ਜੋਧਾ ਬਰਾੜ ਵੱਲੋਂ ਨਜਾਇਜ਼ ਉਸਾਰੀ ਦੇ ਚੁੱਕੇ ਮਾਮਲੇ ’ਤੇ ਪ੍ਰਸ਼ਾਸਨ ਨੇ ਕੀਤੀ ਵੱਡੀ ਕਾਰਵਾਈ, ਨਜਾਇਜ਼ ਉੱਸਰੀ ਬਿਲਡਿੰਗ ਨੂੰ ਢਾਹ ਕੇ ਦੁਕਾਨ ਮਾਲਕ ਨੂੰ ਛੇਤੀ ਨਜਾਇਜ਼ ਕਬਜ਼ੇ ਵਾਲੀ ਥਾਂ ਨੂੰ ਵੇਲ੍ਹਾ ਕਰਨ ਦੀ ਦਿੱਤੀ ਚੇਤਾਵਨੀ

ਬਾਘਾਪੁਰਾਣਾ,7 ਸਤੰਬਰ (ਜਸ਼ਨ/ਰਾਜਿੰਦਰ ਸਿੰਘ ਕੋਟਲਾ):ਪਿਛਲੇ ਦਿਨੀਂ, ਬਾਘਾਪੁਰਾਣਾ ਤੋਂ ਸੀਨੀਅਰ ਕਾਂਗਰਸੀ ਆਗੂ ਜੋਧਾ ਬਰਾੜ ਵੱਲੋਂ ਮੋਗਾ ਕੋਟਕਪੂਰਾ ਮੇਨ ਰੋਡ ‘ਤੇ ਬਾਘਾਪਰਾਣਾ ਚੌਂਕ ਦੇ ਨੇੜੇ ਹੋ ਰਹੀ ਨਜਾਇਜ਼ ਉਸਾਰੀ ਦੇ ਮਾਮਲੇ ਨੂੰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਸੀ ਜਿਸ ’ਤੇ ਅੱਜ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਨਜਾਇਜ਼ ਉੱਸਰੀ ਬਿਲਡਿੰਗ ਨੂੰ ਢਾਹੁਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਭੇਜਿਆ। ਜਦੋਂ ਬਿਲਡਿੰਗ ਦਾ ਸਾਹਮਣੇ ਹਿੱਸਾ ਢਾਹਿਆ ਜਾ ਰਿਹਾ ਸੀ ਤਾਂ ਸਾਬਕਾ ਨਗਰ ਕੌਂਸਲ ਪ੍ਰਧਾਨ ਬਾਲਕ੍ਰਿਸ਼ਨ ਬਾਲੀ ਦੀ ਅਪੀਲ ’ਤੇ ਮੌਕੇ ‘ਤੇ ਹੀ ਮੋਹਤਬਰਾਂ ਦੀ ਹਾਜ਼ਰੀ ਵਿਚ ਦੁਕਾਨ ਮਾਲਕ ਤੋਂ ਆਪਣੇ ਆਪ ਬਾਕੀ ਨਜਾਇਜ਼ ਥਾਂ ’ਤੇ ਕੀਤੀ ਉਸਾਰੀ ਨੂੰ ਢਾਹੁਣ ਸਬੰਧੀ, ਲਿਖਤੀ ਚਿੱਠੀ ਲਈ ਤਾਂ ਕਿ ਇਸ ਤਰਾਂ ਨਜਾਇਜ਼ ਉਸਾਰੀ ਕਰਨ ਵਾਲਿਆਂ ’ਤੇ ਲਗਾਮ ਕੱਸੀ ਜਾ ਸਕੇ।
