ਲਖ਼ੀਮਪੁਰ ਖ਼ੇੜੀ ਜਾਂਦਿਆਂ ਨਵਜੋਤ ਸਿੱਧੂ, ਕੈਬਨਿਟ ਮੰਤਰੀ ਅਤੇ ਵਿਧਾਇਕ ਡਾ: ਹਰਜੋਤ ਕਮਲ ਸਮੇਤ ਕਈ ਵਿਧਾਇਕਾਂ ਨੂੰ ਯੂ ਪੀ ਪੁਲਿਸ ਨੇ ਲਿਆ ਹਿਰਾਸਤ ਵਿਚ

ਯੂ ਪੀ/ਸਰਸਾਵਾ, 7 ਅਕਤੂਬਰ (ਜਸ਼ਨ):  ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਸੱਦੇ ਅਨੁਸਾਰ ਅੱਜ ਮੋਹਾਲੀ ਤੋਂ ਚੱਲ ਕੇ ਲਖ਼ੀਮਪੁਰ ਖ਼ੇੜੀ ਜਾਣ ਲਈ ਰਵਾਨਾ ਹੋਏ, ਕਾਂਗਰਸ ਦੇ ਕਾਫ਼ਿਲੇ ਨੂੰ ਹਰਿਆਣਾ ਉੱਤਰ-ਪ੍ਰਦੇਸ਼ ਬਾਰਡਰ ’ਤੇ ਸਹਾਰਨਪੁਰ ਵਿਖ਼ੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਕਾਫ਼ਿਲੇ ਨੂੰ ਰੋਕ ਲੈਣ ਉਪਰੰਤ ਸ: ਸਿੱਧੂ ਸਣੇ ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਹਨਾਂ ਨੂੰ ਸਰਸਾਵਾ ਥਾਣੇ ਵਿਚ ਲਿਜਾਇਆ ਗਿਆ ਹੈ। ਸਰਸਾਵਾ ਥਾਣੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੋਂ ਇਲਾਵਾ ਵਿਧਾਇਕ ਅਤੇ ਵਰਕਿੰਗ ਪ੍ਰਧਾਨ ਸ: ਕੁਲਜੀਤ ਸਿੰਘ ਨਾਗਰਾ, ਵਰਕਿੰਗ ਪ੍ਰਧਾਨ ਸ੍ਰੀ ਪਵਨ ਗੋਇਲ, ਕੈਬਨਿਟ ਮੰਤਰੀ ਰਾਜਾ ਵੜਿੰਗ, ਕੈਬਨਿਟ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ, ਵਿਧਾਇਕ ਡਾ: ਹਰਜੋਤ ਕਮਲ, ਵਿਧਾਇਕ ਰਾਜ ਕੁਮਾਰ ਚੱਬੇਵਾਲ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ, ਵਿਧਾਇਕ ਬਲਵਿੰਦਰ ਸਿੰਘ ਫਗਵਾੜਾ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸਤਿਕਾਰ ਕੌਰ, ਵਿਧਾਇਕ ਸਾਧੂ ਸਿੰਘ ਧਰਮਸੋਤ, ਵਿਧਾਇਕ ਬਲਵਿੰਦਰ ਸਿੰਘ ਹਰਗੋਬਿੰਦਪੁਰ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕ ਸ: ਫ਼ਤਹਿਜੰਗ ਸਿੰਘ ਬਾਜਵਾ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਅਤੇ ਵਿਧਾਇਕ ਰਜਿੰਦਰ ਸਿੰਘ ਮੌਜੂਦ ਸਨ। ਫ਼ੋਨ ’ਤੇ ਗੱਲਬਾਤ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਕਿਸਾਨ ਹਿਤਾਂ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਸਮੁੱਚੇ ਵਿਧਾਇਕ ਅਤੇ ਕਾਂਗਰਸੀ ਵਰਕਰ ਹਰ ਤਰਾਂ ਦੀ ਕੁਰਬਾਨੀ ਲਈ ਤਿਆਰ ਹਨ ਅਤੇ ਕਿਸਾਨਾਂ ਦੀ ਪਿੱਠ ’ਤੇ ਕਾਂਗਰਸ ਪਾਰਟੀ ਹਮੇਸ਼ਾ ਖੜ੍ਹੀ ਰਹੇਗੀ।