2 ਅਗਸਤ ਨੂੰ ਹੋਣ ਵਾਲੀ ਨਿਗਮ ਹਾਊਸ ਦੀ ਪਹਿਲੀ ਮੀਟਿੰਗ ‘ਚ 21 ਕਰੋੜ ਦੇ ਕਰੀਬ ਹੋਣ ਵਾਲੇ ਕੰਮਾਂ ‘ਚ ਗੈਰ ਕਾਂਗਰਸੀ ਵਾਰਡਾਂ ਨਾਲ ਹੋਇਆ ਮਤਰੇਈ ਮਾਂ ਵਾਲਾ ਸਲੂਕ

* ਕੌਂਸਲਰਾਂ ਨੇ ਜ਼ਰੂਰੀ ਕੰਮਾਂ ਨੂੰ ਏਜੰਡੇ ਵਿਚ ਸ਼ਾਮਲ ਕਰਨ ਲਈ ਮੇਅਰ ਨੂੰ ਸੌਂਪਿਆਂ ਮੰਗ ਪੱਤਰ
ਮੋਗਾ, 30 ਜੁਲਾਈ (ਜਸ਼ਨ) : 2 ਅਗਸਤ ਨੂੰ ਨਿਗਮ ਹਾਊਸ ਦੀ ਹੋਣ ਵਾਲੀ ਪਹਿਲੀ ਮੀਟਿੰਗ ‘ਚ ਸ਼ਹਿਰ ਦੇ ਵਿਕਾਸ ਲਈ ਤਕਰੀਬਨ 21 ਕਰੋੜ ਦੇ ਬਜਟ ਦੇ ਤਿਆਰ ਕੀਤੇ ਏਜੰਡੇ ‘ਚ ਗੈਰ ਕਾਂਗਰਸੀ ਵਾਰਡਾਂ ਨਾਲ ਹੋਏ ਮਤਰੇਈ ਮਾਂ ਵਾਲੇ ਸਲੂਕ ’ਤੇ ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਇਤਰਾਜ਼ ਜਤਾਇਆ ਹੈ। ਉਹਨਾਂ ਦਾ ਆਖਣਾ ਹੈ ਕਿ ਮੋਗਾ ਨਗਰ ਨਿਗਮ ਹਾਊਸ ਦੀ 2 ਅਗਸਤ ਨੂੰ ਹੋਣ ਜਾ ਰਹੀ ਮੀਟਿੰਗ ’ਚ ਮੇਅਰ ਨੀਤਿਕਾ ਭੱਲਾ ਵੱਲੋਂ ਸ਼ਹਿਰ ਦੇ ਕੁਝ ਵਾਰਡਾਂ ਵਿਚ ਹੋਣ ਵਾਲੇ ਕੰਮਾਂ ਦੇ ਤਿਆਰ ਕੀਤੇ ਏਜੰਡੇ ‘ਚ ਸ਼ਹਿਰ ਦੇ ਕੁਝ ਵਾਰਡਾਂ ‘ਚ ਹੋਣ ਵਾਲੇ ਬਹੁਤ ਹੀ ਜ਼ਰੂਰੀ ਕੰਮਾਂ ਨੂੰ ਮੁੱਢੋਂ ਹੀ ਵਿਸਾਰ ਦਿੱਤੇ ਜਾਣ ਕਾਰਨ ਗੈਰ ਕਾਂਗਰਸੀ ਕੌਂਸਲਰਾਂ ’ਚ ਭਾਰੀ ਰੋਸ ਹੈ । 
ਸਬੰਧਤ ਕੌਂਸਲਰਾਂ ਨੇ ਅੱਜ ਮੇਅਰ ਨੀਤਿਕਾ ਭੱਲਾ ਨੂੰ ਨਿਗਮ ਹਾਊਸ ਦੀ ਹੋਣ ਵਾਲੀ ਮੀਟਿੰਗ ‘ਚ ਆਪਣੇ ਆਪਣੇ ਵਾਰਡਾਂ ਵਿਚ ਹੋਣ ਵਾਲੇ ਕੰਮਾਂ ਨੂੰ ਸਪਲੀਮੈਂਟਰੀ ਏਜੰਡੇ ਵਿਚ ਪੁਆਉਣ ਲਈ ਮੰਗ ਪੱਤਰ ਸੌਂਪਿਆ ਤਾਂ ਕਿ ਮੀਟਿੰਗ ਤੋਂ ਪਹਿਲਾਂ ਇਹਨਾਂ ਵਾਰਡਾਂ ਵਿਚ ਹੋਣ ਵਾਲੇ ਕੰਮਾਂ ਨੂੰ ਏਜੰਡੇ ਵਿਚ ਸ਼ਾਮਲ ਕਰਵਾ ਕੇ ਇਹਨਾਂ ਵਾਰਡਾਂ ਦੇ ਵਸਨੀਕਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਰਾਹਤ ਦਿੱਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਮਿਊਨਸੀਪਲ ਐਕਟ 1976 ਅਧੀਨ ਧਾਰਾ 57 ਮੁਤਾਬਕ ਮੀਟਿੰਗ ਤੋਂ 48 ਘੰਟੇ ਪਹਿਲਾਂ ਸਪਲੀਮੈਂਟਰੀ ਏਜੰਡਾ ਜਾਰੀ ਕੀਤਾ ਜਾ ਸਕਦਾ ਹੈ ਤਾਂ ਕਿ ਇਹਨਾਂ ਲੋੜੀਂਦੇ ਕੰਮਾਂ ਨੂੰ ਸਪਲੀਮੈਂਟਰੀ ਏਜੰਡੇ ਵਿਚ ਸ਼ਾਮਲ ਕਰਕੇ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਇਕਸਾਰਤਾ ਆ ਸਕੇ।  
ਵਾਰਡ ਨੰਬਰ 42 ਦੇ ਕੌਂਸਲਰ ਗੌਰਵ ਗੱਡੂ ਗੁਪਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਵਾਰਡ ਨੰਬਰ 42 ਵਿਚ ਹੋਣ ਵਾਲੇ 65 ਲੱਖ ਦੇ ਕੰਮਾਂ ਦੀ ਮੰਗ ਰੱਖੀ ਸੀ ਪਰ ਉਹਨਾਂ ਦੇ ਵਾਰਡ ‘ਚ ਸਿਰਫ਼ 15 ਲੱਖ ਦੇ ਕੰਮ ਹੀ ਪਾਏ ਗਏ ਹਨ । ਗੁੱਡੂ ਨੇ ਆਖਿਆ ਕਿ ਜਿਹਨਾਂ ਖੇਤਰਾਂ ਵਿਚ ਪਹਿਲਾਂ ਹੀ ਵਧੀਆ ਸੜਕਾਂ ਬਣੀਆਂ ਹੋਈਆਂ ਹਨ ਉਹਨਾਂ ’ਤੇ ਦੁਬਾਰਾ ਸੜਕ ਨਿਰਮਾਣ ਦੀ ਤਜਵੀਜ਼ ਰੱਖੀ ਹੋਈ ਹੈ ਅਤੇ ਜਿਹਨਾਂ ਵਾਰਡਾਂ ਦੀਆਂ ਬਸਤੀਆਂ ਵਿਚ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤੇ ਜਾਣ ਦੀ ਲੋੜ ਹੈ ਉਹਨਾਂ ਖੇਤਰਾਂ ਨੂੰ ਅਖੋਂ ਪਰੋਖੇ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕਈ ਵਾਰਡਾਂ ਵਿਚ ਪੈਂਦੀਆਂ ਬਸਤੀਆਂ ਦੀ ਹਾਲਤ ਐਨੀ ਖਸਤਾ ਹੈ ਕਿ ਬਰਸਾਤੀ ਮੌਸਮ ਵਿਚ ਉੱਥੇ ਪੈਦਲ ਚੱਲਣਾ ਵੀ ਸੰਭਵ ਨਹੀਂ ਰਹਿੰਦਾ। ਗੁੱਡੂ ਨੇ ਆਖਿਆ ਕਿ ਜਾਪਦਾ ਹੈ ਕਿ ਮੀਟਿੰਗ ਦਾ ਏਜੰਡਾ ਮਾਹਰਾਂ ਵੱਲੋਂ ਬਣਾਉਣ ਦੀ  ਬਜਾਏ ਦਫਤਰ ਦੇ ਕਲਰਕਾਂ ਵੱਲੋਂ ਬਣਾਇਆ ਗਿਆ ਹੈ ਤੇ ਜਾਂ ਗੈਰ ਕਾਂਗਰਸੀ ਵਾਰਡਾਂ ਨਾਲ ਜਾਣਬੁੱਝ ਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਐ। ਉਹਨਾਂ ਆਖਿਆ ਕਿ ਜਦੋਂ ਨਕਸ਼ਾ ਪਾਸ ਕਰਨ ਦੀ ਫੀਸ ਤੋਂ ਲੈ ਕੇ ਹਾਊਸ ਟੈਕਸ ਅਤੇ ਸੀਵਰੇਜ ਪਾਣੀ ਤੱਕ ਦੇ ਬਿੱਲ ਸਭ ਲੋਕ ਬਰਾਬਰ ਦੇ ਰਹੇ ਹਨ ਤਾਂ ਵਿਕਾਸ ਵਿਹੂਣੇ ਇਲਾਕਿਆਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਲੈ ਕੇ ਪੱਖਪਾਤ ਕਿਉਂ ਕੀਤਾ ਜਾ ਰਿਹੈ। 
ਮੰਗ ਪੱਤਰ ਦੇਣ ਮੌਕੇ ਆਏ ਹੋਰਨਾਂ ਕੌਸਲਰਾਂ ਨੇ ਆਖਿਆ ਕਿ ਵਿਕਾਸ ਕਾਰਜਾਂ ਲਈ ਖਰਚ ਕੀਤਾ ਜਾਣ ਵਾਲਾ ਪੈਸਾ ਸਹੀ ਜਗਹ ਲੱਗਣਾ ਚਾਹੀਦਾ ਹੈ ਜਿੱਥੇ ਸੱਚਮੁੱਚ ਹੀ ਹਾਲਤ ਬੱਦ ਤੋਂ ਬੱਦਤਰ ਬਣੇ ਹੋਏ ਹਨ।  ਉਹਨਾਂ ਮੇਅਰ ਨੀਤਿਕਾ ਭੱਲਾ ਨੂੰ ਮੰਗ ਪੱਤਰ  ਸੌਂਪਣ ਦੇ ਨਾਲ ਨਾਲ ਆਪਣੇ ਆਪਣੇ ਵਾਰਡਾਂ ਵਿਚ ਹੋਣ ਵਾਲੇ ਬੇਹੱਦ ਜ਼ਰੂਰੀ ਕੰਮਾਂ ਦੀ ਲਿਸਟ ਵੀ ਨਾਲ ਨੱਥੀ ਕਰ ਕਰ ਦਿੱਤੀ ਤਾਂ ਕਿ 2 ਅਗਸਤ ਨੂੰ ਹੋਣ ਵਾਲੀ ਨਿਗਮ ਹਾਊਸ ਦੀ ਪਹਿਲੀ ਮੀਟਿੰਗ ‘ਚ ਵੱਖ ਵੱਖ ਵਾਰਡਾਂ ਵਿਚ ਹੋਣ ਵਾਲੇ ਅੱਤ ਜ਼ਰੂਰੀ ਕੰਮਾਂ ਨੂੰ ਏਜੰਡੇ ਵਿਚ ਸ਼ਾਮਲ ਕੀਤਾ ਜਾ ਸਕੇ। 
ਇਸ ਮੌਕੇ ਕੌਂਸਲਰ ਹਰਵਿੰਦਰ ਕੌਰ ਗਿੱਲ ਦੇ ਪਤੀ ਚੇਅਰਮੈਨ ਅਮਰਜੀਤ ਸਿੰਘ ਗਿੱਲ, ਕੌਂਸਲਰ ਗੌਰਵ ਗੁੱਡੂ ਗੁਪਤਾ, ਰਾਜ ਮੁਖੀਜਾ, ਕੌਂਸਲਰ ਕਾਲਾ ਬਜਾਜ, ਕੌਂਸਲਰ ਮਨਜੀਤ ਧੰਮੂ,ਕੌਂਸਲਰ ਦਵਿੰਦਰ ਤਿਵਾੜੀ, ਹਰਜਿੰਦਰ ਰੋਡੇ , ਕੌਂੋਸਲਰ ਸਪਨਾ, ਬਿਕਰਮਜੀਤ ਸਿੰਘ ਘਾਤੀ, ਕੌਂਸਲਰ ਭਾਰਤ ਭੂਸ਼ਣ, ਕੌਂਸਲਰ ਹਰੀ ਰਾਮ, ਕਿਰਨ ਹੁੰਦਲ ਕੌਂਸਲਰ, ਸਰੋਜ ਰਾਣੀ ਕੌਂਸਲਰ ਅਤੇ ਹੋਰ ਕੌਂਸਲਰ ਹਾਜ਼ਰ ਸਨ।