ਦਰਅਸਲ ਇਹ ਮਾਮਲਾ ਕਾਂਗਰਸ ਦੇ ਸੀਨੀਅਰ ਆਗੂ ਨੇ ਆਪਣੀ ਹੀ ਸਰਕਾਰ ‘ਚ ਹੋ ਰਹੀ ਨਜਾਇਜ਼ ਉਸਾਰੀ ਦੇ ਸਬੰਧ ‘ਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਸੀ ਕਿ ਮੋਗਾ ਕੋਟਕਪੂਰਾ ਮੇਨ ਰੋਡ ‘ਤੇ ਬਾਘਾਪੁਰਾਣਾ ਚੌਂਕ ਕੋਲ ਮਦਾਰੀ ਮਾਰਕੀਟ ਦੇ ਨਾਲ ਕਿਸੇ ਵਿਅਕਤੀ ਵੱਲੋਂ ਸਰਕਾਰੀ ਥਾਂ ’ਤੇ ਨਜਾਇਜ਼ ਉਸਾਰੀ ਦਾ ਚਲਾਇਆ ਜਾ ਰਿਹਾ ਹੈ । ਉਹਨਾਂ ਆਖਿਆ ਸੀ ਕਿ ਕੁਝ ਧਨਾਢ ਤੇ ਸਿਆਸੀ ਅਸਰ-ਰਸੂਖ ਰੱਖਣ ਵਾਲੇ ਲੋਕਾਂ ਵੱਲੋਂ ਸਰਕਾਰੀ ਆਦੇਸ਼ਾਂ ਦੇ ਉਲਟ ਨਜਾਇਜ ਉਸਾਰੀ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਨਜਾਇਜ਼ ਉਸਾਰੀ ਸਬੰਧੀ ਉਹਨਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਵੀ ਮਸਲਾ ਲਿਆਂਦਾ ਹੋਇਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਪਰ ਉਹਨਾਂ ਵੱਲੋਂ ਨਜਾਇਜ਼ ਉਸਾਰੀ ਨੂੰ ਢਾਉਣ ਦੇ ਆਦੇਸ਼ ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਪੁੱਡਾ ਐਕਟ ਦੇ ਨਿਯਮਾਂ ਮੁਤਾਬਕ ਨੈਸ਼ਨਲ ਹਾਈਵੇ ’ਤੇ ਬਿਲਡਿੰਗ ਦੀ ਉਸਾਰੀ ਕਰਨ ਵਾਲਾ ਵਿਅਕਤੀ ਆਪਣੀ ਜਗਹ ਵਿਚੋਂ 33 ਫੁੱਟ ਵਿਚ ਕੋਈ ਉਸਾਰੀ ਨਹੀਂ ਕਰੇਗਾ ਪਰ ਇਸ ਮਾਮਲੇ ਵਿਚ ਦੁਕਾਨ ਮਾਲਕ ਨੇ ਪ੍ਰਸ਼ਾਸਨ ਵੱਲੋਂ ਵਾਰ ਵਾਰ ਦਿੱਤੀ ਚੇਤਾਵਨੀ ਦੇ ਬਾਵਜੂਦ ਆਪਣੀ ਬਿਲਡਿੰਗ ਤਾਮੀਰ ਕਰਨ ਲਈ 33 ਫੁੱਟ ਫਰੰਟ ਸੈਟਬੈਕ ਛੱਡੇ ਬਿਨਾਂ ਛੁੱਟੀ ਵਾਲੇ ਦਿਨ ਦੁਕਾਨ ਦੀ ਦੂਜੀ ਮੰਜ਼ਿਲ ਦਾ ਲੈਂਟਰ ਪਾਉਣ ਦੀ ਪਰਿਕਿਰਿਆ ਆਰੰਭ ਦਿੱਤੀ ਗਈ ਸੀ।
