ਦੁਰਗਾ ਅਸ਼ਟਮੀ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਪਣੇ ਗ੍ਰਹਿ ਵਿਖੇ ਕੰਜਕ ਪੂਜਨ ਦਾ ਕੀਤਾ ਆਯੋਜਨ
ਮੋਗਾ, 14 ਅਕਤੂਬਰ (ਜਸ਼ਨ): ਦੁਰਗਾ ਅਸ਼ਟਮੀ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਆਪਣੇ ਗ੍ਰਹਿ ਵਿਖੇ ਕੰਜਕ ਪੂਜਨ ਦਾ ਆਯੋਜਨ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਘਰ ਆਈਆਂ ਨਿੱਕੜੀਆਂ ਬਾਲੜੀਆਂ ਦੇ ਚਰਨ ਸਪਰਸ਼ ਕਰਕੇ ਉਹਨਾਂ ਤੋਂ ਆਸ਼ੀਰਵਾਦ ਲਿਆ । ਉਹਨਾਂ ਕੰਜਕਾਂ ਨੂੰ ਖੁਦ ਆਪਣੀ ਹੱਥੀਂ ਹਲਵਾ ਪੂਰੀ ਅਤੇ ਛੋਲੇ ਪਰੋਸਦਿਆਂ ਮਹਾਂਮਾਈ ਅੱਗੇ ਅਰਦਾਸ ਕੀਤੀ ਕਿ ਮਹਾਮਾਈ ਸਾਰੀ ਦੁਨੀਆਂ ’ਤੇ ਆਪਣੀ ਕਿਰਪਾ ਬਣਾਈ ਰੱੱਖੇ। ਉਹਨਾਂ ਆਖਿਆ ਕਿ ਦੁਰਗਾ ਅਸਟਮੀਂ ਦੇ ਦਿਨ ਮਾਂ ਦੁਰਗਾ ਦੇ ਮਹਾਗੌਰੀ ਦੇ ਸਰੂਪ ਦੀ ਅਰਾਧਨਾ ਕੀਤੀ ਜਾਂਦੀ ਹੈ। ਉਹਨਾਂ ਆਖਿਆ ਕਿ ਵੇਦਾਂ ਅਤੇ ਰਿਸ਼ੀਆਂ ਮੁਨੀਆਂ ਵੱਲੋਂ ਦਿ੍ਰੜ ਕਰਵਾਏ ਵਿਸ਼ਵਾਸ਼ ਮੁਤਾਬਕ ਭਗਵਾਨ ਸ਼ਿਵ ਨੂੰ ਪਾਉਣ ਲਈ ਕਈ ਸਾਲਾਂ ਤੱਕ ਮਾਂ ਪਾਰਵਤੀ ਨੇ ਕਠੋਰ ਤਪ ਕੀਤਾ ਸੀ, ਜਿਸ ਨਾਲ ਉਹਨਾਂ ਦਾ ਰੰਗ ਕਾਲਾ ਹੋ ਗਿਆ ਸੀ ਅਤੇ ਜਦੋਂ ਭਗਵਾਨ ਸ਼ਿਵ ਉਹਨਾਂ ਦੀ ਤਪੱਸਿਆ ’ਤੇ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਮਾਂ ਪਾਰਵਤੀ ਨੂੰ ਗੌਰ ਵਰਣ ਦਾ ਵਰਦਾਨ ਦਿੱਤਾ ਅਤੇ ਮਾਂ ਪਾਰਵਤੀ ਮਹਾਗੌਰੀ ਵੀ ਕਹਾਈ। ਮਹਾਅਸ਼ਟਮੀ ਜਾਂ ਦੁਰਗਾ ਅਸ਼ਟਮੀ ਮੌਕੇ ਵਰਤ ਰੱਖਣ ਅਤੇ ਮਾਂ ਮਹਾਗੌਰੀ ਦੀ ਆਰਧਨਾ ਕਰਨ ਨਾਲ ਵਿਅਕਤੀ ਨੂੰ ਸੁੱਖ , ਸੌਭਾਗ ਅਤੇ ਸਮਰਿੱਧੀ ਮਿਲਦੀ ਹੈ । ਉਹਨਾਂ ਆਖਿਆ ਕਿ ਅੱਜ ਉਹਨਾਂ ਆਪਣੇ ਗ੍ਰਹਿ ਵਿਖੇ ਕੰਜਕ ਪੂਜਨ ਕਰਕੇ ਉਹਨਾਂ ਦੇ ਮਨ ਨੂੰ ਸੰਪੂਰਤ ਸ਼ਾਂਤੀ ਮਿਲੀ ਹੈ।