ਖੇਤੀ ਮਾਰੂ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਪੁਤਲਾ ਸਾੜਿਆ
ਮੋਗਾ 16 ਅਕਤੂਬਰ (ਜਸ਼ਨ):ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਮੁੱਖ ਚੌਂਕ ਵਿੱਚ ਖੇਤੀ ਮਾਰੂ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਭਾਜਪਾ/ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਸੂਰਤ ਸਿੰਘ ਧਰਮਕੋਟ, ਭੁਪਿੰਦਰ ਸਿੰਘ ਦੌਲਤਪੁਰਾ, ਜਸਕਰਨ ਸਿੰਘ ਬਹਿਰੂ, ਤੋਤਾ ਸਿੰਘ ਬਹਿਰਾਮਕੇ ਨੇ ਕਿਹਾ ਕਿ ਭਾਜਪਾ ਸਰਕਾਰ ਕਾਰਪੋਰਟ ਘਰਾਣਿਆਂ ਦੀ ਦਲਾਲ ਬਣ ਕੇ, ਲੋਕ ਵਿਰੋਧੀ ਕਾਨੂੰਨ ਬਣਾ ਰਹੀ ਹੈ। ਖੇਤੀ ਵਿਰੋਧੀ ਕਾਨੂੰਨ, ਦੇਸ਼ ਵਿਰੋਧੀ ਕਾਨੂੰਨ ਹਨ। ਇਹਨਾਂ ਕਾਨੂੰਨਾਂ ਨਾਲ ਖੇਤੀ ਕਾਰਪੋਰਟ ਘਰਾਣਿਆਂ ਹੱਥ ਚਲੀ ਜਾਵੇਗੀ ਅਤੇ ਕਿਸਾਨੀ, ਬਜ਼ਾਰ, ਮਜ਼ਦੂਰ, ਖਪਤਕਾਰ ਸਭ ਲੁੱਟੇ ਜਾਣਗੇ। ਆਗੂਆਂ ਨੇ ਕਿਹਾ ਕਿ ਭਾਜਪਾ/ਮੋਦੀ ਦੇ ਪੁਤਲੇ ਸਾੜਨ ਦਾ ਸਿੱਧਾ ਮਤਲਬ ਇਹ ਹੈ ਕਿ ਦੇਸ਼ ਵਿੱਚ ਖੇਤੀ ਮਾਰੂ ਕਾਨੂੰਨ ਲਿਆਉਣ ਵਾਲੇ, ਬੇਰੁਜ਼ਗਾਰੀ ਵਧਾਉਣ ਵਾਲੇ, ਕਾਰੋਬਾਰ ਠੱਪ ਕਰਨ ਵਾਲੇ, ਵਿੱਦਿਆ ਖੋਹਣ ਵਾਲੇ, ਨਫ਼ਰਤ ਫੈਲਾਉਣ ਵਾਲੇ ਹੁਕਮਰਾਨ ਪ੍ਰਵਾਨ ਨਹੀਂ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਭਾਜਪਾ ਨੇ ਜੋ ਰਵੱਈਆ ਅਪਣਾਇਆ ਹੈ, ਉਹ ਸੰਵਿਧਾਨ ਵਿਰੋਧੀ ਹੈ। ਲਖੀਮਪੁਰ ਖੀਰੀ ਵਿੱਚ ਘਰਾਂ ਨੂੰ ਪਰਤਦੇ ਲੋਕਾਂ ਨੂੰ ਗੱਡੀ ਹੇਠ ਕੁਚਲਣਾ ਇਸਦੀ ਤਾਜਾ ਅਤੇ ਘਿਨੌਣੀ ਉਦਾਹਰਣ ਹਨ। ਇਸੇ ਕਰਕੇ ਅਜਿਹੇ ਢੀਠ ਅਤੇ ਵਹਿਸ਼ੀ ਹੁਕਮਰਾਨਾਂ ਨੂੰ ਸੱਤਾ ਉੱਤੇ ਬੈਠੇ ਰਹਿਣ ਦਾ ਕੋਈ ਅਧਿਕਾਰ ਨਹੀਂ। ਅੱਜ ਦੇਸ਼ ਭਰ ਵਿੱਚ ਫੂਕੇ ਜਾ ਰਹੇ ਪੁਤਲੇ, ਸਰਕਾਰ ਵਿੱਚ ਬੇਭਰੋਸਗੀ ਜ਼ਾਹਰ ਕਰ ਰਹੇ ਹਨ। ਇੱਥੇ ਚੌਂਕ ਵਿੱਚ ਪੁਤਲਾ ਸਾੜਨ ਵੇਲੇ ਲੋਕਾਂ ਨੇ ਕਾਲੇ ਕਾਨੂੰਨਾਂ ਅਤੇ ਸਰਕਾਰ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਭਾਜਪਾ/ਮੋਦੀ ਦਾ ਪੁਤਲਾ ਅਗਨ ਭੇਂਟ ਕੀਤਾ। ਕਿਸਾਨ ਆਗੂਆਂ ਨੇ 18 ਅਕਤੂਬਰ ਨੂੰ ਰੇਲ ਜਾਮ ਨੂੰ ਸਫਲ ਕਰਨ ਵਾਸਤੇ ਸਭ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਠੀਕ ਦਸ ਵਜੇ ਰੇਲਵੇ ਸਟੇਸ਼ਨ ਮੋਗਾ ਦੀਆਂ ਰੇਲਵੇ ਲਾਇਨਾਂ ਉੱਤੇ ਪਹੁੰਚਣ। ਇਸ ਮੌਕੇ ਕੁਲਦੀਪ ਭੋਲਾ, ਜਗਜੀਤ ਸਿੰਘ ਧੂੜਕੋਟ, ਸੂਰਤ ਸਿੰਘ ਕਾਦਰਵਾਲਾ, ਜਗਰੂਪ ਸਿੰਘ ਰੰਡਿਆਲਾ, ਬੂਟਾ ਸਿੰਘ ਤਖਾਣਵੱਧ, ਕਰਮਵੀਰ ਬੱਧਣੀ, ਸੁਖਜਿੰਦਰ ਖੋਸਾ, ਜਗਵਿੰਦਰ ਕਾਕਾ, ਮਹਿੰਦਰ ਸਿੰਘ ਧੂੜਕੋਟ, ਗੁਰਦਿੱਤ ਦੀਨਾ, ਸੁੱਖਾ ਸਿੰਘ ਵਿਰਕ, ਮਲਕੀਤ ਸਿੰਘ ਦਾਤੇਵਾਲ, ਮੇਜ਼ਰ ਸਿੰਘ ਦੋਬੁਰਜੀ, ਤਰਲੋਕ ਸਿੰਘ, ਗੁਰਨੇਕ ਸਿੰਘ ਦੌਲਤਪੁਰਾ, ਜਸਪ੍ਰੀਤ ਕੌਰ ਬੱਧਣੀ, ਬਲਕਰਨ ਲੋਹਟ, ਗੁਰਸੇਵਕ ਸਿੰਘ ਫੌਜੀ, ਨਿਰਮਲਜੀਤ ਸਿੰਘ ਘਾਲੀ, ਕੁਲਵੰਤ ਜੋਗੇਵਾਲਾ, ਤੀਰਥ ਸਿੰਘ ਕਿਲੀ, ਕੁਲਵੰਤ ਸਿੰਘ ਸ਼ਾਹਵਾਲਾ ਅਤੇ ਸੁਖਜਿੰਦਰ ਮਹੇਸਰੀ ਆਦਿ ਹਾਜ਼ਰ ਸਨ।