ਨਰੋਆ ਪੰਜਾਬ ਮੰਚ ਵੱਲੋਂ 10 ਸਾਲ ਲਈ ਰੁੱਖਾਂ ਦੀ ਕਟਾਈ ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਅੱਜ ਮੰਗ ਪੱਤਰ ਦਿੱਤੇ ਜਾਣਗੇ

ਮੋਗਾ 25 ਜੂਨ (ਜਸ਼ਨ): ਨਰੋਆ ਪੰਜਾਬ ਮੰਚ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ 10 ਸਾਲ ਲਈ ਰੁੱਖਾਂ ਦੀ ਕਟਾਈ ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਰੁੱਖ ਮਰੂ, ਮਨੁੱਖ ਮਰੂ, ਰੁੱਖ ਬਚਾਓ, ਮਨੁੱਖ ਬਚਾਓ ਲਾਅਰੇ ਹੇਠ ਛੇੜੀ ਗਈ  ਇਸ ਮੁਹਿੰਮ ਨੂੰ ਵਾਤਾਵਰਣ ਪੱਖੀ ਸੰਸਥਾਵਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ । ਰੁੱਖਾਂ ਦੀ ਕਟਾਈ ਤੇ ਪਾਬੰਦੀ ਲਗਾਉਣ ਲਈ ਕਨੂੰਨ ਪਾਸ ਕਰਨ ਲਈ ਸਰਕਾਰ ਤੇ ਦਬਾਅ ਬਨਾਉਣ ਲਈ ਹੁਣ ਹਰ ਜਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਅਤੇ ਚੁਣੇ ਹੋਏ ਵਿਧਾਇਕਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਣ ਦੇ ਉਲੀਕੇ ਗਏ ਪ੍ਰੋਗਰਾਮ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਮੋਗਾ ਜਿਲ੍ਹੇ ਦੀਆਂ ਸਮਾਜ ਸੇਵੀ ਅਤੇ ਵਾਤਾਵਰਣ ਪੱਖੀ ਸੰਸਥਾਵਾਂ ਵੱਲੋਂ ਅੱਜ 26 ਜੂਨ ਦਿਨ ਸ਼ਨੀਵਾਰ ਨੂੰ ਨੇਚਰ ਪਾਰਕ ਮੋਗਾ ਵਿਖੇ 10 ਵਜੇ ਇਕੱਤਰਤਾ ਕੀਤੀ ਜਾ ਰਹੀ ਹੈ, ਜਿਸ ਉਪਰੰਤ ਡਿਪਟੀ ਕਮਿਸ਼ਨਰ ਮੋਗਾ ਅਤੇ ਵਿਧਾਇਕ ਡਾ. ਹਰਜੋਤ ਕਮਲ ਜੀ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੋਆ ਪੰਜਾਬ ਮੰਚ ਦੇ ਮੈਂਬਰ ਅਤੇ ਜਿਲ੍ਹਾ ਕਨਵੀਨਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਹੀ ਸਿਰਫ 3.5 % ਰਕਬਾ ਜੰਗਲ ਹੇਠ ਹੈ, ਜੋ ਕਿ ਰਾਸ਼ਟਰੀ ਲੋੜ 33% ਤੋਂ ਬਹੁਤ ਘੱਟ ਹੈ। ਇਸਦੇ ਬਾਵਜੂਦ ਵਿਕਾਸ ਦੇ ਨਾਮ ਤੇ ਸੜਕਾਂ, ਦਰਿਆਵਾਂ ਦੇ ਕੰÇਢਆਂ, ਸਾਂਝੀਆਂ ਅਤੇ ਸਰਕਾਰੀ ਥਾਵਾਂ ਤੋਂ ਬੜੀ ਤੇਜੀ ਨਾਲ ਦਰੱਖਤ ਪੁੱਟੇ ਜਾ ਰਹੇ ਹਨ, ਜੋ ਕਿ ਬੜੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਜੋ ਕਿ ਪਹਿਲਾਂ ਹੀ ਮੌਸਮ ਦੇ ਅਸਾਂਵੇਂਪਣ ਅਤੇ ਕੁਦਰਤੀ ਕਰੋਪੀਆਂ ਦੀ ਮਾਰ ਝੱਲ੍ਹ ਰਿਹਾ ਹੈ ਅਤੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੋਣ ਕੰਢੇ ਹੈ, ਅਜਿਹੇ ਸਮੇਂ ਵਿੱਚ ਸਰਕਾਰਾਂ ਦਾ ਇਸ ਗੰਭੀਰ ਮੁੱਦੇ ਪ੍ਰਤੀ ਸੰਵੇਦਨਸ਼ੀਲ ਨਾ ਹੋਣਾ ਉਸ ਤੋਂ ਵੱਡੀ ਖਿੰਤਾ ਦਾ ਵਿਸ਼ਾ ਹੈ, ਇਸ ਲਈ ਸਭ ਚਿੰਤਕ ਅਤੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਲੋਕਾਂ ਨੂੰ ਅਪੀਲ ਹੈ ਕਿ ਉਹ ਅੱਜ ਸਵੇਰੇ 10 ਵਜੇ ਨੇਚਰ ਪਾਰਕ ਮੋਗਾ ਵਿਖੇ ਪਹੁੰਚ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ ।