ਕੈਲੇਫੋਰਨੀਆਂ ਸਕੂਲ ਵਿਵਾਦਾਂ ਦੇ ਘੇਰੇ ਵਿਚ , ਫੀਸਾਂ ਦੇ ਵਾਧੇ ਖਿਲਾਫ਼ ਮਾਪਿਆਂ ਨੇ ਮੋਗਾ ਫਿਰੋਜ਼ਪੁਰ ਰੋਡ ਕੀਤਾ ਜਾਮ

ਮੋਗਾ,6 ਜੁਲਾਈ (ਜਸ਼ਨ): ਮੋਗਾ ਤਲਵੰਡੀ ਰੋਡ ’ਤੇ ਸਥਿਤ ਕੈਲੇਫੋਰਨੀਆਂ ਸਕੂਲ ਉਸ ਸਮੇਂ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਜਦੋਂ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵਧਾਈਆਂ ਫੀਸਾਂ ਦੇ ਵਿਰੋਧ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੇ ਮੂਹਰੇ ਧਰਨਾ ਪ੍ਰਦਰਸ਼ਨ ਕਰਨ ਉਪਰੰਤ ਅੱਜ ਮੋਗਾ ਫਿਰੋਜ਼ਪੁਰ ਰੋਡ ਪੂਰੀ ਤਰਾਂ ਜਾਮ ਕਰ ਦਿੱਤੀ । ਧਰਨਾਕਾਰੀਆਂ ਦੇ ਸਮਰਥਨ ਵਿਚ ਕਿਸਾਨ ਜਥੇਬੰਦੀਆਂ ਅਤੇ ਕਿਰਤੀ ਜਥੇਬੰਦੀਆਂ ਦੇ ਆਉਣ ਨਾਲ ਮਸਲਾ ਕਾਫ਼ੀ ਗੰਭੀਰ ਹੋ ਗਿਆ ਅਤੇ ਥਾਣਾ ਸਦਰ ਘੱਲਕਲਾਂ ਦੇ ਐੱਸ ਐੱਚ ਓ ਨਿਰਮਲਜੀਤ ਸਿੰਘ ਆਪਣੀ ਫੋਰਸ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਹਾਲਾਤ ਨੂੰੂ ਕਾਬੂ ਹੇਠ ਰੱਖਣ ਲਈ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਵਿਦਿਆਰਥੀਆਂ ਦੇ ਮਾਪੇ ਪਿ੍ਰੰਸੀਪਲ ਵੇਦ ਪ੍ਰਕਾਸ਼ ਸ਼ਰਮਾ ਦੇ ਘਿਰਾਓ ਕਰਨ ਲਈ ਬਜਿੱਦ ਸਨ ਅਤੇ ਉਹਨਾਂ ਸਕੂਲ ਦਾ ਮੁੱਖ ਗੇਟ ਖੋਲ੍ਹਣ ਦੀ ਮੰਗ ਕੀਤੀ ਪਰ ਮੌਕੇ ’ਤੇ ਸੁਰੱਖਿਆ ਗਾਰਡਾਂ ਨੇ ਗੇਟ ਨਹੀਂ ਖੋਲ੍ਹਿਆ । ਸਿਖਰ ਦੁਪਹਿਰੇ ਜੀ ਟੀ ਰੋਡ ਤੇ ਜਾਮ ਲੱਗਣ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਚ ਐੱਚ ਓ ਨਿਰਮਲਜੀਤ ਸਿੰਘ ਨੇ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਅਤੇ  ਨਾਇਬ ਤਹਿਸੀਲ ਸਤਗੁਰ ਸਿੰਘ ਮੌਕੇ ’ਤੇ ਪਹੰੁਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਬਾਅਦ ਵਿਚ ਨਾਇਬ ਤਹਿਸੀਲਦਾਰ ਅਤੇ ਥਾਣਾ ਸਦਰ  ਘੱਲਕਲਾਂ ਦੇ ਐੱਸ ਐੱਚ ਓ ਨਿਰਮਲਜੀਤ ਸਿੰਘ ਨੇ ਸਕੂਲ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕ ਕਮੇਟੀ ਨੂੰ ਇਸ ਗੱਲ ’ਤੇ ਰਜ਼ਾਮੰਦ ਕਰ ਲਿਆ ਕਿ ਫੀਸ ਨਾ ਦੇਣ ਵਾਲੇ ਵਿਦਿਆਰਥੀਆਂ ਦੀਆਂ ਆਨ ਲਾਈਨ ਕਲਾਸਾਂ ਬੰਦ ਨਹੀਂ ਕੀਤੀਆਂ ਜਾਣਗੀਆਂ ਅਤੇ ਜਿਹਨਾਂ ਪਰਿਵਾਰਾਂ ਨੂੰ ਫੀਸ ਨਾ ਦੇਣ ਕਾਰਨ ਨੋਟਿਸ ਭੇਜੇ ਗਏ ਹਨ ਉਹ ਨੋਟਿਸ ਵਾਪਸ ਲਏ ਜਾਣਗੇ ਅਤੇ ਕਿਸੇ ਬੱਚੇ ਦਾ ਨਾਮ ਨਹੀਂ ਕੱਟਿਆ ਜਾਵੇਗਾ। ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨੇ ਦੱਸਿਆ ਕਿ ਪਿਛਲੇ ਸਾਲ ਕੋਵਿਡ ਕਾਰਨ ਫੀਸਾਂ ਘਟਾਈਆਂ ਗਈਆਂ ਸਨ ਅਤੇ ਇਸ ਸਾਲ ਸਿਰਫ਼ ਪੁਰਾਣੀਆਂ ਫੀਸਾਂ ਨੂੰ ਹੀ ਮੁੜ ਤੋਂ ਬਹਾਲ ਕੀਤਾ ਗਿਆ ਹੈ ਪਰ ਮਾਪੇ ਇਹ ਮਹਿਸੂਸ ਕਰ ਰਹੇ ਹਨ ਕਿ ਫੀਸ ਵਧਾ ਦਿੱਤੀ ਗਈ ਹੈ। 
ਬਾਅਦ ਵਿਚ ਧਰਨਾਕਾਰੀਆਂ ਦਰਮਿਆਨ ਪਹੁੰਚੇ ਨਾਇਬ ਤਹਿਸੀਲਦਾਰ ਨੇ ਉਪਰੋਕਤ ਫੈਸਲੇ ਸੁਣਾਉਂਦਿਆਂ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਉਹਨਾਂ ਤੋਂ ਡਿਪਟੀ ਕਮਿਸ਼ਨਰ ਦੇ ਨਾਮ ਲਿਖਿਆ ਮੰਗ ਪੱਤਰ ਲੈਣ ਉਪਰੰਤ ਭਰੋਸਾ ਦਿਵਾਇਆ ਕਿ ਇਸ ਮਸਲੇ ਨੂੰ ਛੇਤੀ ਨਜਿੱਠਿਆ ਜਾਵੇਗਾ। ਧਰਨਾਕਾਰੀਆਂ ਵੱਲੋਂ ਫੀਸਾਂ ਦਾ ਵਾਧਾ ਵਾਪਸ ਲਏ ਜਾਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।