ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਫਿਰੋਜ਼ਪੁਰ ਰੋਡ ’ਤੇ ਤਾਮੀਰ ਹੋ ਰਹੇ 4 ਮੰਜ਼ਿਲਾ ਆਯੂਸ਼ ਹਸਪਤਾਲ ਦੀ ਉਸਾਰੀ ਦਾ ਲਿਆ ਜਾਇਜ਼ਾ

*ਵਿਧਾਇਕ ਡਾ. ਹਰਜੋਤ ਕਮਲ ਦੇ ਨਿਰੰਤਰ ਯਤਨਾਂ ਸਦਕਾ ਉਸਾਰਿਆ ਗਿਆ ਆਯੂਸ਼ ਹਸਪਤਾਲ ਮੋਗਾ ਵਾਸੀਆਂ ਲਈ ਵਰਦਾਨ ਸਿੱਧ ਹੋਵੇਗਾ: ਡਿਪਟੀ ਕਮਿਸ਼ਨਰ
ਮੋਗਾ,7 ਜੂਨ ( ਜਸ਼ਨ):ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਫਿਰੋਜ਼ਪੁਰ ਰੋਡ ’ਤੇ ਉਸਾਰੇ ਜਾ ਰਹੇ 50 ਬਿਸਤਰਿਆਂ ਵਾਲੇ ਆਯੂਸ਼ ਹਸਪਤਾਲ ਦੇ ਉਸਾਰੀ ਕੰਮਾਂ ਦਾ ਜਾਇਜ਼ਾ ਲਿਆ । ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ, ਜ਼ਿਲਾ ਆਯੁਰਵੈਦਿਕ ਅਫਸਰ ਡਾ. ਊਸ਼ਾ ਗਰਗ,ਸਿਹਤ ਵਿਭਾਗ ਦੇ ਅਧਿਕਾਰੀ ਅਤੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਕਸੀਅਨ (ਟੈਕਨੀਕਲ ਵਿੰਗ) ਮੌਜੂਦ ਸਨ।
ਇਸ ਮੌਕੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਆਖਿਆ ਕਿ ਮੋਗਾ ਫਿਰੋਜ਼ਪੁਰ ਜੀ ਟੀ ਰੋਡ ’ਤੇ ਤਾਮੀਰ ਕੀਤੇ ਜਾ ਰਹੇ ਇਸ ਆਯੂਸ਼ ਹਸਪਤਾਲ ਦੇ ਪੂਰਾ ਹੋਣ ਉਪਰੰਤ ਟਰੌਮਾ ਸੈਂਟਰ ਦੀ ਉਸਾਰੀ ਵੀ ਜਲਦ ਸ਼ੁਰੂ ਹੋ ਜਾਵੇਗੀ। ਡਾ: ਹਰਜੋਤ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਆਯੂਰਵੈਦਿਕ, ਯੋਗਾ, ਨੈਚਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਉਪੈਥੀ ਵਰਗੀਆਂ ਸਾਰੀਆਂ ਭਾਰਤੀ ਇਲਾਜ ਪੱਧਤੀਆਂ ਦਾ ਇਕੋ ਥਾਂ ’ਤੇ ਮਿਲਣਾ ਮੋਗਾ ਵਾਸੀਆਂ ਲਈ ਵਰਦਾਨ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਬਚਨਬੱਧ ਹੈ ਤੇ ਇਸੇ ਮੰਤਵ ਨੂੰ ਪੂਰਾ ਕਰਨ ਅਤੇ ਰਿਵਾਇਤੀ ਦਵਾਈ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਤੋਂ ਬਾਅਦ, ਹਲਕਾ ਮੋਗਾ ਪੰਜਾਬ ਦਾ ਦੂਜਾ ਜ਼ਿਲ੍ਹਾ ਹੋਵੇਗਾ ਜਿੱਥੇ ਕਿ ਰਾਸ਼ਟਰੀ ਆਯੂਸ਼ ਮਿਸ਼ਨ ਦੀ ਆਯੂਸ਼ ਸੇਵਾ ਤਹਿਤ ਇਸ ਆਯੂਸ਼ ਹਸਪਤਾਲ ਦੀ ਉਸਾਰੀ ਹੋ ਰਹੀ ਹੈ। ਡਾ: ਹਰਜੋਤ ਨੇ ਆਖਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਇੰਮਿਊਨਟੀ ਬੇਹੱਦ ਘਟੀ ਹੈ ਅਤੇ ਸਾਰੀ ਦੁਨੀਆ ਮੰਨਦੀ ਹੈ ਕਿ ਕੁਦਰਤੀ ਇਲਾਜ ਪ੍ਰਣਾਲੀ ਹੀ ਮਨੁੱਖਾਂ ‘ਚ ਰੋਗਰਹਿਤਤਾ ਵਧਾਉਂਦੀ ਹੈ ਤਾਂ ਅਜਿਹੇ ਵਿਚ ਮੋਗਾ ਦੇ ਇਸ ਆਯੂਸ਼ ਹਸਪਤਾਲ ਦੇ ਅਹਿਮੀਅਤ ਹੋਰ ਵੀ ਵੱਧ ਗਈ ਹੈ । ਉਹਨਾਂ ਆਖਿਆ ਕਿ ਹੁਣ ਪੰਚਕਰਮਾ ਅਤੇ ਹੋਰ ਕੁਦਰਤੀ ਇਲਾਜ ਪ੍ਰਣਾਲੀਆਂ ਲਈ ਲੋਕਾਂ ਨੂੰ ਬੰਗਲੌਰ ਆਦਿ ਨਹੀਂ ਜਾਣਾ ਪਵੇਗਾ ਅਤੇ ਮੋਗਾ ਵਿਚ ਹੀ ਆਯੂਸ਼ ਹਸਪਤਾਲ ਅਜਿਹੀਆਂ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਏਗਾ । ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਸੁਪਨਿਆਂ ਦੇ ਪ੍ਰੋਜੈਕਟ ਦੀ ਤਾਮੀਰ ਲਈ ਪੂਰਨ ਸਹਿਯੋਗ ਦਿੱਤਾ ਹੈ ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਮੋਗਾ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਧਾਇਕ ਡਾ. ਹਰਜੋਤ ਦੇ ਨਿਰੰਤਰ ਯਤਨਾਂ ਸਦਕਾ ਉਸਾਰੇ ਜਾ ਰਹੇ ਆਯੂਸ਼ ਹਸਪਤਾਲ ਦਾ ਮੋਗਾ ਵਾਸੀਆਂ ਨੂੰ ਬੇਹੱਦ ਲਾਹਾ ਹੋਵੇਗਾ। ਉਹਨਾਂ ਆਖਿਆ ਕਿ ਬੇਸ਼ੱਕ ਇਹ ਹਸਪਤਾਲ ਮਈ 2021 ਤੱਕ ਮੁਕੰਮਲ ਹੋਣਾ ਸੀ ਪਰ ਕਰੋਨਾ ਮਹਾਂਮਾਰੀ ਕਾਰਨ ਇਸ ਦੀ ਉਸਾਰੀ ਵਿਚ ਥੋੜ੍ਹੀ ਦੇਰੀ ਹੋਈ ਹੈ ਪਰ ਹੁਣ ਇਹ ਪ੍ਰੌਜੈਕਟ ਇਸੇ ਸਾਲ ਸਤੰਬਰ ਮਹੀਨੇ ਵਿਚ ਮੁਕੰਮਲ ਹੋ ਜਾਵੇਗਾ ਅਤੇ ਉਸ ਉਪਰੰਤ ਇਸ ਨੂੰ ਲੋਕ ਅਰਪਿਤ ਕੀਤਾ ਜਾਵੇਗਾ। ਕੈਪਸ਼ਨ - ਵਿਧਾਇਕ ਡਾ. ਹਰਜੋਤ ਕਮਲ ਅਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਮੋਗਾ ਫਿਰੋਜ਼ਪੁਰ ਰੋਡ ’ਤੇ ਉਸਾਰੇ ਜਾ ਰਹੇ ਆਯੂਸ਼ ਹਸਪਤਾਲ ਦਾ ਜਾਇਜ਼ਾ ਲੈਂਦੇ ਹੋਏ ।