ਇਸ ਮਾਮਲੇ ਗੰਭੀਰਤਾ ਨਾਲ ਲੈਂਦਿਆਂ ਇਸੇ ਮਹੀਨੇ ਦੀ 3 ਸਤੰਬਰ ਨੂੰ ਡਿਪਟੀ ਕਮਿਸ਼ਨਰ ਮੋਗਾ ਨੇ ਕਾਰਵਾਈ ਕਰਦਿਆਂ ਡਿਊਟੀ ਮੈਜਿਸਟਰੇਟ ਨਿਯੁਕਤ ਕਰਕੇ, ਪੁਲਿਸ ਸਹਾਇਤਾ ਨਾਲ ਨਜਾਇਜ਼ ਉਸਾਰੀ ਨੂੰ ਢਾਉਣ ਲਈ ਚਿੱਠੀ ਜਾਰੀ ਕੀਤੀ ਸੀ ।
ਨਜਾਇਜ਼ ਉਸਾਰੀ ਮਾਮਲੇ ’ਤੇ ਅੱਜ ਐੱਸ ਡੀ ਐੱਮ ਰਾਜਪਾਲ ਸਿੰਘ, ਡਿਊਟੀ ਮੈਜਿਸਟਰੇਟ ਤਹਿਸੀਲਦਾਰ ਬਾਘਾਪੁਰਾਣਾ ਗੁਰਮੀਤ ਸਹੋਤਾ, ਕਾਰਜਸਾਧਕ ਅਫਸਰ, ਡੀ ਐੱਸ ਪੀ ਗੁਰਦੀਪ ਸਿੰਘ, ਐੱਸ ਐੱਚ ਓ ਹਰਮਨਜੀਤ ਸਿੰਘ ਬੱਲ ਅਤੇ ਜੇ ਈ ਸੁਖਦੀਪ ਸਿੰਘ ਲੰਡੇ ਮੌਕੇ ’ਤੇ ਪੁੱਜੇ ਅਤੇ ਉਹਨਾਂ ਆਪਣੀ ਹਾਜ਼ਰੀ ਵਿਚ ਦੁਕਾਨ ਮਾਲਕ ਪ੍ਰਦੀਪ ਕੁਮਾਰ ਪੁੱਤਰ ਰਜਿੰਦਰ ਕੁਮਾਰ ਵੱਲੋਂ ਕੀਤੀ ਜਾ ਰਹੀ ਨਜਾਇਜ਼ ਉਸਾਰੀ ਨੂੰ ਬੁਲਡੋਜ਼ਰ ਰਾਹੀਂ ਮੁਹਰਲੇ ਪਾਸੇ ਤੋਂ ਦੋ ਢਾਈ ਫੁੱਟ ਹਿੱਸਾ ਤੋੜ ਦਿੱਤਾ ਗਿਆ ਅਤੇ ਮੌਕੇ ’ਤੇ ਦੁਕਾਨ ਮਾਲਕ ਤੋਂ ਲਿਖਤੀ ਚਿੱਠੀ ਲਿਖਾ ਲਈ ਕਿ ਉਹ ਹੁਣ ਆਪਣੇ ਆਪ ਨਜਾਇਜ਼ ਜਗਹ ’ਤੇ ਕੀਤੀ ਉਸਾਰੀ ਨੂੰ ਤੋੜ ਦੇਵੇਗਾ ।
ਪ੍ਰਸ਼ਾਸਨ ਵੱਲੋਂ ਅੱਜ ਨਜਾਇਜ਼ ਉਸਾਰੀ ਵਾਲੀ ਦੋ ਮੰਜ਼ਿਲੀ ਇਮਾਰਤ ’ਤੇ ਢਾਉਣ ’ਤੇ ਪ੍ਰਤੀਕਰਮ ਦਿੰਦਿਆਂ ਜੋਧਾ ਬਰਾੜ ਨੇ ਆਖਿਆ ਕਿ ਕਾਰਵਾਈ ਤਾਂ ਜ਼ਰੂਰ ਹੋਈ ਹੈ ਪਰ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋਈ ਹੈ। ਉਹਨਾਂ ਇਹ ਵੀ ਆਖਿਆ ਕਿ ਜੇ ਇਸ ਤਰਾਂ ਹਰ ਦੁਕਾਨਦਾਰ ਆਪਣੇ ਆਪਣੇ ਅੱਗੇ 33 ਫੁੱਟ ਥਾਂ ਛੱਡਣ ਦੀ ਬਜਾਏ ਉਸ ’ਤੇ ਉਸਾਰੀ ਕਰਨ ਦੀ ਪਿਰਤ ਪਾਵੇਗਾ ਤਾਂ ਇਸ ਤਰਾਂ ਟਰੈਫਿਕ ਦੀ ਸਮੱਸਿਆ ਦੇ ਨਾਲ ਨਾਲ ਆਉਣ ਜਾਣ ਵਾਲਿਆਂ ਲਈ ਵੀ ਭਾਰੀ ਪਰੇਸ਼ਾਨੀ ਪੈਦਾ ਹੋਵੇਗੀ। ਉਹਨਾਂ ਆਖਿਆ ਕਿ ਪਰ ਦੁਕਾਨ ਮਾਲਕ ਪ੍ਰਦੀਪ ਕੁਮਾਰ ਨੇ ਉਸ ਸਮੇਂ ਹੱਦ ਹੀ ਕਰ ਦਿੱਤੀ ਜਦੋਂ ਉਸ ਨੇ 33 ਫੁੱਟ ਦੇ ਨਾਲ ਨਾਲ 4 ਫੁੱਟ ਨਾਲੇ ਵਾਲੀ ਜਗਹ ਨੂੰ ਵੀ ਉਸਾਰੀ ਅਧੀਨ ਲੈ ਆਂਦਾ ।
ਨਜਾਇਜ਼ ਉਸਾਰੀ ਦੇ ਮਾਮਲੇ ਵਿਚ ਪ੍ਰਸ਼ਾਸਨ ਵੱਲੋਂ ਕੀਤੀ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਮੌਕੇ ’ਤੇ ਮੌਜੂਦ ਸਾਬਕਾ ਨਗਰ ਕੌਂਸਲ ਪ੍ਰਧਾਨ ਬਾਲਕ੍ਰਿਸ਼ਨ ਬਾਲੀ, ਸ਼ਹਿਰੀ ਪ੍ਰਧਾਨ ਪਵਨ ਢੰਡ, ਪ੍ਰਧਾਨ ਪਵਨ ਗੋਇਲ ਅਤੇ ਦੀਪਾ ਨੇ ਆਖਿਆ ਕਿ ਸ਼ਹਿਰ ਵਿਚ ਹੋ ਰਹੀ ਨਜਾਇਜ਼ ਬਿਲਡਿੰਗਾਂ ਦੀ ਉਸਾਰੀ ’ਤੇ ਰੋਕ ਲੱਗਣੀ ਚਾਹੀਦੀ ਹੈ । ਉਹਨਾਂ ਇਹ ਵੀ ਆਖਿਆ ਕਿ ਪਿਛਲੇ 3 ਸਾਲਾਂ ਵਿਚ ਇਸੇ ਤਰਜ਼ ’ਤੇ ਹੋਰਨਾਂ ਲੋਕਾਂ ਵੱਲੋਂ ਵੀ ਲਗਭਗ 22 ਦੁਕਾਨਾਂ ਦੀ ਉਸਾਰੀ ਇਸੇ ਤਰਾਂ ਹੀ ਕੀਤੀ ਗਈ ਹੈ ਅਤੇ ਨਗਰ ਕੌਂਸਲ ਨੂੰ ਸਾਰੀਆਂ ਨਜਾਇਜ਼ ਉਸਾਰੀ ਜਾ ਰਹੀਆਂ ਬਿਲਡਿੰਗਾਂ ’ਤੇ ਇਸੇ ਤਰਾਂ ਹੀ ਕਾਰਵਾਈ ਕਰਨੀ ਚਾਹੀਦੀ ਹੈ।


