ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ‘ਚ ਯੂਥ ਅਕਾਲੀ ਦਲ ਵੱਲੋਂ ਕੋਵਿਡ ਤੋਂ ਪੀੜਤ ਮਰੀਜ਼ਾਂ ਦੇ ਪਰਿਵਾਰਾਂ ਲਈ ਵਰਤਾਇਆ ਜਾ ਰਿਹੈ ਲੰਗਰ

ਮੋਗਾ,24 ਮਈ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਦੀ ਟੀਮ ਵੱਲੋਂ ਕੋਵਿਡ ਦੀ ਜ਼ਦ ਵਿਚ ਆਏ ਮਰੀਜ਼ਾਂ ਦੀ ਸਹਾਇਤਾ ਲਈ ਸਿਵਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਪਿਛਲੇ ਕਈ ਦਿਨਾਂ ਤੋਂ ਲੰਗਰ ਵਰਤਾਇਆ ਜਾ ਰਿਹਾ ਹੈ। ਇਹ ਲੰਗਰ ਬੀਬੀ ਕਾਹਨ ਕੌਰ ਦੇ ਗੁਰਦੁਆਰਾ ਸਾਹਿਬ ਤੋਂ ਤਿਆਰ ਕਰਕੇ ਇਸ ਦੀ ਬਕਾਇਦਾ ਪੈਕਿੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਹਸਪਤਾਲ ਪਹੁੰਚ ਕੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਲੰਗਰ ਵਰਤਾਇਆ। ਉਹਨਾਂ ਮਰੀਜ਼ਾਂ ਦੀ ਦੇਖਭਾਲ ਕਰਨ ਆਏ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਆਖਿਆ ਕਿ ਕਰੋਨਾ ਕਾਲ ਮਨੁੱਖਤਾ  ਦੀ ਹੋਂਦ ਲਈ ਖਤਰਾ ਹੈ ਅਤੇ ਇਸ ਸਮੇਂ ਦੌਰਾਨ ਜੇਕਰ ਕਿਸੇ ਵੀ ਭੈਣ ਵੀਰ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਹਨਾਂ ਦੇ ਧਿਆਨ ਵਿਚ ਲਿਆਉਣ । ਮੱਖਣ ਨੇ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਮੋਗਾ ਟੀਮ ਨਾ ਸਿਰਫ਼ ਸਿਵਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਮਦਦ ਲਈ ਨਿਰਸਵਾਰਥ ਲੰਗਰ ਦੀ ਸੇਵਾ ਕਰ ਰਹੀ ਹੈ ਬਲਕਿ ਜਿਹੜੇ ਕੋਵਿਡ ਪਾਜ਼ੀਟਿਵ ਕੇਸਾਂ ਵਾਲੇ ਮਰੀਜ਼ਾਂ ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ ਹੈ ਉਹ ਉਹਨਾਂ ਤੱਕ ਵੀ ਰਾਸ਼ਨ ਪਹੁੰਚਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਮੱਖਣ ਬਰਾੜ ਨੇ ਆਖਿਆ ਕਿ ਆਖਿਆ ਕਿ ਇਸ ਨੇਕ ਕਾਰਜ ਲਈ ਯੂਥ ਵਿੰਗ ਸ਼ੋ੍ਰਮਣੀ ਅਕਾਲੀ ਦਾ ਵਿਸ਼ੇਸ਼ ਯੋਗਦਾਨ ਹੈ ਜਿਹਨਾਂ ਵੱਲੋਂ ਸਿਵਲ ਹਸਪਤਾਲ ਵਿਚ ਦਾਖਲ ਗਰੀਬ ਤਪਕੇ ਦੇ ਲੋਕਾਂ ਨੂੰ ਬਰੇਕਫਾਸਟ, ਲੰਚ, ਡਿਨਰ ਜਾਂ ਬਰੈੱਡ ਵਗੈਰਾ ਲੋੜ ਮੁਤਾਬਕ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਆਖਿਆ ਕਿ ਇਸ ਦੇ ਨਾਲ ਹੀ ਉਹਨਾਂ ਦਾਖਲ ਮਰੀਜ਼ਾਂ ਦੀ ਸਹੂਲਤ ਲਈ ਫੋਨ ਨੰਬਰ ਵੀ ਜਾਰੀ ਕੀਤੇ ਹਨ ਤਾਂ ਜੋ ਕਰੋਨਾ ਦੀ ਇਸ ਲੜਾਈ ਵਿਚ ਹਰ ਇਕ ਲੋੜਵੰਦ ਦੀ ਮਦਦ ਕੀਤੀ ਜਾ ਸਕੇ।