ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਧਰਮਕੋਟ ਦੇ ਨਵੇਂ ਬੱਸ ਸਟੈਂਡ, ਕਮਿਊਨਟੀ ਹਾਲ ਅਤੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ
****ਦੀਵਾਲੀ ਤੱਕ ਹਰ ਹਾਲ ਬੱਸ ਸਟੈਂਡ ਅਤੇ ਸਟੇਡੀਅਮ ਦਾ ਕੰਮ ਕੀਤਾ ਜਾਵੇਗਾ ਮੁਕੰਮਲ : ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ***
ਮੋਗਾ, 6 ਜੂਨ (ਜਸ਼ਨ): ਅੱਜ ਮੋਗਾ ਦੀ ਸਬ ਤਹਿਸੀਲ ਧਰਮਕੋਟ ਵਿਖੇ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਨਾਲ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਸੁਧੀਰ ਗੋਇਲ ਅਤੇ ਡਾ: ਰਣਜੋਧ ਸਿੰਘ ਵੀ ਮੌਜੂੁਦ ਸਨ। ਬੱਸ ਸਟੈਂਡ ਦੇ ਨਜ਼ਦੀਕ ਨਵੇਂ ਉਸਾਰੇ ਜਾਣ ਵਾਲੇ ਕਮਿਊਨਟੀ ਹਾਲ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਰੱਖਿਆ । ਬਾਅਦ ਵਿਚ ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਜੀ ਨੂੰ ਸਮਰਪਿਤ ਸਟੇਡੀਅਮ ਦਾ ਨੀਂਹ ਪੱਥਰ ਵੀ ਧਰਮਕੋਟ ਦੀਆਂ ਕਚਿਹਰੀਆਂ ਕੋਲ ਰੱਖਿਆ ਗਿਆ।
ਇਸ ਮੌਕੇ ਮਨਪ੍ਰੀਤ ਬਾਦਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ 22 ਸਾਲ ਬਾਅਦ ਇਸ ਵਾਰ ਪੰਜਾਬ ਦਾ ਕੈਪੀਟਲ ਐਕਸਪੈਂਡੀਚਰ ਹਰਿਆਣਾ ਨਾਲੋਂ ਵੱਧ ਗਿਆ ਹੈ। ਉਹਨਾਂ ਦੱਸਿਆ ਕਿ ਹਰਿਆਣਾ ਵੱਲੋਂ ਇਸ ਸਾਲ 8 ਹਜ਼ਾਰ ਕਰੋੜ ਰੁਪਏ ਵਿਕਾਸ ਕਾਰਜਾਂ ’ਤੇ ਖਰਚ ਕੀਤੇ ਜਾਣੇ ਹਨ ਜਦਕਿ ਪੰਜਾਬ ਨੇ ਵਿਕਾਸ ਪ੍ਰੌਜੈਕਟਾਂ ਲਈ 14 ਹਜ਼ਾਰ ਕਰੋੜ ਰੁਪਏ ਰੱਖੇ ਹਨ ਤੇ ਇੰਜ ਪੰਜਾਬ ਦੀ ਆਰਥਿਕਤਾ ਵਿਚ ਨਿਰਸੰਦੇਹ ਮਜਬੂਤੀ ਆਈ ਹੈ।
ਉਹਨਾਂ ਆਖਿਆ ਕਿ ਇਹ ਨਵਾਂ ਬੱਸ ਸਟੈਂਡ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਬੱਸ ਸਟੈਂਡ ਅਤੇ ਕਮਿਊਨਟੀ ਹਾਲ 3 ਕਰੋੜ 70 ਲੱਖ ਰੁਪਏ ਦੀ ਰਾਸ਼ੀ ਨਾਲ ਉਸਾਰਿਆ ਜਾਵੇਗਾ ਜਦਕਿ ਸਟੇਡੀਅਮ ਦੀ ਉਸਾਰੀ ’ਤੇ 2 ਕਰੋੜ 45 ਲੱਖ ਰੁਪਏ ਖਰਚੇ ਜਾਣਗੇ। ਉੁਹਨਾਂ ਆਖਿਆ ਕਿ ਇਹ ਦੋਨੋਂ ਪ੍ਰੌਜੈਕਟ ਹਰ ਹਾਲ ਦੀਵਾਲੀ ਤੱਕ ਮੁਕੰਮਲ ਕਰ ਲਏ ਜਾਣਗੇ। ਉੁਹਨਾਂ ਆਖਿਆ ਕਿ ਬੇਸ਼ੱਕ ਧਰਮਕੋਟ ਇਲਾਕੇ ਨੂੰ ਨਵੀਂ ਦਿੱਖ ਦੇਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਨਗਰ ਕੌਂਸਲ ਧਰਮਕੋਟ ਵੱਲੋਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਅਤੇ ਗਲੀਆਂ ਇੰਟਰਲਾਕ ਟਾਇਲਾਂ ਨਾਲ ਤਾਮੀਰ ਕੀਤੀਆਂ ਜਾ ਚੁੱਕੀਆਂ ਨੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਆਦਿ ਇਤਿਹਾਸਕ ਨਾਇਕਾਂ ਦੇ ਆਦਮ ਕੱਦ ਬੁੱਤਾਂ ਨਾਲ ਸ਼ਹਿਰ ਨੂੰ ਸਜਾਇਆ ਗਿਆ ਹੈ ਪਰ ਫੇਰ ਵੀ ਹੋਰ ਵਿਕਾਸ ਕਾਰਜਾਂ ਲਈ ਇਕ ਕਰੋੜ ਰੁਪਏ ਦੀ ਹੋਰ ਗਰਾਂਟ ਵੀ ਅੱਜ ਜਾਰੀ ਕੀਤੀ ਗਈ ਹੈ। ਮਨਪ੍ਰੀਤ ਬਾਦਲ ਨੇ ਆਖਿਆ ਕਿ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਧਰਮਕੋਟ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਨੇ ਇਸ ਕਰਕੇ ਗਰਾਟਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਿਨੀ ਰਕਮ ਜਿਸ ਵੀ ਪ੍ਰੌਜੈਕਟ ਲਈ ਚਾਹੀਦੀ ਹੋਵੇਗੀ ਉਹ ਤੁਰੰਤ ਜਾਰੀ ਕਰਵਾਉਣਗੇ।
ਇਸ ਮੌਕੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਮਨਪ੍ਰੀਤ ਬਾਦਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਬੇਸ਼ੱਕ ਧਰਮਕੋਟ ਮੋਗਾ ਜਲੰਧਰ ਰੋਡ ’ਤੇ ਸਥਿਤ ਹੈ ਪਰ ਆਜ਼ਾਦੀ ਤੋਂ ਬਾਅਦ ਧਰਮਕੋਟ ਨੂੰ ਬੱਸ ਸਟੈਂਡ ਨਸੀਬ ਨਹੀਂ ਹੋ ਸਕਿਆ ਸੀ ਪਰ ਅੱਜ ਨੀਂਹ ਪੱਥਰ ਰੱਖੇ ਜਾਣ ਨਾਲ ਇਲਾਕਾ ਵਾਸੀਆਂ ਦੀ ਵੱਡੀ ਮੰਗ ਪੂਰੀ ਹੋਈ ਹੈ। ਉਹਨਾਂ ਕਿਹਾ ਕਿ ਧਰਮਕੋਟ ਵਿਚ ਤਾਮੀਰ ਹੋ ਚੁੱਕੇ ਨਵੇਂ ਪਾਰਕਾਂ ਅਤੇ ਉਸਾਰੇ ਜਾਣ ਵਾਲੇ ਸਟੇਡੀਅਮ ਦੀ ਉਸਾਰੀ ਨਾਲ ਆਮ ਲੋਕਾਂ ਖਾਸਕਰ ਨੌਜਵਾਨਾਂ ਨੂੰ ਨਵੀਂ ਦਿਸ਼ਾ ਮਿਲੇਗੀ।
ਅੱਜ ਦੇ ਸਮਾਗਮ ਵਿਚ ਸੰਦੀਪ ਸੰਧੂ, ਮੇਹਰ ਸਿੰਘ, ਪੀ ਏ ਸੋਹਣਾ ਖੇਲ੍ਹਾ, ਪੀ ਏ ਅਵਤਾਰ ਸਿੰਘ, ਸੁਖਦੇਵ ਸਿੰਘ ਸ਼ੇਰਾ, ਨਿਰਮਲ ਸਿੰਘ, ਸੁਖਬੀਰ ਸਿੰਘ, ਸਚਿਨ ਟੰਡਨ, ਬਲਰਾਜ ਕਲਸੀ, ਕਿਸ਼ਨ ਹਾਂਸ, ਗੁਰਪਿੰਦਰ ਸਿੰਘ ਚਾਹਲ , ਮਨਜੀਤ ਸਿੰਘ ਅਤੇ ਚਮਕੌਰ ਸਿੰਘ ਆਦਿ ਹਾਜ਼ਰ ਸਨ।