ਨਵਜੋਤ ਸਿੰਘ ਸਿੱਧੂ ਦੀ ਮੋਗਾ ਆਮਦ ਮਿਸ਼ਨ 2022 ਦੀ ਕਾਮਯਾਬੀ ਦਾ ਮੁੱਢ ਬੰਨ੍ਹੇਗੀ : ਨਵੀਨ ਸਿੰਗਲਾ

ਮੋਗਾ, 3  ਅਗਸਤ (ਜਸ਼ਨ):  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੋਗਾ ਆਮਦ, ਮਿਸ਼ਨ 2022 ਦੀ ਕਾਮਯਾਬੀ ਦਾ ਮੁੱਢ ਬੰਨ੍ਹੇਗੀ ਅਤੇ ਕਾਂਗਰਸ ਵਿਧਾਨ ਸਭਾ ਚੋਣਾਂ 2022 ਉਪਰੰਤ ਹੂੰਝਾ ਫੇਰ ਜਿੱਤ ਹਾਸਿਲ ਕਰਦਿਆਂ ਮੁੜ ਤੋਂ ਪੰਜਾਬ ਵਿਚ ਸਰਕਾਰ ਬਣਾ ਕੇ ਪੰਜਾਬ ਨੂੰ ਦੇਸ਼ ਦਾ ਅਵਲ ਸੂਬਾ ਬਣਾਉਣ ਵਿਚ ਸਫਲ ਹੋਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਨਵੀਨ ਸਿੰਗਲਾ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਨਵੀਨ ਸਿੰਗਲਾ ਨੇ ਆਖਿਆ ਕਿ   ਸ. ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਨਣ ਉਪਰੰਤ ਕਾਂਗਰਸ ਨੂੰ ਮਜਬੂਤ ਕਰਨ ਅਤੇ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਯੋਜਨਾਵਾਂ ਦਾ ਲਾਹਾ ਘਰ ਘਰ ਪਹੁੰਚਾਉਣ ਦੇ ਮਕਸਦ ਨਾਲ ਤੇਜ਼ ਹੋਏ ਮੀਟਿੰਗਾਂ ਦੇ ਸਿਲਸਲੇ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ 5 ਅਗਸਤ ਦਿਨ ਵੀਰਵਾਰ ਨੂੰ ਮੋਗਾ ਦੇ ਲੋਕਾਂ ਨੂੰ ਆਪਣਾ ਸੁਨੇਹਾ ਦੇਣ ਲਈ ਸਵੇਰੇ 10 ਵਜੇ ਪਰਾਈਮ ਫਾਰਮ ਵਿਚ ਪਹੁੰਚ ਰਹੇ ਹਨ । ਉਹਨਾਂ ਆਖਿਆ ਕਿ ਪੰਜਾਬ ਨੂੰ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ  ਵੱਲ ਲੈ ਜਾਣ ਲਈ ਕਾਂਗਰਸੀ ਵਰਕਰਾਂ ਨੂੰ ਇਕਜੁੱਟ ਹੋ ਕੇ  ਲੋਕਾਂ ਦਾ ਸਹਿਯੋਗ ਲੈਣ ਲਈ ਪ੍ਰੇਰਤ ਕਰਨ ਵਾਸਤੇ ਅਤੇ ਵਰਕਰਾਂ ਵਿਚ ਨਵਾਂ ਜੋਸ਼ ਭਰਨ ਦੇ ਮਕਸਦ ਨਾਲ  ਜ਼ਿਲ੍ਹਾ ਵਾਰ  ਮੀਟਿੰਗਾਂ ਦੇ ਦੌਰ ਵਿਚ ਸ੍ਰੀ ਸਿੱਧੂ ਨੇ ਮੋਗਾ ਜ਼ਿਲ੍ਹੇ ਨੂੰ ਪਹਿਲ ਦੇ ਕੇ ਮੋਗਾ ਜ਼ਿਲੇ ਦੇ ਵਰਕਰਾਂ ਨੂੰ ਵੱਡਾ ਮਾਣ ਬਖਸ਼ਿਆ ਹੈ ਜਿਸ ਲਈ ਮੋਗੇ ਵਾਲੇ ਸਿੱਧੂ ਸਾਬ੍ਹ ਦਾ ਮਾਣ ਰੱਖਦਿਆਂ, ਮੋਗਾ ਜ਼ਿਲ੍ਹੇ ਦੀਆਂ ਚਾਰੇ ਵਿਧਾਨ ਸਭਾ ਸੀਟਾਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਇਤਿਹਾਸਿਕ ਜਿੱਤ ਦਿਵਾਉਣ ਵਿਚ ਰਾਤ ਦਿਨ ਇਕ ਕਰ ਦੇਣਗੇ।