‘ਭੈਣ ਭਰਾਵਾਂ ਦੇ ਗੂੜ੍ਹੇ ਪਿਆਰ ਦਾ ਪ੍ਰਤੀਕ ਹੈ ਰੱਖੜੀ ਦਾ ਤਿਓਹਾਰ’ : ਸਿਟੀ ਪ੍ਰਧਾਨ ਜਤਿੰਦਰ ਅਰੋੜਾ

ਮੋਗਾ, 21 ਅਗਸਤ (ਜਸ਼ਨ): ‘ ਭੈਣ ਭਰਾਵਾਂ ਦੇ ਗੂੜ੍ਹੇ ਪਿਆਰ ਦਾ ਪ੍ਰਤੀਕ ਹੈ ਰੱਖੜੀ ਦਾ ਤਿਓਹਾਰ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸਿਟੀ ਪ੍ਰਧਾਨ ਜਤਿੰਦਰ ਅਰੋੜਾ ਨੇ ਰੱਖੜੀ ਦੇ ਪਵਿੱਤਰ ਤਿਓਹਾਰ ’ਤੇ ਮੋਗਾ ਵਾਸੀਆਂ ਨੂੰ ਵਧਾਈ ਦਿੰਦਿਆਂ ਕੀਤਾ। ਅਰੋੜਾ ਨੇ ਆਖਿਆ ਕਿ ਰੱਖੜੀ ਦਾ ਭਾਵ ਸੁਰੱਖਿਆ ਬੰਧਨ ਹੈ ਅਤੇ ਭੈਣਾਂ ਅਤੇ ਭਰਾਵਾਂ ਨੂੰ ਸਮਰਪਿਤ ਇਸ ਤਿਉਹਾਰ ‘ਤੇ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਧਾਗਾ ਬੰਨ੍ਹਦੀਆਂ ਹਨ ਅਤੇ ਉਸਦੀ ਲੰਬੀ ਅਤੇ ਖੁਸ਼ਹਾਲ ਜ਼ਿੰਦਗੀ ਲਈ ਅਰਦਾਸ ਕਰਦੀਆਂ ਹਨ । ਉਹਨਾਂ ਆਖਿਆ ਕਿ ਬਦਲੇ ‘ਚ, ਭਰਾ ਆਪਣੀ ਪਿਆਰੀ ਭੈਣ ਨੂੰ ਪਿਆਰ ਦੇ ਨਾਲ ਨਾਲ ਉਸ ਦੀ ਰੱਖਿਆ ਲਈ ਵਚਨਬੱਧਤਾ ਪ੍ਰਗਟਾਉਂਦਾ ਹੈ। ਜਤਿੰਦਰ ਅਰੋੜਾ ਨੇ ਆਖਿਆ ਕਿ ਭੈਣਾਂ ਚਾਹੇ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਵਿਚ ਚਲੀਆਂ ਜਾਂਦੀਆਂ ਹਨ ਪਰ ਉਹ ਹਮੇਸ਼ਾਂ ਆਪਣੇ ਭਰਾ ਲਈ ਸੁੱਖਾਂ ਮੰਗਦੀਆਂ ਹਨ, ਇਸ ਲਈ ਰੱਖੜੀ ਦੇ ਤਿਓਹਾਰ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਸਾਨੂੰ ਇਹ ਅਹਿਦ ਲੈਣਾ ਚਾਹੀਦਾ ਹੈ ਕਿ ਆਪਾਂ ਜ਼ਿੰਦਗੀ ਦੇ ਹਰ ਮੋੜ ’ਤੇ ਵੀ ਇਸ ਰੱਖੜੀ ਦੇ ਬੰਧਨ ਨੂੰ ਹੋਰ ਮਜਬੂਤ ਕਰੀਏ ਤਾਂ ਕਿ ਜੁਗਾਂ ਜੁਗਾਂ ਤੱਕ ਭੈਣ ਭਰਾਵਾਂ ਦੀ ਇਹ ਆਪਸੀ ਸਾਂਝ ਬਣੀ ਰਹੇ।
ਕੈਪਸ਼ਨ: ਜਤਿੰਦਰ ਅਰੋੜਾ (ਸਿਟੀ ਪ੍ਰਧਾਨ ਕਾਂਗਰਸ)


