ ਦੱਸਿਆ ਕਿ ਪਿੰਡਾਂ ‘ਚ ਛੱਪੜਾਂ ਦੀ ਸਫ਼ਾਈ , ਪਾਰਕਾਂ ਦੀ ਤਾਮੀਰ, ਓਪਨ ਜਿੰਮ , ਡਿਸਪੈਂਸਰੀਆਂ, ਬੱਸ ਅੱਡੇ , ਇੰਟਰਲਾਕ ਟਾਇਲਾਂ ਅਤੇ ਸਕੂਲਾਂ ਵਿਚ ਗਰਾਊਂਡਾਂ ਦੇ ਨਿਰਮਾਣ ਦੇ ਬਹੁਤੇ ਕਾਰਜ ਮੁਕੰਮਲ ਕਰ ਲਏ ਗਏ ਨੇ ਪਰ ਜਿੱਥੇ ਕਿਤੇ ਵੀ ਕਿਸੇ ਪ੍ਰੌਜੈਕਟ ਦੇ ਕੰਮ ਵਿਚ ਖੜੋਤ ਆਈ ਹੈ ਉੱਥੇ ਉਹ ਨਿੱਜੀ ਤੌਰ ’ਤੇ ਦਿਲਚਸਪੀ ਲੈ ਕੇ ਪ੍ਰੌਜੈਕਟਾਂ ਨੂੰ ਨੇਪਰੇ ਚਾੜ੍ਹਨਾ ਯਕੀਨੀ ਬਣਾ ਰਹੇ ਹਨ। ਉਹਨਾਂ ਆਖਿਆ ਕਿ ਕਿਸੇ ਵੀ ਪਿੰਡ ਵਿਚ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਭਾਸ਼ ਚੰਦਰ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਦੱਸਿਆ ਕਿ ਨਰੇਗਾ ਤਹਿਤ ਹੋਏ ਕੰਮਾਂ ਨਾਲ ਪਿੰਡਾਂ ਦੀ ਨਕਸ਼ ਨੁਹਾਰ ਬਦਲੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਦੇ ਸਰਪੰਚਾਂ ਦੀ ਲੋੜ ਅਤੇ ਉਹਨਾਂ ਦੀ ਮੰਗ ਮੁਤਾਬਕ ਹੋਣ ਵਾਲੇ ਕੰਮਾਂ ਨੂੰ ਪੂਰਾ ਕਰਨ ਵਾਸਤੇ ਨਰੇਗਾ ਕਾਮਿਆਂ ਨੂੰ ਕੰਮ ’ਤੇ ਲਗਾਇਆ ਜਾਵੇਗਾ ਜਿਸ ਨਾਲ ਰਹਿੰਦੇ ਕੰਮ ਵੀ ਮੁਕੰਮਲ ਕਰ ਦਿੱਤੇ ਜਾਣਗੇ। ਮੀਟਿੰਗ ਵਿਚ ਏ ਪੀ ਓ ਰਾਮ ਪ੍ਰਵੇਸ਼, ਚੇਅਰਮੈਨ ਬਲਾਕ ਸੰਮਤੀ ਗੁਰਵਿੰਦਰ ਸਿੰਘ, ਬਲਾਕ ਪ੍ਰਧਾਨ ਕਿੰਦਰ ਡਗਰੂ, ਜਗਸੀਰ ਸਿੰਘ ਸੀਰਾ, ਸਰਪੰਚ ਲਖਵੰਤ ਸਿੰਘ, ਸ਼ਮਸ਼ੇਰ ਸਿੰਘ ਮਹੇਸ਼ਰੀ ਹਾਜ਼ਰ ਸਨ।