ਮੋਗਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਪੱਤਰਕਾਰ ਵਾਰਤਾ ਦੌਰਾਨ ਇੰਪਰੂਵਮੈਂਟ ਟਰੱਸਟ ਮੋਗਾ ਵੱਲੋਂ ਆਰੰਭੇ ਜਾ ਰਹੇ ਨਵੇਂ ਪ੍ਰੌਜੈਕਟਾਂ ਬਾਰੇ ਦੱਸਿਆ
ਮੋਗਾ, 25 ਮਈ (ਜਸ਼ਨ): ਮੋਗਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਅੱਜ ਪੱਤਰਕਾਰ ਵਾਰਤਾ ਦੌਰਾਨ ਪਿਛਲੇ ਸਮੇਂ ਵਿਚ ਇੰਪਰੂਵਮੈਂਟ ਟਰੱਸਟ ਮੋਗਾ ਵੱਲੋਂ ਕੀਤੇ ਕਾਰਜ ਅਤੇ ਨਵੇਂ ਪ੍ਰੌਜੈਕਟਾਂ ਬਾਰੇ ਦੱਸਦਿਆਂ ਮੀਡੀਆ ਦਾ ਉਹਨਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ ਉਹਨਾਂ ਨੇ 26 ਅਗਸਤ 2019 ਨੂੰ ਬਤੌਰ ਚੇਅਰਮੈਨ ਨਗਰ ਸੁਧਾਰ ਟਰੱਸਟ, ਮੋਗਾ ਦਾ ਚਾਰਜ ਸੰਭਾਲਿਆ ਸੀ ਤੇ ਉਸ ਉਪਰੰਤ ਉਹਨਾਂ ਨੇ ਸ਼ਹਿਰ ਦੀ ਨਕਸ਼ ਨੁਹਾਰ ਬਦਲਣ ਲਈ ਤੇਜ਼ ਚਾਲੇ ਵਿਕਾਸ ਕਾਰਜ ਕਰਵਾਏ। ਉਹਨਾਂ ਆਖਿਆ ਕਿ ਉਹਨਾਂ ਦੀ ਅਗਵਾਈ ਵਿਚ ਟਰੱਸਟ ਦੀਆਂ ਵੱਖ-2 ਸਕੀਮਾਂ ਵਿੱਚ ਪਏ ਕੂੜਾ-ਕਰਕਟ ਨੂੰ ਚੁਕਵਾ ਕੇ ਸਫਾਈ ਕਰਵਾਈ ਗਈ । ਇਸ ਤੋਂ ਇਲਾਵਾ ਲਾਲ ਬਹਾਦਰ ਸ਼ਾਸ਼ਤਰੀ ਕੰਪਲੈਕਸ ਵਿੱਚ ਸ਼ਾਪ-ਕਮ-ਫਲੈਟਾਂ ਦੇ ਅੱਗੇ ਟੁੱਟੀ-ਭੱਜੀ ਪਾਰਕਿੰਗ ਦੀ ਪਲੈਨਿੰਗ ਕਰਕੇ ਮਾਡਰਨ ਪਾਰਕਿੰਗ ਬਣਾਉਣ ਲਈ ਇੰਟਰਲਾਕ ਟਾਈਲਾਂ, ਲਾਈਟਾਂ ਆਦਿ ਦਾ ਕੰਮ ਕਰਵਾਇਆ ਗਿਆ ਜਦਕਿ ਗਰੀਨਰੀ ਲਈ ਪਲਾਟਟੈਸ਼ਨ ਕਰਵਾਈ ਜਾ ਰਹੀਂ ਹੈ। ਉਹਨਾਂ ਕਿਹਾ ਕਿ ਮੱਛੀ ਵਿਕਰੇਤਾ ਵੱਲੋਂ ਕੀਤੇ ਗਏ ਨਜਾਇਜ ਕਬਜੇ ਨੂੰ ਖਾਲੀ ਕਰਵਾ ਕੇ 4 ਸ਼ਾਪ-ਕਮ-ਫਲੈਟ ਵੇਚਣ ਲਈ ਜਗ੍ਹਾ ਖਾਲੀ ਕਰਵਾਈ ਗਈ ਹੈ, ਜਿਸ ਨਾਲ ਟਰੱਸਟ ਨੂੰ ਕਰੋੜਾਂ ਰੁਪਏ ਦੀ ਆਮਦਨ ਹੋਵੇਗੀ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਲਈ ਇਸੇ ਸਕੀਮ ਦੇ ਅੱਗੇ ਟਿਊਬਵੈਲ ਦੇ ਨਾਲ ਕੈਫੀਟੇਰੀਆ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਿਲਟਰੀ ਏਰੀਏ ਦੇ ਨਾਲ ਖਾਲੀ ਪਈ ਤਿਕੋਣੀ ਜਗ੍ਹਾ ਦਾ ਡਿਮਾਂਡ ਸਰਵੇ ਕਰਵਾਇਆ ਜਾ ਰਿਹਾ ਹੈ। ਇਸ ਜਗ੍ਹਾ ਵਿੱਚ ਵੀ ਦਫਤਰ ਅਤੇ ਹੋਰ ਸੰਸਥਾਵਾ ਨੂੰ ਜਗ੍ਹਾ ਦੀ ਅਲਾਟਮੈਂਟ ਕੀਤੀ ਜਾਵੇਗੀ। ਵਿਨੋਦ ਬਾਂਸਲ ਨੇ ਕਿਹਾ ਕਿ ਟਰੱਸਟ ਦੀ ਸਕੀਮ ਨੰ: 3 ਵਿੱਚ ਖਾਲੀ ਪਈ 5200 ਵ: ਗਜ ਜਗ੍ਹਾ ਵਿੱਚ ਸੁਪਰ ਡੀਲਕਸ ਫਲੈਟ ਬਣਾਉਣ ਦੀ ਤਜਵੀਜ ਤਿਆਰ ਕੀਤੀ ਜਾ ਚੁੱਕੀ ਹੈ। ਜਲਦੀ ਹੀ ਇਸ ਜਗ੍ਹਾ ਤੇ 5 ਮੰਜਿਲਾ ਕੰਪਲੈਕਸ ਤਿਆਰ ਕੀਤਾ ਜਾਣਾ ਹੈ। ਜਿਸਦੇ 4 ਬਲਾਕ ਹਨ। ਇਸ ਕੰਪਲੈਕਸ ਵਿੱਚ ਕੁੱਲ 40 ਫਲੈਟ ਹਨ। ਜਿਨ੍ਹਾਂ ਵਿੱਚ ਸਾਰੀਆਂ ਸਹੂਲਤਾ ਉਪਲੱਭਧ ਹਨ। ਚੇਅਰਮੈਨ ਨੇ ਕਿਹਾ ਕਿ ਟਰੱਸਟ ਦੀ ਸਕੀਮ ਨੰਬਰ 3 ਵਿੱਚ ਖਾਲੀ ਪਈ ਜਗ੍ਹਾ 2780 ਵ: ਗਜ ਵਿੱਚ ਬੱਚਿਆਂ ਲਈ ਖੇਡ ਪਾਰਕ ਆਦਿ ਦੀ ਵਿਵਸਥਾ ਕਰਨ ਲਈ ਸਰਕਾਰ ਪਾਸੋਂ ਪ੍ਰਵਾਨਗੀ ਪ੍ਰਾਪਤ ਕੀਤੀ ਜਾ ਚੁੱਕੀ ਹੈ ਜਲਦ ਹੀ ਸ਼ਹਿਰ ਵਾਸੀਆ ਨੂੰ ਇਹ ਸਹੂਲਤ ਮੁਹੱਇਆ ਕਰਵਾਈ ਜਾਵੇਗੀ ਜੋ ਕਿ ਮੋਗਾ ਸ਼ਹਿਰ ਵਿੱਚ ਮਨੋਰੰਜਨ ਦਾ ਸਾਧਨ ਵੀ ਹੋਵੇਗੀ। ਉਹਨਾਂ ਕਿਹਾ ਕਿ ਟਰੱਸਟ ਦੀਆਂ ਵੱਖ-2 ਸਕੀਮਾਂ ਵਿੱਚ ਸੜਕਾਂ ਸਾਲ 2011-12 ਵਿੱਚ ਬਣੀਆਂ ਸਨ ਤੇ ਹੁਣ ਇੰਨ੍ਹਾਂ ਸੜਕਾ ਦਾ ਨਵੀਨੀਕਰਨ ਕਰਨ ਲਈ ਬੀ.