ਕੋਵਿਡ-19 ਮਰੀਜ਼ਾਂ ਨੂੰ ਛੁੱਟੀ ਮਿਲਣ ਉਪਰੰਤ ਆਕਸੀਜਨ ਕੰਸਨਟ੍ਰੇਟਰਜ਼ ਜਾਰੀ ਕੀਤੇ ਜਾਣਗੇ: ਸਿਹਤ ਮੰਤਰੀ ਦਾ ਵੱਡਾ ਐਲਾਨ,ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਅਪੀਲ ਨੂੰ ਪਿਆ ਬੂਰ

ਚੰਡੀਗੜ੍ਹ, 24 ਮਈ:(ਜਸ਼ਨ):  ਪੰਜਾਬ ਸਰਕਾਰ ਨੇ ਹਸਪਤਾਲਾਂ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਏ ਮਰੀਜ਼ਾਂ ਦੀਆਂ ਆਕਸੀਜਨ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਘਰ ਵਿੱਚ ਵਰਤੋਂ ਲਈ ਆਕਸੀਜਨ ਕੰਸਨਟ੍ਰੇਟਰਜ਼ ਵੰਡਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦਿੱਤੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਉਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਕੰਸਨਟ੍ਰੇਟਰਜ਼ ਜਾਰੀ ਕਰਨ ਦੀ ਆਗਿਆ ਦਿੱਤੀ ਗਈ ਹੈ ਜਿਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਕੁਝ ਦਿਨਾਂ ਲਈ ਘੱਟ ਆਕਸੀਜਨ ਸਬੰਧੀ ਸਹਾਇਤਾ ਦੀ ਲੋੜ ਹੈ।ਜ਼ਿਕਰਯੋਗ ਹੈ ਕਿ ਪਹਿਲਾਂ ਕੋਵਿਡ ਮਰੀਜ਼ਾਂ ਨੂੰ ਛੁੱਟੀ ਮਿਲਣ ਉਪਰੰਤ ਉਹਨਾਂ ਦੇ ਘਰਾਂ ਵਿਚ ਆਕਸੀਜਨ ਕੰਸਨਟ੍ਰੇਟਰਜ਼ ਮੁਹਇਆ ਨਹੀਂ ਕਰਵਾਏ ਜਾਂਦੇ ਸਨ ਤੇ ਇਸ ਮੁੱਦੇ ਤੇ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਲਿਖਤੀ ਅਪੀਲ ਦੇ ਨਾਲ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੂੰ ਮਰੀਜ਼ਾਂ ਲਈ ਇਹ ਸਹੂਲਤ ਦੇਣ ਦੀ ਅਪੀਲ ਕੀਤੀ ਸੀ।ਸਮੇਂ ਦੀ ਨਬਜ਼ ਪਹਿਚਾਣਦਿਆਂ  ਵਿਧਾਇਕ ਡਾਕਟਰ ਹਰਜੋਤ ਕਮਲ ਨੇ ਆਪਣੇ ਨਿੱਜੀ ਦਫਤਰ ਵਿਖੇ ਪੰਜ ਆਕਸੀਜਨ ਕੰਸਨਟ੍ਰੇਟਰਜ਼ ਕੋਵਿਡ ਮਰੀਜ਼ਾਂ ਲਈ ਤਿਆਰ ਰੱਖੇ ਸਨ ਤਾਂ ਕਿ ਮੋਗਾ ਚ ਕਿਸੇ ਵੀ ਹੰਗਾਮੀ ਹਾਲਤ ਦਾ ਸਾਹਮਣਾ ਕੀਤਾ ਜਾ ਸਕੇ। 

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ  ਕਿ ਅਜਿਹੇ ਮਰੀਜ਼ ਨੂੰ ਉਸ ਦੀ ਦੇਖਰੇਖ ਕਰਨ ਵਾਲੇ ਵਿਅਕਤੀ ਤੋਂ ਸਵੈ-ਘੋਸ਼ਣਾ ਲੈਣ ਤੋਂ ਬਾਅਦ 5 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਵਾਲਾ ਆਕਸੀਜਨ ਕੰਸਨਟ੍ਰੇਟਰ ਜਾਰੀ ਕੀਤਾ ਜਾਵੇਗਾ। ਆਕਸੀਜਨ ਕੰਸਨਟ੍ਰੇਟਰ ਵੱਧ ਤੋਂ ਵੱਧ 4 ਹਫ਼ਤਿਆਂ ਲਈ ਜਾਰੀ ਕੀਤਾ ਜਾਏਗਾ ਅਤੇ ਇਸ ਲਈ ਵਾਪਸੀਯੋਗ ਸਕਿਉਰਿਟੀ ਡਿਪਾਜਿਟ ਲਿਆ ਜਾਵੇਗਾ। ਆਕਸੀਜਨ ਬੈਂਕਾਂ ਦੀ ਨਿਗਰਾਨੀ ਅਤੇ ਕੰਮਕਾਜ ਲਈ, ਸਾਰੇ ਡਿਪਟੀ ਕਮਿਸ਼ਨਰ ਇਕ ਨੋਡਲ ਅਧਿਕਾਰੀ ਨਿਯੁਕਤ ਕਰਨਗੇ ਜੋ ਹਰ ਰੋਜ਼ ਸਬੰਧਤ ਡਿਪਟੀ ਕਮਿਸ਼ਨਰ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੂੰ ਰਿਪੋਰਟ ਕਰਨਗੇ।

ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਹਸਪਤਾਲਾਂ ਵਿੱਚ ਆਕਸੀਜਨ ਦੀ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਇਸ ਮੰਤਵ ਲਈ ਜ਼ਿਨ੍ਹਾਂ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਘੱਟ ਆਕਸੀਜਨ ਦੀ ਲੋੜ ਹੈ, ਦੀ ਮੰਗ ਨੂੰ ਪੂਰਾ ਕਰਨ ਲਈ ਆਕਸੀਜਨ ਕੰਸਨਟਰੇਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।ਉਨ੍ਹਾਂ ਸਾਰਿਆਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਦਿਖਾਈ ਦੇਣ `ਤੇ  ਜਲਦ ਤੋਂ ਜਲਦ ਟੈਸਟ ਕਰਵਾਉਣ ਦੀ ਅਪੀਲ ਕੀਤੀ।