ਵਾਤਾਵਰਣ ਪ੍ਰੇਮੀ ਬਲਵਿੰਦਰ ਸੰਘਾ ਨੇ ਮੋਗਾ ਸ਼ਹਿਰ ਵਿੱਚ ਟ੍ਰੀ ਗਾਰਡਾਂ ਸਮੇਤ 100 ਪੌਦੇ ਲਗਾਏ

ਬਲਵਿੰਦਰ ਸੰਘਾ ਵੱਲੋਂ ਵਾਤਾਵਰਣ ਬਚਾਉਣ ਲਈ ਕੀਤੀ ਜਾ ਰਹੀ ਸੇਵਾ ਮਹਾਨ ਹੈ - ਸੰਧੂ, ਲੂੰਬਾ
ਮੋਗਾ 29 ਅਗਸਤ (ਜਸ਼ਨ): ਉਘੇ ਵਾਤਾਵਰਣ ਪ੍ਰੇਮੀ ਬਲਵਿੰਦਰ ਸਿੰਘ ਸੰਘਾ ਨੈਸਲੇ ਵਾਸੀ ਪਿੰਡ ਦੁਸਾਂਝ ਵੱਲੋਂ ਪੰਜ ਪਿੰਡਾਂ ਦੀਆਂ ਫਿਰਨੀਆਂ ਤੇ 700 ਤੋਂ ਉਪਰ ਫਾਈਕਸ ਦੇ ਪੌਦੇ ਟ੍ਰੀ ਗਾਰਡਾਂ ਸਮੇਤ ਲਗਾਉਣ ਤੋਂ ਬਾਅਦ ਅੱਜ ਮੋਗਾ ਸ਼ਹਿਰ ਵਿੱਚ ਜੀ ਟੀ ਰੋਡ ਦੇ ਨਾਲ 100 ਨਿੰਮ ਦੇ ਪੌਦੇ ਟ੍ਰੀ ਗਾਰਡਾਂ ਸਮੇਤ ਲਗਾਏ ਗਏ। ਇਹ ਪੌਦੇ ਨੈਸਲੇ ਇੰਡੀਆ ਲਿਮਟਿਡ ਤੋਂ ਸ਼ੁਰੂ ਕਰਕੇ ਜਿਲ੍ਹਾ ਕਚਹਿਰੀਆਂ ਮੋਗਾ ਤੱਕ ਸੜਕ ਦੇ ਦੋਨੋਂ ਪਾਸੇ ਲਗਾਏ ਗਏ। ਪੌਦੇ ਲਗਾਉਣ ਦੀ ਸੇਵਾ ਦੀ ਸ਼ੁਰੂਆਤ ਕਰਦਿਆਂ ਨੈਸਲੇ ਇੰਪਲਾਈਜ ਯੂਨੀਅਨ ਮੋਗਾ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਸੰਧੂ, ਯੂਨੀਅਨ ਮੈਂਬਰਾਂ ਅਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਵਾਤਾਵਰਣ ਨੂੰ ਬਚਾਉਣ ਲਈ ਬਲਵਿੰਦਰ ਸਿੰਘ ਸੰਘਾ ਦੇ ਉਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਗੁਰੂ ਦੇ ਸੱਚੇ ਸਿੱਖ ਹੋਣ ਦਾ ਫਰਜ ਨਿਭਾ ਰਹੇ ਹਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚਲਦੇ ਹੋਏ ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਖੁਦ ਆਪਣੀ ਜੇਬ ਵਿੱਚੋਂ ਖਰਚ ਕਰ ਰਹੇ ਹਨ। ਉਹਨਾਂ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨਾ ਹਰ ਆਮ ਸ਼ਹਿਰੀ ਦਾ ਫਰਜ ਬਣਦਾ ਹੈ ਪਰ ਅਫਸੋਸ ਹੈ ਕਿ ਬਹੁਤ ਘੱਟ ਲੋਕ ਆਪਣਾ ਫਰਜ ਨਿਭਾ ਰਹੇ ਹਨ। ਉਹਨਾਂ ਬਲਵਿੰਦਰ ਸੰਘਾ ਨੂੰ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਬਲਵਿੰਦਰ ਸੰਘਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਟ੍ਰੀ ਗਾਰਡ ਖੁਦ ਆਪਣੇ ਘਰ ਵਿੱਚ ਤਿਆਰ ਕੀਤੇ ਜਾ ਰਹੇ ਹਨ ਤੇ ਪੌਦਿਆਂ ਨੂੰ ਪਾਣੀ ਦੇਣ ਲਈ ਇੱਕ ਮੋਬਾਈਲ ਟੈਂਕਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਪੌਦਿਆਂ ਦੀ ਦਰੱਖਤ ਬਣਨ ਤੱਕ ਸਾਂਭ ਸੰਭਾਲ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੱਡੇ ਪੌਦੇ ਲਗਾਏ ਜਾਣ, ਜੋ ਕਿ ਕਾਫੀ ਮਹਿੰਗੇ ਪੈਂਦੇ ਹਨ। ਉਹਨਾਂ ਐਨ ਆਰ ਆਈ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੇ ਮਨ ਵਿੱਚ ਆਪਣੇ ਪਿੰਡ ਨੂੰ ਸੁੰਦਰ ਬਨਾਉਣ ਦਾ ਵਿਚਾਰ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਪੌਦੇ ਲਗਾਉਣ ਦੀ ਇਸ ਸੇਵਾ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਝੰਡੇਆਣਾ ਸ਼ਰਕੀ ਦੇ ਨੌਜਵਾਨਾਂ ਨੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਉਕਤ ਤੋਂ ਇਲਾਵਾ ਗੁਰਦੀਪ ਸਿੰਘ ਸੰਧੂ ਜਰਨਲ ਸਕੱਤਰ ਨੈਸਲੇ ਇਪਲਾਈਜ ਯੂਨੀਅਨ, ਸਿਮਰਨਜੀਤ ਸਿੰਘ ਵਾਈਸ ਪ੍ਰਧਾਨ, ਦਵਿੰਦਰ ਸਿੰਘ ਸਾਬਕਾ ਪ੍ਰਧਾਨ, ਗੁਰਦੀਪ ਸਿੰਘ ਬਰਾੜ, ਸੰਤੋਖ ਸਿੰਘ, ਸੇਵਕ ਸਿੰਘ ਝੰਡੇਵਾਲਾ, ਰਮਨਦੀਪ ਸਿੰਘ ਤੇਜੀ ਕਾਲੇਕੇ, ਨਿਰਮਲ ਸਿੰਘ ਭਾਰਤੀ ਕਿਸਾਨ ਯੂਨੀਅਨ ਦੁਸਾਂਝ, ਕਾਕਾ ਸਿੰਘ ਦੁਸਾਂਝ, ਦਸ਼ਮੇਸ਼ ਸਪੋਰਟਸ ਕਲੱਬ ਝੰਡੇਆਣਾ ਸ਼ਰਕੀ ਦੇ ਪ੍ਰਧਾਨ ਸੁਖਦੀਪ ਸਿੰਘ ਸੀਪਾ, ਮਨਮੋਹਨ ਸਿੰਘ ਸੇਖੋਂ, ਪ੍ਰਮੇਸ਼ਰ ਸਿੰਘ, ਰਣਦੀਪ ਸਿੰਘ ਅਤੇ ਹਰਜਿੰਦਰ ਸਿੰਘ ਝੰਡੇਆਣਾ ਆਦਿ ਹਾਜਰ ਸਨ।


