ਹੁਣ ਖ਼ੁਦ ਸਰਕਾਰ 'ਚ ਨੇ ਨਵਜੋਤ ਸਿੱਧੂ, ਤੁਰੰਤ ਪੂਰੇ ਕਰਨ ਅਧੂਰੇ ਚੋਣ ਵਾਅਦੇ: ਰਾਘਵ ਚੱਢਾ

ਚੰਡੀਗੜ੍ਹ, 13 ਅਗਸਤ (ਜਸ਼ਨ):  ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਕਾਂਗਰਸ ਦੇ 2017 ਦੇ ਅਧੂਰੇ ਪਏ ਸਾਰੇ  ਚੋਣ ਵਾਅਦੇ ਤੁਰੰਤ ਪੂਰੇ ਕਰਨ ਦੀ ਮੰਗ ਕੀਤੀ ਹੈ। ਚਿੱਠੀ ਦੇ ਨਾਲ ਹੀ 2017 ਮੌਕੇ ਕਾਂਗਰਸ ਦਾ 129 ਪੰਨਿਆਂ ਦਾ ਚੋਣ ਮੈਨੀਫੈਸਟੋ ਵੀ ਨੱਥੀ ਕੀਤਾ ਅਤੇ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਨੇ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ਆਪ ਆਗੂ ਨੇ ਨਵਜੋਤ ਸਿੰਘ ਸਿੱਧੂ ਨੂੰ ਮੁਬਾਰਕਬਾਦ ਦੇ ਨਾਲ-ਨਾਲ ਨਸੀਹਤਾਂ ਵੀ ਦਿੱਤੀਆਂ ਹਨ।

ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਵਿਚ 'ਆਪ' ਵਿਧਾਇਕ ਜੈ ਸਿੰਘ ਰੋੜੀ ਅਤੇ ਬੁਲਾਰੇ ਨੀਲ ਗਰਗ  ਦੀ ਮੌਜੂਦਗੀ 'ਚ ਰਾਘਵ ਚੱਢਾ ਨੇ ਨਵਜੋਤ ਸਿੱਧੂ ਨੂੰ ਮਖ਼ਾਤਿਵ ਹੁੰਦਿਆਂ ਕਿਹਾ, ''ਕੁਰਸੀ ਅਤੇ ਸੱਤਾ ਲਈ ਲੜੀ ਲੰਬੀ ਲੜਾਈ ਤੋਂ ਬਾਅਦ ਮਿਲੀ ਜਿੱਤ ਦੀਆਂ ਬਹੁਤ- ਬਹੁਤ ਮੁਬਾਰਕਾਂ! ਤੁਹਾਨੂੰ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਚਾਹੀਦੀ ਸੀ, ਜੋ ਤੁਹਾਨੂੰ ਮਿਲ ਗਈ। ਹਾਈਕਮਾਨ ਦਾ ਸਾਥ ਤੁਹਾਡੇ ਨਾਲ ਹੈ। ਕਾਂਗਰਸ ਦੇ ਸਾਰੇ ਵਿਧਾਇਕਾਂ ਦਾ ਸਮਰਥਨ ਤੁਹਾਡੇ ਨਾਲ ਹੈ। ਕਾਂਗਰਸ ਦੇ ਵਰਕਰਾਂ ਦਾ ਵਿਸ਼ਵਾਸ ਤੁਹਾਡੇ ਵੀ ਨਾਲ ਹੈ। ਹੁਣ ਕਾਂਗਰਸ ਵੀ ਤੁਸੀਂ ਹੋ ਅਤੇ ਪੰਜਾਬ ਸਰਕਾਰ ਵੀ ਤੁਸੀਂ ਹੋ। ਇਸ ਲਈ ਕਾਂਗਰਸ ਦੇ 2017 ਦੇ 129 ਪੰਨਿਆਂ ਦੇ ਅਧੂਰੇ ਪਏ ਸਾਰੇ ਚੋਣ ਵਾਅਦੇ ਪੂਰੇ ਕਰਨ ਦੀ ਜ਼ਿੰਮੇਵਾਰੀ ਵੀ ਸਿੱਧੂ ਸਾਹਿਬ ਤੁਹਾਡੀ ਹੈ।''
ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨੂੰ ਨਸੀਹਤ ਦਿੰਦਿਆਂ ਰਾਘਵ ਚੱਢਾ ਨੇ ਅੱਗੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਵਿਰੋਧੀ ਧਿਰ ਦੇ ਨੇਤਾ ਵਾਂਗ ਵਿਚਰਨਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਨਵਜੋਤ ਸਿੱਧੂ ਸੱਤਾਧਾਰੀ ਕਾਂਗਰਸ ਦਾ ਕੇਵਲ ਹਿੱਸਾ ਹੀ ਨਹੀਂ, ਸਗੋਂ ਪ੍ਰਧਾਨ ਵੀ ਹਨ ਅਤੇ ਸਮੁੱਚੀ ਸੂਬਾ ਸਰਕਾਰ ਉਨ੍ਹਾਂ ਦੇ ਅਧੀਨ ਹੈ। ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਿੱਧੂ ਨੂੰ ਸਾਰੇ ਵਾਅਦੇ ਆਉਂਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪੂਰੇ ਕਰਨੇ ਪੈਣਗੇ, ਕਿਉਂਕਿ  ਸਾਢੇ ਚਾਰ ਸਾਲਾਂ 'ਚ ਕਾਂਗਰਸ ਆਪਣੇ ਚੋਣ ਮੈਨੀਫੈਸਟੋ ਦਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ।
ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਨੂੰ ਵਰਜਦਿਆਂ ਕਿਹਾ ਕਿ ਉਹ ਇਹ ਕਹਿਕੇ ਲੋਕਾਂ ਨੂੰ ਦੁਬਾਰਾ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿ ਅਗਲੀ ਸਰਕਾਰ ਕਾਂਗਰਸ ਦੀ ਬਣਾਓ, ਸਾਰੇ ਵਾਅਦੇ ਪੂਰੇ ਹੋਣਗੇ। ਚੱਢਾ ਨੇ ਤੰਜ ਕਰਦਿਆਂ ਕਿਹਾ, ''ਸਿੱਧੂ ਸਾਹਬ ਮੌਜੂਦਾ ਸਰਕਾਰ ਤੁਹਾਡੀ ਕਾਂਗਰਸ ਦੀ ਸਰਕਾਰ ਹੈ ਅਤੇ ਤੁਹਾਡੇ ਕੋਲ ਵਾਅਦੇ ਪੂਰੇ ਕਰਨ ਲਈ ਸਿਰਫ਼ 6 ਮਹੀਨੇ ਬੱਚੇ ਹਨ।
ਚੱਢਾ ਨੇ ਨਵਜੋਤ ਸਿੱਧੂ ਨੂੰ ਯਾਦ ਕਰਾਉਂਦਿਆਂ ਕਿਹਾ ਕਿ 2017 ਦੀਆਂ ਚੋਣਾਂ ਵੇਲੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਹੱਥ 'ਚ ਸ਼੍ਰੀ ਗੁਟਕਾ ਸਾਹਿਬ ਫੜ ਕੇ ਵੱਡੇ- ਵੱਡੇ ਵਾਅਦੇ ਕੀਤੇ ਸਨ। ਉਸੇ ਕਾਂਗਰਸ ਪਾਰਟੀ ਦੇ ਸਿੱਧੂ ਸਟਾਰ ਪ੍ਰਚਾਰਕ ਸਨ ਅਤੇ ਉਨ੍ਹਾਂ ਨੇ ਹੀ ਕਾਂਗਰਸ ਪਾਰਟੀ ਦੇ ਵਾਅਦਿਆਂ ਨੂੰ ਘਰ- ਘਰ ਲੋਕਾਂ ਤੱਕ ਪਹੁੰਚਾਉਣ ਦਾ ਕਾਰਜ ਕੀਤਾ ਸੀ। ਸਗੋਂ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਹ ਕੈਬਨਿਟ ਮੰਤਰੀ ਵੀ ਰਹੇ, ਪਰ ਅਫ਼ਸੋਸ ਕਾਂਗਰਸ ਸਰਕਾਰ ਨੇ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ।
ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲਾਂ ਦੌਰਾਨ ਨਾ ਨਸ਼ੇ ਦੇ ਮਗਰਮੱਛ ਜੇਲ੍ਹ ਗਏ, ਨਾ ਬੇਅਦਬੀ ਦਾ ਇਨਸਾਫ਼ ਮਿਲਿਆ, ਨਾ ਮਾਫ਼ੀਆ ਰਾਜ ਖ਼ਤਮ ਹੋਇਆ ਅਤੇ ਨਾ ਹੀ ਮੁਲਾਜ਼ਮਾਂ ਦੇ ਮਸਲੇ ਹੱਲ ਹੋਏ ਅਤੇ ਇਹ ਗੱਲਾਂ ਨਵਜੋਤ ਸਿੱਧੂ ਵੀ ਆਖਦੇ ਹਨ। ਉਨ੍ਹਾਂ ਨਵਜੋਤ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਘੋਸ਼ਣਾ ਪੱਤਰ 'ਚ ਲਿਖੇ 9 ਨੁਕਤਿਆਂ ਅਤੇ ਕਾਂਗਰਸ ਹਾਈਕਮਾਨ ਵੱਲੋਂ ਦਿੱਤੇ 18 ਨੁਕਤਿਆਂ ਦੀ ਖੇਡ ਖੇਲ੍ਹ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਅਸਫਲ ਕੋਸ਼ਿਸ਼ ਨਾ ਕਰੋ। ਚੱਢਾ ਨੇ ਕਿਹਾ ਕਿ ਨਵਜੋਤ ਸਿੱਧੂ ਜੇਕਰ ਚੋਣ ਵਾਅਦੇ ਪੂਰੇ ਨਹੀਂ ਕਰਦੇ ਤਾਂ ਪੰਜਾਬ ਦੇ ਲੋਕ ਸਿੱਧੇ ਤੌਰ 'ਤੇ ਮੰਨਣਗੇ ਕਿ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਲੜਾਈ ਕੇਵਲ ਕੁਰਸੀ ਦੀ ਲੜਾਈ ਸੀ, ਨਾ ਕਿ ਪੰਜਾਬ ਦੇ ਖ਼ੁਸ਼ਹਾਲੀ ਅਤੇ ਮੁੱਦਿਆਂ ਦੀ।