ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਜਗਸੀਰ ਸੀਰਾ ਚਕਰ ਨੇ ਦੱਦਾਹੂਰ ਵਾਲੀ ਲਿੰਕ ਸੜਕ ਦੇ ਪ੍ਰੌਜੈਕਟ ਦਾ ਕੰਮ ਸੁਰੂ ਕਰਵਾਇਆ

ਮੋਗਾ,29 ਮਈ  (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਵੱਖ ਵੱਖ ਥਾਵਾਂ ’ਤੇ ਨਵੇਂ ਪ੍ਰੌਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਸੇ ਲੜੀ ਤਹਿਤ  ਵਿਧਾਇਕ ਡਾ: ਹਰਜੋਤ ਕਮਲ ਦੇ ਆਦੇਸ਼ਾਂ ‘ਤੇ ਪਿੰਡ ਦੱਦਾਹੂਰ ਤੋਂ ਕੋਰੇਵਾਲਾ ਤੱਕ ਬਣਨ ਵਾਲੀ ਲਿੰਕ ਸੜਕ ਦੇ ਪ੍ਰੌਜੈਕਟ ਦਾ ਕੰਮ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਜਗਸੀਰ ਸੀਰਾ ਚਕਰ ਨੇ ਕਰਵਾਉਂਦਿਆਂ ਸੜਕ  ਉਪਰ ਪ੍ਰੀਮਿਕਸ ਪਾਉਣ ਦੀ  ਆਰੰਭਤਾ  ਕਰਵਾਈ। ਉਦਘਾਟਨੀ ਰਸਮਾਂ ਨਿਭਾਉਣ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਕੁਮਾਰ ਸ਼ਰਮਾ ‘ਨਾਟੀ’, ਸੀਨੀਅਰ ਕਾਂਗਰਸੀ ਆਗੁੂ ਜਤਿੰਦਰ ਅਰੋੜਾ,ਚੇਅਰਮੈਨ ਦੀਸ਼ਾ ਬਰਾੜ ਅਤੇ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤ ਹਾਜ਼ਰ ਸਨ। ਪਿੰਡ ਵਾਸੀਆਂ ਨੇ ਖੁਸ਼ੀ ਵਿਚ ਸੀਰਾ ਚਕਰ ਦਾ ਮੂੰਹ ਮਿੱਠਾ ਕਰਵਾਇਆ। 
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਜਗਸੀਰ ਸੀਰਾ ਚਕਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਹਲਕੇ ਵਿਚ ਸੜਕਾਂ ਟੁੱਟੀਆਂ ਹੋਣ ਕਰਕੇ ਨਾ ਸਿਰਫ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਸੀ ਬਲਕਿ ਟੋਇਆਂ ਕਾਰਨ ਵਾਹਨਾਂ ਦਾ ਵੀ ਨੁਕਸਾਨ ਹੁੰਦਾ ਸੀ ਇਸੇ ਕਰਕੇ ਪੰਜਾਬ ਸਰਕਾਰ ਵਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸੜਕਾਂ ਦੀ ਪੁਨਰ ਉਸਾਰੀ ਕੀਤੀ ਜਾ ਰਹੀ ਹੈ ਅਤੇ ਵਿਧਾਇਕ ਡਾ. ਹਰਜੋਤ ਕਮਲ ਦੇ ਯਤਨਾਂ ਸਦਕਾ ਹਲਕੇ ਦੀਆਂ ਤਕਰੀਬਨ ਸਾਰੀਆਂ ਸੜਕਾਂ ਦੀ ਪੁਨਰ ਉਸਾਰੀ ਹੋ ਚੁੱਕੀ ਹੈ ।  ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਕੁਮਾਰ ਸ਼ਰਮਾ ‘ਨਾਟੀ’ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾਂ ਦੀ ਵਿਕਾਸ ਪ੍ਰਤੀ ਲਗਨ ਅਤੇ ਨਿਰੰਤਰ ਯਤਨਾਂ ਸਦਕਾ ਪਿੰਡਾਂ ਦੀਆਂ ਵੱਡੀਆਂ ਸਮੱਸਿਆਵਾਂ ਹੱਲ ਹੋ ਸਕੀਆਂ ਹਨ ਵਿਸ਼ੇਸ਼ਕਰ  ਪਿੰਡ ਦੱਦਾਹੂਰ ਵਾਲੀ ਉਸ ਸੜਕ ਦੇ ਮੁੜ ਨਿਰਮਾਣ ਹੋਣ ਸਦਕਾ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ।