ਸਿੱਖਿਆ ਦੇ ਖੇਤਰ ‘ਚ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਪੰਜਾਬ ਕੋ ਐਜੂਕੇਸ਼ਨ ਸਕੂਲ ਨੂੰ ਮਿਲਿਆ ਸਟੇਟ ਐਵਾਰਡ

ਬਾਘਾਪੁਰਾਣਾ,12 ਸਤੰਬਰ (ਰਾਜਿੰਦਰ ਸਿੰਘ ਕੋਟਲਾ):ਇਲਾਕੇ ਦੀ ਨਾਮਵਾਰ ਵਿਦਿਅਕ ਸੰਸਥਾਂ ਪੰਜਾਬ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਜੋ ਪਿਛਲੇ 35 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਅ ਰਿਹਾ ਹੈ ਹੁਣ ਪੰਜਾਬ ਦੀ ਨਾਮਵਰ ਸੰਸਥਾਂ ਬਣ ਗਈ ਹੈ।ਇਸ ਵਿਦਿਅਕ ਸੰਸਥਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ (ਫੈਪ) ਵਲੋਂ ‘ਬਿਹਤਰ ਵਿਦਿਅਕ ਕਾਰਗੁਜ਼ਾਰੀ’ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਇਹ ਐਵਾਰਡ ਮਾਨਯੋਗ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈਕੋਰਟ ਮਹੇਸ਼ ਗਰੋਵਰ ਨੇ ਸਕੂਲ ਦੇ ਪਿ੍ਰੰਸੀਪਲ ਗੁਰਦੇਵ ਸਿੰਘ ਅਤੇ ਡਾਇਰੈਕਟਰ ਸੰਦੀਪ ਮਹਿਤਾ ਨੂੰ ਦਿੱਤਾ।ਇਸ ਪ੍ਰੋਗਰਾਮ ਦੌਰਾਨ ਜਗਜੀਤ ਸਿੰਘ ਪ੍ਰਧਾਨ ਪ੍ਰਾਈਵੇਟ ਸਕੂਲ ਫੈਡਰੇਸ਼ਨ ਪੰਜਾਬ ਨੇ ਦੱਸਿਆ ਕਿ ਸਟੇਟ ਐਵਾਰਡ ਲਈ ਬਹੁਤ ਹੀ ਸਖਤ ਮਾਪਦੰਡ ਅਪਣਾਏ ਗਏ ਹਨ,ਜਿਸ ਵਿੱਚ ਹਰ ਸਕੂਲ ਦੇ ਪਿਛਲੇ ਸਾਲਾਂ ਦੀਆਂ ਬੋਰਡ ਦੀਆਂ ਜਮਾਤਾਂ ਦੇ ਨਤੀਜੇ ਜਿਲ੍ਹੇ ਅਤੇ ਪੰਜਾਬ ਵਿੱਚੋਂ ਵਿਦਿਆਰਥੀਆਂ ਦੀਆਂ ਆਈਆ ਪਹਿਲੀਆਂ,ਦੂਜੀਆਂ ਪੁਜੀਸ਼ਨਾਂ,ਸਹਾਇਕ ਗਤੀਵਿਧੀਆਂ ਵਿੱਚ ਸਕੂਲੀ ਬੱਚਿਆਂ ਦੀ ਪ੍ਰਾਪਤੀ,ਸਕੂਲ ਇਨਫਰਾਸਟਰਕਚਰ,ਸਕੂਲ ਅਨੂਸ਼ਾਸ਼ਨ ਅਤੇ ਉਚੇਚੇ ਤੌਰ ‘ਤੇ ਸਕੂਲ ਵਿੱਚ ਪੜ੍ਹਾ ਰਹੇ ਸਟਾਫ ਦੀ ਨਿਰਧਾਰਿਤ ਵਿਦਿਅਕ ਯੋਗਤਾ ਆਦਿ ਦੀ ਜਾਂਚ ਉਪਰੰਤ ਹੀ ਸਟੇਟ ਐਵਾਰਡ ਲਈ ਪੰਜਾਬ ਕੋ ਐਜੂਕੇਸ਼ਨ ਸਕੂਲ ਬਾਘਾ ਪੁਰਾਣਾ ਚੁਣਿਆ ਗਿਆ।ਇਸ ਮੌਕੇ ਸਮੁੱਚੀ ਪ੍ਰਾਈਵੇਟ ਸਕੂਲ ਫੈੱਡਰੇਸ਼ਨ ਵਲੋਂ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਿੱਖਿਆ ਖੇਤਰ ‘ਚ ਬਿਹਤਰ ਯੋਗਦਾਨ ਪਾਉਂਦੇ ਰਹਿਣ ਦੀ ਆਸ ਪ੍ਰਗਟਾਈ।ਸਕੂਲ ਦੇ ਪਿ੍ਰੰ:ਗੁਰਦੇਵ ਸਿੰਘ,ਡਾਇਰੈਕਟਰ ਸੰਦੀਪ ਮਹਿਤਾ,ਸਾਬਕਾ ਪਿ੍ਰੰ:ਵੀ.ਪੀ ਸਿੰਘ ਗਿੱਲ,ਪਿ੍ਰੰ:ਪਰਮਿੰਦਰ ਕੌਰ,ਕੋਆਰਡੀਨੇਟਰ ਮੁਕੇਸ਼ ਅਰੋੜਾ,ਕੋਆਰਡੀਨੇਟਰ ਮਨਜੀਤ ਭੁੱਲਰ ਤੇ ਪ੍ਰਬੰਧਕ ਐਡਵੋਕੇਟ ਰਾਜਾ ਸਿੰਘ ਵਲੋਂ ਇਸ ਮਾਣਮੱਤੀ ਪ੍ਰਾਪਤੀ ਲਈ ਸਕੂਲ ਸਟਾਫ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਇਸ ਪ੍ਰਾਪਤੀ ਨਾਲ ਇਲਾਕੇ ਭਰ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਅਤੇ ਲਗਾਤਾਰ ਸਕੂਲ ਪ੍ਰਬੰਧਕਾਂ ਨੂੰ ਵਧਾਈਆਂ ਮਿਲ ਰਹੀਆਂ ਹਨ।


