ਵਿਦਿਆਰਥੀਆਂ ਦੀ ਪੜ੍ਹਾਈ ’ਚ ਸੁਧਾਰ ਲਿਆਉਣ ਲਈ ਮਾਪੇ-ਅਧਿਆਪਕ ਮੀਟਿੰਗ 29 ਤੇ 30 ਸਤੰਬਰ ਨੂੰ
ਚੰਡੀਗੜ੍ਹ, 24 ਸਤੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਿਡਲ, ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ’ਚ ਸੁਧਾਰ ਲਿਆਉਣ ਲਈ 29 ਅਤੇ 30 ਸਤੰਬਰ ਨੂੰ ਮਾਪੇ-ਅਧਿਆਪਕ ਮੀਟਿੰਗਾਂ ਕਰਨੇ ਦੇ ਨਿਰਦੇਸ਼ ਦਿੱਤੇ ਹਨ।ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਸ.ਸੀ.ਈ.ਆਰ.ਟੀ ਦੇ ਡਾਇਰੈਕਟਰ ਸ੍ਰੀ ਜਰਨੈਲ ਸਿੰੰਘ ਵੱਲੋਂ ਇਸ ਸਬੰਧ ਵਿੱਚ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਘਾਟਾਂ ਕਮਜ਼ੋਰੀਆਂ ਪਤਾ ਲਾ ਕੇ ਇਸ ਕਾਰਜ ਨੂੰ ਹੋਰ ਬੇਹਤਰ ਬਣਾਇਆ ਜਾ ਸਕੇ। ਇਸ ਦਾ ਉਦੇਸ਼ ਮਾਪਿਆਂ ਨਾਲ ਮੀਟਿੰਗ ਕਰਕੇ ਬੱਚਿਆਂ ਦੀ ਅਗਲੇਰੀ ਪੜ੍ਹਾਈ ਨੂੰ ਰੂਪ ਦੇਣਾ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਹੋਰ ਵੀ ਵਧੇਰੇ ਯੋਜਨਾਬੱਧ ਬਨਾਉਣਾ ਹੈ। ਮੀਟਿੰਗ ਦੌਰਾਨ ਬੱਚਿਆਂ ਬਾਰੇ ਉਨ੍ਹਾਂ ਦੇ ਮਾਪਿਆਂ ਨਾਲ ਸਾਰੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ, ਉਨ੍ਹਾਂ ਦੀ ਸਿਹਤ ਸੰਭਾਲ ਬਾਰੇ ਚਰਚਾ ਕਰਨ ਅਤੇ ਸਤੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਵਿੱਚ ਕਾਰਗੁਜ਼ਾਰੀ ਬਾਰੇ ਸੂਚਿਤ ਕਰਨ ਲਈ ਆਖਿਆ ਗਿਆ ਹੈ।ਇਸ ਦੌਰਾਨ ਅਧਿਆਪਕਾਂ ਨੂੰ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ ।