ਟੀਕਾਕਰਨ ਦੀ ਸ਼ਰਤ ਨਾਲ ਆਇਲਸ ਇੰਸਟੀਚਿਊਟਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਨਾਲ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ: ਐਸੋਸੀਏਸ਼ਨ ਆਫ਼ ਕਨਸਲਟੇਸ਼ਨ ਫਾਰ ਓਵਰਸੀਜ਼ ਸਟੱਡੀਜ਼

ਮੋਗਾ,25 ਜੂਨ: (ਜਸ਼ਨ): ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਹੁਕਮਾਂ ’ਤੇ ਅੱਜ ਕੋਵਿਡ ਸਬੰਧੀ ਮੌਜੂਦਾ ਸਾਰੀਆਂ ਪਾਬੰਦੀਆਂ ਨੂੰ 30 ਜੂਨ, 2021 ਤੱਕ ਵਧਾਉਂਦਿਆਂ ਪੰਜਾਬ ਸਰਕਾਰ ਨੇ ਅੱਜ ਆਇਲਸ ਕੋਚਿੰਗ ਇੰਸਟੀਚਿਊਟਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਕੇ ਵਿਦੇਸ਼ਾਂ ਵਿੱਚ ਆਪਣੀ ਉਚੇਰੀ ਸਿੱਖਿਆ ਲਈ ਆਇਲਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਆਫ਼ ਕਨਸਲਟੇਸ਼ਨ ਫਾਰ ਓਵਰਸੀਜ਼ ਸਟੱਡੀਜ਼ ਦੇ ਮਾਲਵਾ ਖੇਤਰ ਦੇ ਇੰਚਾਰਜ ਦੇਵਪਿ੍ਰਆ ਤਿਆਗੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐੱਸ ਡੀ ਅੰਕਿਤ ਬਾਂਸਲ ਦਾ ਧੰਨਵਾਦ ਕੀਤਾ ਜਿਹਨਾਂ ਦੇ ਯਤਨਾ ਸਦਕਾ ਆਇਲਸ ਕੋਚਿੰਗ ਸੰਸਥਾਵਾਂ ਨੂੰ ਪਾਬੰਦੀਆਂ ਵਿੱਚ ਵਾਧੂ ਢਿੱਲ ਦਿੱਤੀ ਗਈ ਹੈ ਅਤੇ ਹੁਣ ਇਹ ਇੰਸਟੀਚਿਊਟ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਘੱਟੋ ਘੱਟ ਕੋਵਿਡ ਦਾ ਇੱਕ ਟੀਕਾ ਲੱਗੇ ਹੋਣ ਦੀ ਸ਼ਰਤ ’ਤੇ ਖੁੱਲ੍ਹ ਸਕਣਗੇ। ਤਿਆਗੀ ਨੇ ਆਈਲਜ਼ ਦੀ ਤਿਆਰੀ ਕਰਨ ਲਈ ਆ ਰਹੇ ਵਿਦਿਆਰਥੀਆਂ ਨੂੰ ਆਖਿਆ ਕਿ ਉਹ ਇੰਸਟੀਚਿਊਟ ‘ਚ ਕੋਚਿੰਗ ਲੈਣ ਤੋਂ ਪਹਿਲਾਂ ਵੈਕਸੀਨੇਟ ਜ਼ਰੂਰ ਹੋਣ ਤਾਂ ਕਿ ਕੋਵਿਡ ਤੋਂ ਆਪਣੇ ਆਪ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਆਪਣੇ ਸਟਾਫ਼ ਦੀ ਪਹਿਲਾਂ ਹੀ ਵੈਕਸੀਨੇਸ਼ਨ ਕਰਵਾ ਦਿੱਤੀ ਸੀ ਤਾਂ ਕਿ ਜਦੋਂ ਵੀ ਸਰਕਾਰ ਆਈਲਜ਼ ਇੰਸਟੀਚਿਊਟ ਖੋਲ੍ਹਣ ਦੀ ਆਗਿਆ ਦੇਵੇਗੀ ਤਾਂ ਟਰੇਨਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।


