ਸੁਖਬੀਰ ਬਾਦਲ ਨੇ ਮੋਗਾ ਰੈਲੀ ਦੌਰਾਨ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਮੱਖਣ ਬਰਾੜ ਨੂੰ ਹਲਕਾ ਮੋਗਾ ਤੋਂ ਉਮੀਦਵਾਰ ਐਲਾਨਿਆਂ, ਅਕਾਲੀ ਖੇਮਿਆਂ ‘ਚ ਖੁਸ਼ੀ ਦੀ ਲਹਿਰ
ਮੋਗਾ, 2 ਸਤੰਬਰ (ਜਸ਼ਨ): ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ‘ਗੱਲ ਪੰਜਾਬ ਦੀ’ ਤਹਿਤ 100 ਦਿਨ 100 ਹਲਕਿਆਂ ‘ਚ ਕੀਤੀਆਂ ਜਾਣ ਵਾਲੀਆਂ ਚੋਣ ਰੈਲੀਆਂ ਦੀ ਲੜੀ ਵਿਚ ਅੱਜ ਸ. ਬਾਦਲ ਮੋਗਾ ਦੀ ਅਨਾਜ ਮੰਡੀ ਵਿਚ ਭਰਵੀਂ ਰੈਲੀ ਨੂੰ ਸੰਬੋਧਨ ਕਰਨ ਪੁੱਜੇ। ਰੈਲੀ ਦੌਰਾਨ ਜਿੱਥੇ ਸ. ਬਾਦਲ ਨੇ ਸੂਬੇ ਵਿਚ ਰਾਜ ਕਰ ਰਹੀ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦਾ ਜ਼ਿਕਰ ਕੀਤਾ ਉੱਥੇ ਉਹਨਾਂ ਨੇ ਇਹ ਤਰਕ ਸੰਗਤਾਂ ਦੇ ਮਨ ਵਿਚ ਬਿਠਾਉਣ ਦੀ ਪੁਰ ਕੋਸ਼ਿਸ਼ ਕੀਤੀ ਕਿ ਬੀ ਜੇ ਪੀ , ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਫੈਸਲੇ ਦਿੱਲੀ ਤੋਂ ਹੁੰਦੇ ਹਨ ਜਦਕਿ ਸ਼ੋ੍ਰਮਣੀ ਅਕਾਲੀ ਦਲ ਦੇ ਫੈਸਲੇ ਪੰਜਾਬ ਦੀ ਜਨਤਾ ਕਰਦੀ ਹੈ। ਉਹਨਾਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਲੋਕਾਂ ਨਾਲ ਜੋ ਵਾਅਦੇ ਕਰਦੀ ਹੈ ਉਹਨਾਂ ਨੂੰ ਇਨ ਬਿੰਨ ਪੂਰਾ ਕਰਦੀ ਹੈ । ਇਸ ਮੌਕੇ ਉਹਨਾਂ ਜਥੇਦਾਰ ਤੋਤਾ ਸਿੰਘ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਹਲਕਾ ਮੋਗਾ ਤੋਂ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰ ਐਲਾਨ ਦਿੱਤਾ। ਉਹਨਾਂ ਪੰਡਾਲ ਵਿਚ ਬੈਠੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੱਖਣ ਬਰਾੜ ਨੂੰ 25 ਹਜ਼ਾਰ ਵੋਟਾਂ ਦੀ ਲੀਡ ਨਾਲ ਜਿੱਤਾਉਣ । ਸ. ਸੁਖਬੀਰ ਬਾਦਲ ਵੱਲੋਂ ਮੱਖਣ ਬਰਾੜ ਦੇ ਮੋਗਾ ਤੋਂ ਉਮੀਦਵਾਰ ਐਲਾਨਣ ਉਪਰੰਤ ਪੰਡਾਲ ਵਿਚ ਬੈਠੇ ਲੋਕਾਂ ਨੇ ਜੈਕਰਿਆਂ ਨਾਲ ਇਸ ਐਲਾਨ ਦਾ ਸਵਾਗਤ ਕੀਤਾ। ਇਸ ਮੌਕੇ ਉਹਨਾਂ ਮੱਖਣ ਬਰਾੜ ਦੀ ਪਿੱਠ ਥਾਪੜਦਿਆਂ ਆਖਿਆ ਕਿ ਉਹ 10 ਥਾਵਾਂ ’ਤੇ ਜਾ ਕੇ ਆਏ ਨੇ ਪਰ ਜਿਨਾਂ ਇਕੱਠ ਮੱਖਣ ਬਰਾੜ ਦੀ ਰੈਲੀ ਵਿਚ ਹੋਇਆ ਇਨਾਂ ਕਿਤੇ ਨਹੀਂ ਹੋਇਆ । ਉਹਨਾਂ ਆਖਿਆ ਕਿ ਇਸ ਇਕੱਠ ਤੋਂ ਸਾਬਤ ਹੁੰਦਾ ਹੈ ਕਿ 22 ਵਿਚ ਸਰਕਾਰ ਤੁਹਾਡੀ ਹੀ ਬਣੇਗੀ।