ਅੱਗ ਦੀ ਭੇਂਟ ਚੜੇ ਘਰ ਦੇ ਪੀੜਤ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਏ ਵਿਧਾਇਕ ਡਾ: ਹਰਜੋਤ ਕਮਲ,*ਮਕਾਨ ਦੀ ਪੁਨਰ ਉਸਾਰੀ ਲਈ ਸੌਂਪਿਆ 1 ਲੱਖ ਰੁਪਏ ਦਾ ਚੈੱਕ

**ਪੀੜਤ ਪਰਿਵਾਰ ਦੀ ਮਹਿਲਾ ਮੈਂਬਰ ਸੀਮਾਂ ਨੇ ਚੈੱਕ ਪ੍ਰਾਪਤ ਕਰਨ ’ਤੇ ਵਿਧਾਇਕ ਡਾ: ਹਰਜੋਤ ਕਮਲ ਦਾ ਕੀਤਾ ਧੰਨਵਾਦ 
ਮੋਗਾ, 12 ਸਤੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਜਿੱਥੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਨਿੱਠ ਕੇ ਕੰਮ ਕਰ ਰਹੇ ਹਨ ਉੱਥੇ ਹਲਕੇ ਦੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਵੀ ਸਰਕਾਰ ਤੋਂ ਸਹਾਇਤਾ ਰਾਸ਼ੀ ਪ੍ਰਾਪਤ ਕਰਕੇ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਵਿਧਾਇਕ ਡਾ: ਹਰਜੋਤ ਕਮਲ ਦੇ ਇਨਾਂ ਉੱਦਮਾਂ ਸਦਕਾ ਵਾਰਡ ਨੰਬਰ 34 ਬੁੱਕਣਵਾਲਾ ਰੋਡ ਦੀ ਵਾਸੀ ਸੀਮਾਂ ਪਤਨੀ ਬੂਟਾ ਸਿੰਘ , ਦੇ ਘਰ ਨੂੰ ਪਿਛਲੇ ਮਹੀਨੇ,  ਘਰ ਦੀ ਹੀ ਬਿਜਲੀ ਦੀ ਤਾਰ ਸਪਾਰਕ ਹੋਣ ’ਤੇ  ਸਾਰਾ ਘਰ ਅੱਗ ਨਾਲ ਸੜ ਗਿਆ ਸੀ , ਜਿਸ ਦਾ ਪਤਾ ਜਦੋਂ ਵਿਧਾਇਕ ਡਾ: ਹਰਜੋਤ ਕਮਲ ਨੂੰ ਲੱਗਾ ਤਾਂ ਉਹਨਾਂ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਸੀ ਜਿਸ ’ਤੇ ਤਰਸ ਦੇ ਆਧਾਰ ’ਤੇ ਪੰਜਾਬ ਸਰਕਾਰ ਵੱਲੋਂ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਪੀੜਤ ਪਰਿਵਾਰ ਦੀ ਮਹਿਲਾ ਮੈਂਬਰ ਸ਼੍ਰੀਮਤੀ ਸੀਮਾਂ ਨੂੰ ਜਾਰੀ ਕੀਤਾ ਗਿਆ। ਵਿਧਾਇਕ ਡਾ: ਹਰਜੋਤ ਕਮਲ ਨੇ ਇਹ ਚੈੱਕ ਸੌਂਪਦਿਆਂ ਆਖਿਆ ਕਿ ਉਹਨਾਂ ਨੇ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਿਆ ਹੈ ਅਤੇ ਜਦੋਂ ਵਾਰਡ ਇੰਚਾਰਜ ਦੀਪੂ ਸਹੋਤਾ ਨੇ ਇਸ ਪਰਿਵਾਰ ਨਾਲ ਵਾਪਰੇ ਦੁਖਦ ਹਾਦਸੇ ਬਾਰੇ ਦੱਸਿਆ ਤਾਂ ਉਹਨਾਂ ਨੇ ਤੁਰੰਤ ਪਰਿਵਾਰ ਲਈ ਪੰਜਾਬ ਸਰਕਾਰ ਤੋਂ ਸਹਾਇਤਾ ਦਿਵਾਉਣ ਲਈ ਪਰਿਕਿਰਿਆ ਆਰੰਭੀ ਅਤੇ ਅੱਜ ਉਹ ਇਸ ਸਹਾਇਤਾ ਰਾਸ਼ੀ ਦੇ ਚੈੱਕ ਨੂੰ ਪਰਿਵਾਰ ਨੂੰ ਸੌਂਪ ਕੇ ਤਸੱਲੀ ਮਹਿਸੂਸ ਕਰ ਰਹੇ ਹਨ ਕਿ ਹੁਣ ਇਹ ਪਰਿਵਾਰ ਇਸ ਰਾਸ਼ੀ ਨਾਲ ਆਪਣੇ ਸਿਰ ’ਤੇ ਦੁਬਾਰਾ ਛੱਤ ਪਾਉਣ ਦਾ ਕੰਮ ਸ਼ੁਰੂ ਕਰ ਸਕੇਗਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਇਸੇ ਤਰਾਂ ਪਹਿਲਾਂ ਵੀ ਰਾਮਗੰਜ ਵਿਚ ਇਕ ਘਰ ਦੀ ਛੱਤ ਡਿੱਗਣ ਨਾਲ ਇਕ ਮਾਂ ਅਤੇ ਧੀ ਦੀ ਮੌਤ ਹੋ ਗਈ ਸੀ ਅਤੇ ਉਸ ਪਰਿਵਾਰ ਦੀ ਜਿੰਦਾ ਬਚੀ ਲੜਕੀ ਲਈ ਵੀ ਉਹਨਾਂ ਨੇ ਤੁਰੰਤ ਪੰਜਾਬ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਪਰਿਵਾਰ ਦੀ ਲੜਕੀ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਮੁਹਈਆ ਕਰਵਾਈ ਗਈ ਸੀ । ਉਹਨਾਂ ਆਖਿਆ ਕਿ ਇਸੇ ਤਰਾਂ ਉਹਨਾਂ ਨੇ ਇਕ ਗੰਢੇ ਵੇਚਣ ਵਾਲੇ ਬਜ਼ੁਰਗ ਬਾਬੇ ਦੀ ਤਰਸ ਭਰੀ ਦਾਸਤਾਨ ਨੂੰ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਜ਼ੁਰਗ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਉਸ ਨੂੰ 5 ਲੱਖ ਦੀ ਸਹਾਇਤਾ ਰਾਸ਼ੀ ਭੇਜੀ ਸੀ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਹਲਕੇ ਦੇ ਲੋਕ ਜਿਸ ਤਰਾਂ ਉਹਨਾਂ ਨੂੰ ਪਿਆਰਦੇ ਅਤੇ ਸਤਿਕਾਰਦੇ ਹਨ , ਉਸ ਦਾ ਰਿਣ ਉਹ ਕਦੇ ਨਹੀਂ ਚੁਕਾ ਸਕਦੇ ਪਰ ਲੋਕਾਂ ਵੱਲੋਂ ਦਿੱਤੇ ਜਾਂਦੇ ਸਤਿਕਾਰ ਸਦਕਾ ਉਹਨਾਂ ਅੰਦਰ  ਹਲਕੇ ਲਈ ਹੋਰ ਉਤਸ਼ਾਹ ਨਾਲ ਕੰਮ ਕਰਨ ਦਾ ਬਲ ਜ਼ਰੂਰ ਮਿਲਦਾ ਹੈ। ਇਸ ਮੌਕੇ ਸਹਾਇਤਾ ਰਾਸ਼ੀ ਦਾ ਚੈੱਕ ਪ੍ਰਾਪਤ ਕਰਨ ਵਾਲੀ ਲਾਭਪਾਤਰੀ ਸੀਮਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਮੇਅਰ ਅਸ਼ੋਕ ਨਮਿਜਾ, ਸਾਬਕਾ ਕੌਂਸਲਰ ਗੁਰਮਿੰਦਰਜੀਤ ਬਬਲੂ ਸਿਆਸੀ ਸਕੱਤਰ, ਸੀਨੀਅਰ ਕਾਂਗਰਸੀ ਆਗੂ ਰਾਜ ਵਰਮਾ, ਦੀਪਕ ਭੱਲਾ, ਮਨਦੀਪ ਕੌਰ ਬਲਾਕ ਪ੍ਰੈਜ਼ੀਡੈਂਟ ਮਹਿਲਾ ਕਾਂਗਰਸ ਆਦਿ ਹਾਜ਼ਰ ਸਨ।