ਨੈਸ਼ਨਲ ਲੋਕ ਅਦਾਲਤ ਦੇ ਸਬੰਧ ਵਿਚ ਸੈਸ਼ਨ ਜੱਜ ਮੋਗਾ ਵੱਲੋਂ ਵੱਖ ਵੱਖ ਅਦਾਰਿਆਂ ਨਾਲ ਕੀਤੀ ਗਈ ਮੀਟਿੰਗ

ਮੋਗਾ, 7 ਅਗਸਤ (ਜਸ਼ਨ): ਮਾਣਯੋਗ ਸ਼੍ਰੀ ਅਜੇ ਤਿਵਾੜੀ , ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਕਾਰਕਾਰੀ ਚੇਅਰਮੈਨ , ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀਮਤੀ ਮਨਦੀਪ ਪੰਨੂ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਨੈਸ਼ਨਲ ਲੋਕ ਅਦਾਲਤ 11 ਸਤੰਬਰ ਦੇ ਸਬੰਧ ਵਿਚ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਅਦਾਰਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ’ਤੇ ਮਾਣਯੋਗ ਸੈਸ਼ਨ ਜੱਜ ਮੋਗਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ 11 ਸਤੰਬਰ ਨੂੰ ਲੱਗਣ ਵਾਲੀ ਲੋਕ ਅਦਾਲਤ ਵਿਚ ਐਨ ਆਈ ਐਕਟ ਕੇਸ,  ਰਿਕਵਰੀ ਕੇਸ, ਲੇਬਰ ਕੇਸ, ਬਿਜਲੀ, ਪਾਣੀ , ਅਦਾਇਗੀ ਦੇ ਬਿੱਲ , ਮੈਨਟੇਨਸ ਕੇਸ , ਮੋਟਰ ਐਕਸੀਡੈਂਟ ਕੇਸ, ਜ਼ਮੀਨੀ ਝਗੜੇ ਅਤੇ ਹਰ ਤਰਾਂ ਦੇ ਸਿਵਲ ਅਤੇ ਛੋਟੇ ਅਪਰਾਧਿਕ ਮਾਮਲੇ , ਪਰਿਵਾਰਕ ਝਗੜੇ ਆਦਿ ਕੇਸ ਲਗਾਏ ਜਾ ਸਕਦੇ ਹਨ। ਸੈਸ਼ਨ ਜੱਜ ਮੋਗਾ ਨੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਮੋਗਾ ਜ਼ਿਲ੍ਹੇ ‘ਚ 11 ਅਗਸਤ , 25 ਅਗਸਤ ਅਤੇ 7 ਸਤੰਬਰ ਨੂੰ ਪ੍ਰੀ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ ਅਤੇ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਪ੍ਰੀ ਲਿਟੀਗੇਟਿਵ ਕੇਸ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਵਿਖੇ ਜਮ੍ਹਾਂ ਕਰਵਾਉਣ ਅਤੇ ਉਹਨਾਂ ਕੇਸਾਂ ਲਈ ਸਪੈਸ਼ਲ ਪ੍ਰੀ ਲੋਕ ਅਦਾਲਤ 24 ਅਗਸਤ ਨੂੰ ਲਗਾਈ ਜਾ ਰਹੀ ਹੈ ਤਾਂ ਜੋ ਸਮੇਂ ਸਿਰ ਕੇਸਾਂ ਦਾ ਨਿਪਟਾਰਾ ਹੋ ਸਕੇ ਅਤੇ ਲੋਕਾਂ ਨੂੰ ਕਰਜ਼ੇ ਤੋਂ ਨਿਯਮਾਂ ਅਨੁਸਾਰ ਛੁਟਕਾਰਾ ਮਿਲ ਸਕੇ। ਮੀਟਿੰਗ ਦੌਰਾਨ ਮਾਣਯੋਗ ਸੈਸ਼ਨ ਜੱਜ ਮੋਗਾ ਨੇ ਬੀਮਾਂ ਕੰਪਨੀਆਂ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੇ ਆਪਣੇ ਅਦਾਰੇ ਦੇ ਐੱਮ ਏ ਸੀ ਟੀ ਕੇਸਾਂ ਦੀ ਸੂਚੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੂੰ ਜਮ੍ਹਾ ਕਰਵਾਉਣ ਤਾਂ ਜੋ ਉਹਨਾਂ ਕੇਸਾਂ ਨੂੰ ਸੂਚੀਬੱਧ ਕਰਕੇ ਲੋਕ ਅਦਾਲਤਾਂ ਵਿਖੇ ਕੇਸਾਂ ਦਾ ਫੈਸਲਾ ਕਰਵਾ ਸਕੇ। ਇਸ ਮੌਕੇ ਸ਼੍ਰੀ ਅਮਰੀਸ਼ ਕੁਮਾਰ ਸਕੱਤਰ ਜ਼ਿਲ੍ਹਾ ਕਾੂਨੀ ਸੇਵਾਵਾਂ ਅਥਾਰਟੀ ਮੋਗਾ ਵੀ ਮੀਟਿੰਗ ‘ਚ ਮੌਜੂਦ ਰਹੇ। ਇਹ ਮੀਟਿੰਗ ਲੀਡ ਬੈਂਕ ਮੈਨੇਜਰ, ਬੈਂਕਾਂ ਦੇ ਮੈਨੇਜਰ , ਬੀਮਾ ਕੰਪਨੀਆਂ ਦੇ ਮੈਨੇਜਰ, ਬਿਜਲੀ ਮਹਿਕਮੇਂ ਦੇ ਅਧਿਕਾਰੀ, ਟੈਲੀਕੌਮ ਕੰਪਨੀ ਦੇ ਅਧਿਕਾਰੀ , ਨਗਰ ਨਿਗਮ ਦੇ ਅਧਿਕਾਰੀ , ਲੇਬਰ ਕਮਿਸ਼ਨਰ ਆਦਿ ਨੇ ਮੀਟਿੰਗ ਵਿਚ ਹਿੱਸਾ ਲਿਆ।