7 ਅਕਤੂਬਰ ਨੂੰ ਮਨਾਈ ਜਾਵੇਗੀ ਮੋਗਾ ਰੀਗਲ ਸਿਨੇਮਾ ਗੋਲੀ ਕਾਂਡ ਦੇ ਸ਼ਹੀਦਾਂ ਦੀ ਬਰਸੀ

ਮੋਗਾ 4 ਅਕਤੂਬਰ (ਜਸ਼ਨ): ਅੱਜ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੀ ਸਾਂਝੀ ਮੀਟਿੰਗ ਹੋਈ ਅਤੇ ਪੰਜ ਅਤੇ ਸੱਤ ਅਕਤੂਬਰ ਨੂੰ ਮੋਗਾ ਰੀਗਲ ਸਿਨੇਮਾ ਵਿਖੇ ਸ਼ਹੀਦ ਹੋਣ ਵਾਲੇ ਵਿਦਿਆਰਥੀਆਂ ਦੀ 7 ਅਕਤੂਬਰ ਨੂੰ ਬਰਸੀ ਮਨਾਉਣ ਦਾ ਫੈਸਲਾ ਕੀਤਾ ਗਿਆ। ਪੀਐੱਸਯੂ ਅਤੇ ਐੱਨਬੀਐੱਸ ਪਿਛਲੇ ਕਈ ਸਾਲਾਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਰੀਗਲ ਸਿਨੇਮਾ ਵਿਖੇ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਾਂਗ ਯਾਦਗਾਰੀ ਹਾਲ ਬਣਨਾ ਚਾਹੀਦਾ ਹੈ ਜਿਸਨੂੰ  ਕਿ ਲੋਕ ਹਿੱਤਾਂ ਦੇ ਲਈ ਵਰਤਿਆ ਜਾ ਸਕੇ ।  ਜਿਸ ‘ਤੇ ਪੀਐੱਸਯੂ ਅਤੇ ਐੱਨਬੀਐੱਸ ਦੇ ਆਗੂਆਂ ਮੋਹਨ ਸਿੰਘ ਔਲਖ ,ਕਰਮਜੀਤ ਮਾਣੂੰਕੇ, ਰਜਿੰਦਰ ਸਿੰਘ ਰਾਜੇਆਣਾ ਅਤੇ ਕਮਲ ਬਾਘਾਪੁਰਾਣਾ ਨੇ ਕਿਹਾ ਕਿ ਪੀਐੱਸਯੂ ਅਤੇ ਐੱਨ ਬੀ ਐਸ ਨੇ ਮੰਗ ਰੱਖੀ ਸੀ ਕਿ ਟਰੱਸਟ ਵਿੱਚ ਵਿਦਿਆਰਥੀਆਂ ,  ਨੌਜਵਾਨਾਂ ਤੇ ਬੁੱਧੀਜੀਵੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇ । ਪਿਛਲੇ ਸਾਲ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਮੰਗ ਅਨੁਸਾਰ ਇੱਕ ਸਾਂਝਾ ਟਰੱਸਟ ਬਣਾਉਣ ਦੀ ਹਾਮੀ ਭਰੀ ਗਈ ਸੀ , ਅਸੀਂ ਮੰਗ ਕਰਦੇ ਹਾਂ ਕਿ ਰੀਗਲ ਸਿਨੇਮਾ ਨੂੰ ਸ਼ਹੀਦ ਵਿਦਿਆਰਥੀਆਂ ਦੀ ਯਾਦ ਵਿਚ ਆਡੀਟੋਰੀਅਮ ਅਤੇ ਲਾਇਬਰੇਰੀ ਵਜੋਂ ਵਿਕਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਸਾਂਭਣਾਂ ਸਮੇਂ ਦੀ ਮੁੱਖ ਲੋੜ ਹੈ ਇਤਿਹਾਸਕ ਇਮਾਰਤਾਂ ਸਾਨੂੰ ਪ੍ਰੇਰਨਾ ਦਿੰਦੀਆਂ ਹਨ ਕਿ ਆਪਣੇ ਹੱਕਾਂ ਲਈ ਜਾਗਰੂਕ ਹੋਕੇ ਹੀ ਸੰਘਰਸ਼ ਕੀਤਾ ਜਾ ਸਕਦਾ ਹੈ। ਅੱਜ ਜਦੋ ਹਾਕਮਾਂ ਵੱਲੋਂ ਜ਼ਮੀਨਾਂ, ਸਕੂਲ, ਕਾਲਜ ,ਹਸਪਤਾਲ, ਸੜਕਾਂ, ਬਿਜਲੀ , ਪਾਣੀ ਸਭ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਤਾਂ ਹਾਕਮਾਂ ਖਿਲਾਫ਼ ਸੰਘਰਸ਼ ਦਾ ਸੱਦਾ ਸਾਨੂੰ ਸਾਡਾ ਇਤਿਹਾਸ ਹੀ ਦੇ ਸਕਦਾ ਹੈ । ਇਸ ਲਈ ਇਤਿਹਾਸਕ ਇਮਾਰਤਾਂ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ।