ਬੀਤੇ ਕੱਲ ਸੁਖਬੀਰ ਸਿੰਘ ਬਾਦਲ ਦੀ ਮੋਗਾ ਰੈਲੀ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਤਿੱਖਾ ਵਿਰੋਧ, ਕਿਸਾਨਾਂ ਦੀ ਹੋਈ ਪੁਲਿਸ ਨਾਲ ਝੜਪ ,ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵੱਲੋਂ ਲਾਠੀਚਾਰਜ , ਕਿਸਾਨਾਂ ਖਿਲਾਫ਼ ਦਰਜ ਮਾਮਲਿਆਂ ’ਤੇ ਭੜਕੇ ਕਿਸਾਨਾਂ ਨੇ ਅੱਜ ਕੀਤਾ ਵੱਡਾ ਇਕੱਠ

ਮੋਗਾ,3 ਸਤੰਬਰ (ਜਸ਼ਨ): ਕੱਲ ਸ਼ੋ੍ਰਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਮੋਗਾ ਵਿਖੇ ਰੈਲੀ ਕੀਤੀ ਗਈ। ਰੈਲੀ ਦੌਰਾਨ ਸੁਖਬੀਰ ਬਾਦਲ ਦੇ ਮੋਗਾ ਪਹੁੰਚਣ ਤੇ ਕਿਸਾਨ ਜਥੇਬੰਦੀਆਂ ਨੇ ਸੁੁਖਬੀਰ ਬਾਦਲ ਦਾ ਤਿੱਖਾ ਵਿਰੋਧ ਕੀਤਾ । ਇਸੇ ਦੌਰਾਨ ਪੁਲਿਸ ਅਤੇ ਕਿਸਾਨਾਂ ਦੀ ਆਪਸੀ ਮੁੱਠਭੇੜ ਦੌਰਾਨ ਕਿਸਾਨ ਅਤੇ ਪੁਲਿਸ ਕਰਮੀ ਜ਼ਖਮੀ ਹੋਏ । ਪੁਲਿਸ ਵੱਲੋਂ 17 ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ । ਪੁਲਿਸ ਦੀ ਇਸ ਕਾਰਵਾਈ ਖਿਲਾਫ਼ ਅੱਜ ਮੋਗਾ ਮੰਡੀ ਵਿਚ ਕਿਸਾਨ ਜਥੇਬੰਦੀਆਂ ਦੀ ਇਕਤਰਤਾ ਹੋਈ ਜਿਸ ਦੌਰਾਨ ਐੱਸ ਡੀ ਐੱਮ ਸਤਵੰਤ ਸਿੰਘ ਅਤੇ ਐੱਸ ਪੀ ਐੱਚ ਗੁਰਦੀਪ ਸਿੰਘ ਆਦਿ ਅਧਿਕਾਰੀ ਕਿਸਾਨ ਸਟੇਜ ’ਤੇ ਪਹੁੰਚੇ ਅਤੇ ਕਿਸਾਨਾਂ ਵੱਲੋਂ ਦਿੱਤਾ ਮੰਗ ਪੱਤਰ ਲੈਣ ਉਪਰੰਤ ਐੱਸ ਡੀ ਐੱਮ ਨੇ ਕਿਸਾਨਾਂ ਨੂੰ ਇਨਸਾਫ਼ ਦੇਣ ਦਾ ਵਿਸ਼ਵਾਸ਼ ਦਿਵਾਇਆ ਪਰ ਜਥੇਬੰਦੀਆਂ ਨੇ ਕਿਸਾਨਾਂ ਖਿਲਾਫ਼ ਦਰਜ ਮਾਮਲੇ 8 ਸਤੰਬਰ ਤੱਕ ਰੱਦ ਕਰਨ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਜੇ ਪ੍ਰਸ਼ਾਸਨ ਨੇ 17 ਮਾਮਲੇ ਵਾਪਸ ਨਾ ਲਏ ਤਾਂ ਦਿੱਲੀ ਦੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਮੋਗਾ ਵਿਖੇ ਵੀ ਪੱਕਾ ਮੋਰਚਾ ਲਗਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਕੱਲ ਸੁਖਬੀਰ ਬਾਦਲ ਦੀ ਰੈਲੀ ਦੌਰਾਨ ਪੁਲਿਸ ਵੱਲੋਂ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਹੋਰਨਾਂ ਜਥੇਬੰਦੀਆਂ ਦੇ ਕਿਸਾਨਾਂ ਨੂੰ ਪੰਡਾਲ ਵਿਖੇ ਪਹੁੰਚਣ ਤੋਂ ਰਸਤੇ ਵਿੱਚ ਹੀ ਰੋਕਿਆ ਗਿਆ ਅਤੇ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਵੀ ਕੀਤਾ ਗਿਆ ਕਈ ਕਿਸਾਨਾਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ।
ਸੁਖਬੀਰ ਬਾਦਲ ਦੀ ਆਮਦ ਤੋਂ ਪਹਿਲਾਂ ਕਿਰਤੀ ਕਿਸਾਨ ਅਤੇ ਕ੍ਰਾਂਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਜ਼ਿਲ੍ਹਾ ਸਕੱਤਰੇਤ ਸਾਹਮਣੇ ਪੁਲੀਸ ਦੀਆਂ ਰੋਕਾਂ ਤੋੜ ਕੇ ਪੰਡਾਲ ਵਿੱਚ ਪੁੱਜ ਗਏ ਜਿਸ ਕਾਰਨ ਉਨ੍ਹਾਂ ਦਾ ਪੁਲੀਸ ਨਾਲ ਟਕਰਾਅ ਹੋ ਗਿਆ। ਪੁਲੀਸ ਵੱਲੋਂ ਕੀਤੇ ਲਾਠੀਚਾਰਜ ’ਚ 5 ਕਿਸਾਨ ਜਖਮੀ ਹੋ ਗਏ। ਰੋਹ ਵਿੱਚ ਆਏ ਕਿਸਾਨਾਂ ਨੇ ਚੱਕਾ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸੁਰੱਖਿਆ ਦੇ ਮੱਦੇਨਜਰ ਪੁਲੀਸ ਵੱਲੋਂ ਥਾਂ-ਥਾਂ ’ਤੇ ਬੈਰੀਕੇਡਿੰਗ ਕੀਤੀ ਗਈ ਸੀ ਅਤੇ ਸਿਰਫ ਅਕਾਲੀ ਵਰਕਰਾਂ ਨੂੰ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਸੀ। ਪੁਲਿਸ ਨੇ ਸਵੇਰੇ ਹੀ ਕਿਰਤੀ ਕਿਸਾਨ ਯੂਨੀਅਨ ਦੀ ਦਫ਼ਤਰ ਵਿੱਚ ਛਾਪਾ ਮਾਰਿਆ ਅਤੇ ਕੁਝ ਕਿਸਾਨ ਆਗੂ ਪੁਲੀਸ ਨੇ ਹਿਰਾਸਤ ਵਿੱਚ ਵੀ ਲੈ ਲਏ ਸਨ। ਪੰਡਾਲ ਕੋਲ ਪੁੱਜਣ ਬਾਅਦ ਪੁਲੀਸ ਨੇ ਕਿਸਾਨਾਂ ’ਤੇ ਮੁੜ ਪੂਰੀ ਤਾਕਤ ਨਾਲ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪਥਰਾਅ ਕਾਰਨ ਕਈ ਪੁਲੀਸ ਮੁਲਾਜਮ ਵੀ ਜਖਮੀ ਹੋ ਗਏ। ਰੋਹ ਵਿੱਚ ਆਏ ਕਿਸਾਨਾਂ ਨੇ ਦਰਜਨ ਦੇ ਕਰੀਬ ਨਿੱਜੀ ਵਾਹਨਾਂ ਦੀ ਭੰਨਤੋੜ ਕੀਤੀ ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯਨੀਅਨ ਦੇ ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ।
ਇਹ ਵੀ ਜ਼ਿਕਰਯੋਗ ਹੈ ਕਿ ਪਿੰਡਾਂ ਵਿਚੋਂ ਜਦੋਂ ਕੋਈ ਟਕਸਾਲੀ ਅਕਾਲੀ ਪਰਿਵਾਰ ਆਪਣੀਆਂ ਗੱਡੀਆਂ ਵਿਚ ਸੁਖਬੀਰ ਬਾਦਲ ਦੀ ਰੈਲੀ ਵਿਚ ਪਹੰੁਚਣ ਲਈ ਮੋਗੇ ਵੱਲ ਨੂੰ ਤੁਰਨ ਲੱਗੇ ਤਾਂ ਪਿੰਡ ਦੇ ਲੋਕਾਂ ਨੇ ਹੀ ਰੈਲੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਵਿਰੋਧ ਕੀਤਾ ਅਤੇ ਪਿੰਡਾਂ ਦੀਆਂ ਗਲੀਆਂ ਅਤੇ ਮੋੜਾਂ ‘ਤੇ ਕਾਲੀਆਂ ਝੰਡੀਆਂ ਦਿਖਾ ਕੇ ਰੋਹ ਦਾ ਪ੍ਰਗਟਾਵਾ ਕੀਤਾ। ਅੱਜ ਦੇ ਇਕੱਠ ਵਿਚ ਕਿਸਾਨ ਆਗੂ ਲੱਖਾ ਸਿਧਾਣਾ ਵੀ ਪਹੁੰਚੇ ਹੋਏ ਸਨ।
ਜਦੋਂ ਲਾਠੀਚਾਰਜ ਵਿਚ ਜ਼ਖਮੀ ਹੋਏ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਬਾਵਜੂਦ ਪੁਲਿਸ ਨੇ ਕਿਸਾਨਾਂ ’ਤੇ ਡਾਗਾਂ ਦਾ ਮੀਂਹ ਵਰਾਇਆ ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੱੁਡੀਕੇ ਨੇ ਸਪੱਸ਼ਟ ਐਲਾਨ ਕੀਤਾ ਕਿ 8 ਤਰੀਕ ਤੱਕ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਕਿਸਾਨ ਪੱਕਾ ਮੋਰਚਾ ਲਾਉਣਗੇ।


