ਬਿਜਲੀ ਨਾ ਆਉਣ ਅਤੇ ਫਲਕਚੂਏਸ਼ਨ ਕਾਰਨ ਲੋਕ ਅੱਕੇ, ਪਾਵਰ ਕਾਰਪੋਰੇਸ਼ਨ ਅਧਿਕਾਰੀ ਫ਼ੋਨ ਚੁੱਕਣ ਤੋਂ ਹੋਏ ਇਨਕਾਰੀ , ਵਿਧਾਇਕ ਡਾ: ਹਰਜੋਤ ਕਮਲ ਕੋਲ ਕੀਤੀ ਫਰਿਆਦ

ਮੋਗਾ, 14 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਬੇਸ਼ੱਕ ਅਕਾਲੀ ਭਾਜਪਾ ਸਰਕਾਰ ਵੇਲੇ ਦੇ ਕੀਤੇ ਬਿਜਲੀ ਸਮਝੌਤਿਆਂ ਕਾਰਨ ਲੋਕਾਂ ਨੂੰ ਭਾਰੀ ਭਰਕਮ ਬਿਜਲੀ ਬਿੱਲਾਂ ਦੀ ਮਾਰ ਸਹਿਣੀ ਪੈ ਰਹੀ ਹੈ ਪਰ ਮੌਜੂਦਾ ਕਾਂਗਰਸ ਸਰਕਾਰ ਦੌਰਾਨ ਪਾਵਰ ਕਾਰਪੋਰੇਸ਼ਨ ਦਾ ਭੱਠਾ ਇਸ ਕਦਰ ਬੈਠਾ ਹੈ ਕਿ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਸ਼ਹਿਰ ਦੇ ਕਿਸੇ ਨਾ ਕਿਸੇ ਇਲਾਕੇ ਦੀ ਬਿਜਲੀ ਗੁੱਲ ਨਾ ਹੋਈ ਹੋਵੇ । ਸ਼ਹਿਰ ਦੇ ਪੌਸ਼ ਖੇਤਰ ਦਸ਼ਮੇਸ਼ ਨਗਰ ਇਲਾਕੇ ਦਾ ਤਾਂ ਇਨਾਂ ਬੁਰਾ ਹਾਲ ਹੈ ਕਿ ਕਮਿਸ਼ਨਰ ਰੈਜ਼ੀਡੈਂਸ ਨੇੜਲੇ ਟਰਾਂਸਫਾਰਮਰ ਵਿਚ ਪਿਛਲੇ ਚਾਰ ਸਾਲਾਂ ਤੋਂ ਵੱਡਾ ਨੁਕਸ ਹੋਣ ਕਰਕੇ ਰੋਜ਼ਾਨਾ ਹੀ ਬਿਜਲੀ ਜਾਂਦੀ ਹੈ ਤੇ ਜੇ ਵਾਰ ਵਾਰ ਸ਼ਿਕਾਇਤਾਂ ਦਰਜ ਕਰਵਾਉਣ ’ਤੇ ਲਾਈਟ ਆ ਵੀ ਜਾਂਦੀ ਹੈ ਤਾਂ ਕਦੇ ਵੋਲਟੇਜ ਘੱਟ ਅਤੇ ਕਦੇ ਫਲਕਚੂਏਸ਼ਨ ਕਾਰਨ ਲੋਕਾਂ ਦੇ ਬਿਜਲੀ ਉਪਕਰਨ ਵੀ ਸੜ ਜਾਂਦੇ ਨੇ ਅਤੇ ਕੰਮ ਵੀ ਪ੍ਰਭਾਵਿਤ ਹੁੰਦਾ ਹੈ। ਇਸ ਸਬੰਧੀ ਇਲਾਕੇ ਦੇ ਪਾਵਰ ਕਾਰਪੋਰੇਸ਼ਨ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੈ । ਅੱਜ ਇਸ ਸਬੰਧੀ ਐੱਸ ਡੀ ਓ ਨਾਰਥ ਸ਼੍ਰੀ ਪਿ੍ਰੰਸ ਨਾਲ ਜਦੋਂ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਵੋਲਟੇਜ ਫਲਕਚੂਏਸ਼ਨ ਦੀ ਸਮੱਸਿਆ ਬਾਰੇ ਜ਼ਿਕਰ ਕੀਤਾ ਗਿਆ ਤਾਂ ਉਹਨਾਂ ਜੇ ਈ ਕੇਵਲ ਸਿੰਘ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਪਰ ਜਦੋਂ ਕੇਵਲ ਸਿੰਘ ਜੇ ਈ ਨਾਲ ਫੋਨ ਮਿਲਾਇਆ ਗਿਆ ਤਾਂ ਉਹਨਾਂ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ । ’ਤੇ ਫਿਰ ਜਦੋਂ ਦੁਬਾਰਾ ਐੱਸ ਡੀ ਓ ਨਾਰਥ ਸ਼੍ਰੀ ਪਿ੍ਰੰਸ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼੍ਰੀ ਪਿ੍ਰੰਸ ਨੇ ਵੀ ਫ਼ੋਨ ਉਠਾਉਣ ਦੀ ਜ਼ਹਿਮਤ ਨਹੀਂ ਕੀਤੀ। ਇਲਾਕਾ ਵਾਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਅਤੇ ਉਹਨਾਂ ਦੇ ਭਰਾ ਸੀਰਾ ਚਕਰ ਨੂੰ ਬੇਨਤੀ ਕੀਤੀ ਹੈ ਕਿ ਉਹ ਬਿਜਲੀ ਦੀ ਸਮੱਸਿਆ ਹੱਲ ਕਰਵਾਉਣ ਲਈ ਇਹਨਾਂ ਅਫਸਰਾਂ ਨੂੰ ਫ਼ੋਨ ਚੁੱਕਣ ਦੀ ਆਦਤ ਪਾਉਣ।


