ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਟਰੈਫਿਕ ਪੁਲਿਸ ਹੋਈ ਸਖਤ, ਗੱਡੀਆਂ ਕੀਤੀਆਂ ਜਾ ਰਹੀਆਂ ਨੇ ਟੋਅ ਅਤੇ ਜ਼ੁਰਮਾਨੇ ਹੋ ਗਏ ਭਾਰੇ
ਮੋਗਾ,3 ਜੂਨ (ਜਸ਼ਨ): ਬੇਸ਼ੱਕ ਪੰਜਾਬੀਆਂ ਵੱਲੋਂ ਅਕਸਰ ਪੁਲਿਸ ’ਤੇ ਬਿਨਾਂ ਵਜਹ ਚਲਾਣ ਕੱਟਣ ਅਤੇ ਜ਼ੁਰਮਾਨੇ ਵਸੂਲਣ ਦੇ ਦੋਸ਼ ਲਗਾਏ ਜਾਂਦੇ ਨੇ ਪਰ ਇਹ ਵੀ ਸੱਚ ਹੈ ਕਿ ਆਜ਼ਾਦੀ ਦੇ ਨਾਮ ’ਤੇ ਲੋੜੋਂ ਵੱਧ ਖੁਲ੍ਹ ਲੈਣ ਦੀ ਪੰਜਾਬੀਆਂ ਦੀ ਆਦਤ ਅਕਸਰ ਕੀਮਤੀ ਜ਼ਿੰਦਗੀਆਂ ਨੂੰ ਖਤਰੇ ਵਿਚ ਪਾ ਦਿੰਦੀ ਹੈ । ਮੋਗਾ ਬਜ਼ਾਰ ਵਿਚ ਅਕਸਰ ਦੇਖਿਆ ਗਿਆ ਹੈ ਕਿ ਪਹਿਲਾਂ ਤਾਂ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਦੁਕਾਨ ਦੇ ਬਾਹਰ ਰੱਖ ਕੇ ਨਜਾਇਜ਼ ਕਬਜੇ ਕੀਤੇ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਦੋਪਹੀਆ ਵਾਹਨ ਜਾਂ ਫਿਰ ਕਾਰਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਨੇ ਜਿਨਾਂ ਨਾਲ ਅਕਸਰ ਟਰੈਫਿਕ ਜਾਮ ਹੋ ਜਾਂਦਾ ਹੈ ਪਰ ਸਿਤਮਜ਼ਰੀਫ਼ੀ ਇਹ ਹੈ ਕਿ ਜੇਕਰ ਕਿਸੇ ਗੰਭੀਰ ਮਰੀਜ਼ ਨੂੰ ਸਰਕਾਰੀ ਹਸਪਤਾਲ ਲੈ ਜਾ ਰਹੀ ਕੋਈ ਐਂਬੂਲੈਂਸ ਇਸ ਜਾਮ ਵਿਚ ਫਸ ਜਾਵੇ ਤਾਂ ਚਿੱਟੇ ਹੋ ਚੁੱਕੇ ਖੂਨ ਵਾਲੇ ਪੰਜਾਬੀ ਕੋਸ਼ਿਸ ਵੀ ਨਹੀਂ ਕਰਦੇ ਕਿ ਐਂਬੂਲੈਂਸ ਨੂੰ ਲੰਘਣ ਜੋਗਾ ਰਾਹ ਦੇ ਦੇਣ। ਲੋਕਾਂ ਦੇ ਇਸੇ ਸੁਭਾਅ ਕਰਕੇ ਹੁਣ ਸਬ ਇੰਪੈਕਟਰ ਹਰਜੀਤ ਸਿੰਘ ਦੀ ਅਗਵਾਈ ਵਿਚ ਟਰੈਫਿਕ ਪੁਲਿਸ ਨੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਿਕਤੀਆਂ ਖਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ । ਅੱਜ ਮੇਨ ਬਜ਼ਾਰ ਵਿਚ ਇਲਾਹਾਬਾਦ ਬੈਂਕ ਕੋਲ ਖੜ੍ਹੀ ਇਕ ਕਾਰ ਨੂੰ ਟੋਅ ਕਰਕੇ ਪੁਰਾਣੀਆਂ ਕਚਿਰਹੀਆਂ ਵਾਲੀ ਪਾਰਕਿੰਗ ਵਿਚ ਲੈ ਜਾਣ ਉਪਰੰਤ ਏ ਐੱਸ ਆਈ ਜਗਤਾਰ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਟਰੈਫਿਕ ਇੰਚਾਰਜ ਹਰਜੀਤ ਸਿੰਘ ਦੀ ਦੇਖ ਰੇਖ ਅਧੀਨ ਚਲਾਈ ਰਿਕਵਰੀ ਮੁਹਿੰਮ ਤਹਿਤ ਬਜ਼ਾਰ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਆਵਾਜਾਈ ਨੂੰ ਵਿਘਨ ਪਾਉਣ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸੇ ਮੁਹਿੰਮ ਤਹਿਤ ਅੱਜ ਮੋਗਾ ਦੇ ਮੇਨ ਬਜ਼ਾਰ ਵਿਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀਆਂ ਗੱਡੀਆਂ ਨੂੰ ਟੋਅ ਕਰਕੇ ਉਹਨਾਂ ਦੇ ਚਲਾਨ ਕੱਟੇ ਗਏ ਹਨ। ਉਹਨਾਂ ਕਿਹਾ ਕਿ ਵਾਹਨ ਚਾਲਕ ਗੱਡੀਆਂ ਨੂੰ ਸਹੀ ਸਥਾਨ ’ਤੇ ਲਗਾਉਣ ਤੇ ਜਾਂ ਚਿੱਟੀ ਪੱਟੀ ਦੇ ਬਾਹਰ ਗੱਡੀਆਂ ਦੀ ਪਾਰਕਿੰਗ ਨਾ ਕੀਤੀ ਜਾਵੇ ।
ਬੇਸ਼ੱਕ ਪੁਲਿਸ ਦੀ ਇਸ ਕਾਰਵਾਈ ’ਤੇ ਲੋਕ ਸੰਤੁਸ਼ਟ ਹਨ ਪਰ ਉਹਨਾਂ ਦਾ ਆਖਣਾ ਹੈ ਕਿ ਦੁਕਾਨਾਂ ਦੇ ਬਾਹਰ ਕੀਤੇ ਨਜਾਇਜ਼ ਕਬਜ਼ਿਆਂ ਖਿਲਾਫ ਨਗਰ ਨਿਗਮ ਦੀ ਚੁੱਪੀ ਹੈਰਾਨੀਜਨਕ ਹੈ । ਉਹਨਾਂ ਦਾ ਇਹ ਵੀ ਆਖਣਾ ਹੈ ਕਿ ਬੱਸ ਸਟੈਂਡ ਦੇ ਬਿਲਕੁਲ ਨਾਲ ਮੇਨ ਚੌਂਕ ਵਿਚ ਸਾਰਾ ਦਿਨ ਖੜ੍ਹਦੀਆਂ ਬੱਸਾਂ ਖਿਲਾਫ਼ ਕੋਈ ਕਾਰਵਾਈ ਨਾ ਹੋਣਾ ਵੀ ਦੁਖਦਾਈ ਹੈ। ਲੋਕ ਇਸ ਗੱਲੋਂ ਵੀ ਦੁਖੀ ਹਨ ਕਿ ਸ਼ਹਿਰ ਦੀਆਂ ਵੱਖ ਵੱਖ ਸੜਕਾਂ ’ਤੇ ਮਿੰਨੀ ਬੱਸਾਂ ਵਾਲਿਆਂ ਅਤੇ ਭੰੂਡ ਟੈਂਪੂਆਂ ਦੇ ਨਾਲ ਨਾਲ ਨਵੇਂ ਆਟੋ ਚਾਲਕਾਂ ਨੇ ਵੀ ਆਪਣੇ ਹੀ ਅੱਡੇ ਸਿਰਜ ਲਏ ਹਨ ਜਿਹਨਾਂ ਖਿਲਾਫ ਟਰੈਫਿਕ ਪੁਲਿਸ ਖਾਮੋਸ਼ ਹੈ। --- ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ –