ਵਿਧਾਇਕ ਡਾ: ਹਰਜੋਤ ਕਮਲ ਦੀ ਲੋਕਪਿ੍ਰਅਤਾ ਨੂੰ ਬੂਰ ਪਿਆ, ਹੋਰਨਾਂ ਪਾਰਟੀਆਂ ਦੇ ਆਗੂ ਹੋਣ ਲੱਗੇ ਕਾਂਗਰਸ ‘ਚ ਸ਼ਾਮਲ

Tags: 

*ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਲਕੀਤ ਸਿੰਘ ਸਾਬਕਾ ਮੈਂਬਰ ਅਤੇ ਗੁਰਪ੍ਰੀਤ ਮੱਲੀ ਪਰਿਵਾਰਾਂ ਸਮੇਤ ਕਾਂਗਰਸ ‘ਚ ਸ਼ਾਮਲ 

ਮੋਗਾ, 9 ਅਗਸਤ (ਜਸ਼ਨ): ‘ਜਿਵੇਂ ਜਿਵੇਂ ਮਿਸ਼ਨ 2022 ਨਜ਼ਦੀਕ ਆ ਰਿਹੈ ਕਾਂਗਰਸ ਦੀ ਸਥਿਤੀ ਮਜਬੂਤੀ ਵੱਲ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ 2017 ਦੇ ਚੋਣ ਮੈਨੀਫੈਸਟੋ ਵਿਚ ਲੋਕਾਂ ਨਾਲ ਕੀਤੇ ਸਨ ਉਹਨਾਂ ’ਤੇ ਪੂਰਨ ਅਮਲ ਹੋਇਆ ਹੈ ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਅਤੇ ਸੁਸਾਇਟੀ ਪ੍ਰਧਾਨ ਗੁਰਚਰਨ ਸਿੰਘ ਚੜਿੱਕ ਨੇ ਮੋਗਾ ਵਿਖੇ ਕੀਤਾ ਜਦੋਂ ਪਿੰਡ ਜੈਤੋ ਖੋਸਾ ਚੜਿੱਕ ਦੀ ਪ੍ਰੇਰਨਾਂ ਨਾਲ ਪਿੰਡ ਦੇ ਦੋ ਪਰਿਵਾਰ ਜੋ ਲੰਬੇ ਸਮੇਂ ਤੋਂ ਅਕਾਲੀ ਖੇਮੇਂ ਵਿਚ ਸਨ, ਨੇ ਵਿਧਾਇਕ ਡਾ: ਹਰਜੋਤ ਕਮਲ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ। ਗੁਰਚਰਨ ਸਿੰਘ ਚੜਿੱਕ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਨੇ ਵਿਧਾਇਕ ਬਣਨ  ਉਪਰੰਤ ਉਹਨਾਂ ਦੇ ਪਿੰਡ ਦੇ ਵਿਕਾਸ ਲਈ ਲਗਾਤਾਰ ਗਰਾਟਾਂ ਜਾਰੀ ਕਰਦਿਆਂ ਵੱਡੇ ਕੰਮ ਕਰਵਾਏ ਹਨ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਮੈਂਬਰ ਮਲਕੀਤ ਸਿੰਘ ਅਤੇ ਗੁਰਪ੍ਰੀਤ ਮੱਲ੍ਹੀ ਨੇ ਆਖਿਆ ਕਿ ਉਹ ਲੰਬੇ ਸਮੇਂ ਤੋਂ ਸ਼ੋ੍ਰਮਣੀ ਅਕਾਲੀ ਦਲ ਲਈ ਕੰਮ ਕਰਦੇ ਰਹੇ ਪਰ ਉਹਨਾਂ ਨੂੰ ਪਾਰਟੀ ਤੋਂ ਨਿਰਾਸ਼ਤਾ ਹੀ ਪੱਲੇ ਪਈ। ਉਹਨਾਂ ਆਖਿਆ ਕਿ ਕਾਂਗਰਸ ਦੇ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਚੜਿੱਕ ਦੀ ਸਹਾਇਤਾ ਨਾਲ ਉਹਨਾਂ ਨੂੰ ਅਤੇ ਪਿੰਡ ਦੇ ਹੋਰ ਕਿਸਾਨਾਂ ਨੂੰ ਕਾਂਗਰਸ ਦੇ ਰਾਜ ਵਿਚ ਨਰੇਗਾ ਤਹਿਤ ਕੰਮ ਵੀ ਮਿਲਿਆ ਅਤੇ ਕਿਸਾਨਾਂ ਦਾ 2-2 ਲੱਖ ਰੁਪਏ ਦਾ ਕਰਜ਼ਾ ਵੀ ਮੁਆਫ਼ ਕੀਤਾ ਗਿਆ। ਉਹਨਾਂ ਆਖਿਆ ਕਿ ਇਸੇ ਕਾਰਨ ਉਹਨਾਂ ਨੇ ਅੱਜ ਫੈਸਲਾ ਕੀਤਾ ਕਿ ਜਿਹੜੀ ਪਾਰਟੀ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਦੀ ਹੈ ਉਸੇ ਵਿਚ ਹੀ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਪਿੰਡ ਦਾ ਸਰਬਪੱਖੀ ਵਿਕਾਸ ਹੋ ਸਕੇ। ਉਹਨਾਂ ਅਕਾਲੀ ਦਲ ਪ੍ਰਤੀ ਆਪਣਾ ਰੋਸ ਜ਼ਾਹਰ ਕਰਦਿਆਂ ਇਹ ਵੀ ਆਖਿਆ ਕਿ ਅਕਾਲੀਆਂ ਦੇ ਰਾਜ ਵਿਚ ਉਹਨਾਂ ਨੂੰ ਕਿਸੇ ਕਿਸਮ ਦੀ ਪੈਨਸ਼ਨ ਦਾ ਲਾਭ ਨਹੀਂ ਮਿਲਿਆ ਅਤੇ ਨਾ ਹੀ ਨਰੇਗਾ ਤਹਿਤ ਕਿਸੇ ਵੀ ਵਿਅਕਤੀ ਨੂੰ ਕੰਮ ਮਿਲਿਆ ।  ਕਾਂਗਰਸ ਵਿਚ ਸ਼ਾਮਲ ਹੋਏ ਇਹਨਾਂ ਦੋਨਾਂ ਪਰਿਵਾਰਾਂ ਦੇ ਮੁਖੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਵਿਸ਼ਵਾਸ਼ ਦਿਵਾਇਆ ਕਿ ਹੁਣ ਉਹ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਕਾਂਗਰਸ ਦੀਆਂ ਸੁਹਿਰਦ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਪਾਰਟੀ ਨਾਲ ਨਵੇਂ ਜੁੜ ਰਹੇ ਪਰਿਵਾਰਾਂ ਨੂੰ ਪਾਰਟੀ ਵਿਚ ਜੀ ਆਇਆਂ ਆਖਦੇ ਹਨ ਅਤੇ ਉਹਨਾਂ ਹਲਕਾ ਮੋਗਾ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਕਾਸ ਦੇ ਆਧਾਰ ’ਤੇ ਆਗੂਆਂ ਅਤੇ ਪਾਰਟੀਆਂ ਦਾ ਨਿਰੀਖਣ ਕਰਨ ਤਾਂ ਕਿ ਮੋਗਾ ਸਮੇਤ ਪੰਜਾਬ ਨੂੰ ਹੋਰ ਉਚੇਰੀਆਂ ਮੰਜ਼ਿਲ੍ਹਾਂ ਵੱਲ ਲਿਜਾੲਆ ਜਾ ਸਕੇ।  ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਸਾਬਕਾ ਮੈਂਬਰ ਮਲਕੀਤ ਸਿੰਘ ਅਤੇ ਗੁਰਪ੍ਰੀਤ ਮੱਲ੍ਹੀ ਨੂੰ ਸਨਮਾਨਿਤ ਕੀਤਾ । ਇਸ ਮੌਕੇ ਸਾਬਕਾ ਸਰਪੰਚ ਗੁਰਦੇਵ ਸਿੰਘ ਵੀ ਹਾਜ਼ਰ ਸਨ।