ਐਮ.ਪੀ.ਸੀ. ਦੇ ਕੰਮ ਕਰਵਾਏ ਜਾ ਚੁੱਕੇ ਹਨ। ਵਿਨੋਦ ਬਾਂਸਲ ਨੇ ਆਖਿਆ ਕਿ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਵਿੱਚ 7 ਫੂਡ ਕੋਰਟ ਬਣਵਾਏ ਜਾ ਚੁੱਕੇ ਹਨ ਜਿਹਨਾਂ ਨਾਲ 7-8 ਵਿਅਕਤੀਆਂ ਨੂੰ ਘਰ-ਘਰ ਰੋਜਗਾਰ ਯੋਜਨਾ ਅਧੀਨ ਰੋਜ਼ਗਾਰ ਹਾਸਲ ਹੋਵੇਗਾ। ਉਹਨਾਂ ਕਿਹਾ ਕਿ ਵੱਖ-2 ਸਕੀਮਾਂ ਵਿੱਚ ਐਲ.ਈ.ਡੀ ਲਾਈਟਾਂ ਲਗਾਈਆ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਟਰੱਸਟ ਦੇ ਵੱਖ-2 ਪਾਰਕਾਂ ਤੋਂ ਇਲਾਵਾ ਕਸ਼ਮੀਰੀ ਪਾਰਕ, ਨੇਚਰ ਪਾਰਕ, ਨਹਿਰੂ ਪਾਰਕ, ਦਸ਼ਮੇਸ਼ ਪਾਰਕ ਆਦਿ ਵਿੱਚ ਹੈਲਥ ਓਪਨ ਜਿੰਮ ਲਗਾਏ ਜਾ ਚੁੱਕੇ ਹਨ ਤੇ ਇਨ੍ਹਾਂ ਪਾਰਕਾਂ ਵਿੱਚ ਲੱਗੇ ਹੈਲਥ ਜਿੰਮਾਂ ਦਾ ਸ਼ਹਿਰ ਵਾਸੀ ਪੂਰਾ ਲਾਭ ਉਠਾ ਰਹੇ ਹਨ। ਉਹਨਾਂ ਕਿਹਾ ਕਿ ਜਾਇਦਾਦਾਂ ਦੀ ਰਾਖਵੀਂ ਕੀਮਤ ਫਿਕਸ ਕਰਵਾਈ ਜਾ ਚੁੱਕੀ ਹੈ। ਟਰੱਸਟ ਦੀਆਂ ਜਾਇਦਾਦਾ ਦੀ ਨਿਲਾਮੀ ਲਈ ਰੇਰਾ ਪਾਸੋਂ ਜਲਦ ਹੀ ਪ੍ਰਵਾਨਗੀ ਲਈ ਜਾ ਰਹੀਂ ਹੈ। ਪ੍ਰਵਾਨਗੀ ਮਿਲਣ ਉਪਰੰਤ ਸ਼ਹਿਰ ਵਾਸੀਆਂ ਨੂੰ ਅਸਾਨ ਕਿਸ਼ਤਾਂ ਤੇ ਦੁਕਾਨਾਂ ਅਤੇ ਪਲਾਟ ਵੇਚੇ ਜਾਣਗੇ। ਉਹਨਾਂ ਕਿਹਾ ਕਿ ਬੱਸ ਸਟੈਂਡ ਦੇ ਸਾਹਮਣੇ ਮੈਨ ਚੌਂਕ ਵਾਲੀ ਜਗ੍ਹਾ ਜੋ ਕਿ ਐਨ.ਐਚ 95 ਰੋਡ ਦੇ ਬਣੇ ਪੁੱਲ ਦੇ ਥੱਲੇ ਮੋਗਾ ਸ਼ਹਿਰ ਦੇ ਮੇਨ ਬਜਾਰ ਆਉਣ-ਜਾਣ ਲਈ ਰਸਤਾ ਹੈ ਦੇ ਪਿੱਲਰਾਂ ਵਿਚਕਾਰ ਸਜਾਵਟੀ ਬੂਟੇ ਲਗਾਕੇ ਸੁੰਦਰੀਕਰਨ ਕਰਨ ਲਈ ਐਸਟੀਮੈਂਟ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਚੌਂਕ ਦੇ ਸੁੰਦਰੀਕਰਨ ਲਈ ਟੈਂਡਰਾਂ ਦੀ ਮੰਗ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਟਰੱਸਟ ਦੀ ਸਕੀਮ ਨੰ: 6 ਐਕਸਟੈਂਸ਼ਨ ਵਿੱਚ ਮੰਦਬੁੱਧੀ ਬੱਚਿਆਂ ਲਈ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਸਹਿਯੋਗ ਨਾਲ ਲਗਭਗ 45 ਮਰਲੇ ਜਗ੍ਹਾ ਵਿੱਚ ਸਕੂਲ ਬਣਾਇਆ ਜਾ ਰਿਹਾ ਹੈ ਤੇ ਪ੍ਰਵਾਨਗੀ ਮਿਲਣ ਉਪਰੰਤ ਇਹ ਪ੍ਰੋਜੈਕਟ ਵੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਇਸਤੋਂ ਇਲਾਵਾ ਜਲਦ ਹੀ ਲਗਭਗ 50 ਲੱਖ ਦੀ ਲਾਗਤ ਨਾਲ ਕਮਿਊਨਟੀ ਸੈਂਟਰ ਬਣਾਇਆ ਜਾ ਰਿਹਾ ਹੈ। ਵਿਨੋਦ ਬਾਂਸਲ ਨੇ ਕਿਹਾ ਕਿ ਮੋਗਾ ਸ਼ਹਿਰ ਵਿੱਚ ਗਰੀਬ ਵਿਅਕਤੀਆਂ ਲਈ ਸਾਂਝੇ ਪ੍ਰੋਗਰਾਮ ਕਰਨ ਵਾਸਤੇ ਪਹਿਲਾਂ ਬਣੀਆਂ ਧਰਮਸ਼ਾਲਾਵਾਂ ਦੀ ਰਿਪੇਅਰ ਅਤੇ ਨਵੀਆਂ ਧਰਮਸ਼ਾਲਾ ਤੋਂ ਇਲਾਵਾ ਮੰਦਿਰ ਅਤੇ ਪਾਰਕ ਆਦਿ ਬਣਾ ਕੇ ਦੇਣ ਲਈ ਸ਼ਹਿਰ ਵਾਸੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਜਿਸ ਸਬੰਧੀ ਟਰੱਸਟ ਵੱਲੋਂ ਆਪਣੇ ਮਤਿਆਂ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਸਰਕਾਰ ਪਾਸੋਂ ਪ੍ਰਵਾਨਗੀ ਲੈ ਕੇ ਜਲਦ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਚੇਅਰਮੈਨ ਵਿਨੋਦ ਬਾਂਸਲ ਦੇ ਨਾਲ ਚੇਅਰਮੇਨ ਦਵਿੰਦਰਪਾਲ ਸਿੰਘ ਰਿੰਪੀ, ਰਵਿੰਦਰ ਗੋਇਲ ਸੀ ਏ, ਵਿਨੀਤ ਸਿੰਗਲਾ, ਪ੍ਰਣਵ ਬਾਂਸਲ, ਧੀਰਜ਼ ਸ਼ਰਮਾ, ਬਲਵੰਤ ਰਾਏ ਪੰਮਾ, ਰਾਕੇਸ਼ ਸਿਤਾਰਾ ਅਤੇ ਰਮਨ ਮੱਕੜ ਆਦਿ ਹਾਜ਼ਰ ਸਨ।