ਕਰੋਨਾ ਮਰੀਜ਼ਾਂ ਲਈ ਫਰਿਸ਼ਤਾ ਬਣ ਕੇ ਬਹੁੜੇ ਵਿਧਾਇਕ ਡਾ. ਹਰਜੋਤ ਕਮਲ ਨੇ ਆਕਸੀਜ਼ਨ ਕੰਨਸਟਰੇਟਰ ਬੈਂਕ ਕੀਤਾ ਸਥਾਪਿਤ

Tags: 

ਮੋਗਾ, 21 ਮਈ (ਜਸ਼ਨ):  ਕਰੋਨਾ ਮਹਾਂਮਾਰੀ ਦੇ ਪੈਰ ਪਸਾਰਨ ਅਤੇ ਕੋਵਿਡ ਦੀ ਦੂਜੀ ਲਹਿਰ ਦੇ ਚੱਲਦਿਆਂ ਨਿਤ ਦਿਨ ਕੋਵਿਡ ਮਰੀਜ਼ਾਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਅਤੇ ਆਕਸੀਜ਼ਨ ਦੀ ਲੋੜ ਦੇ ਮੱਦੇਨਜ਼ਰ ਵਿਧਾਇਕ ਡਾ: ਹਰਜੋਤ ਕਮਲ ਨੇ ਕਿਸੇ ਵੀ ਹੰਗਾਮੀ ਹਾਲਾਤ ਦਾ ਸਾਹਮਣਾ ਕਰਨ ਲਈ ਆਪਣੇ ਮੋਗਾ ਦਫਤਰ ਵਿਚ ਆਕਸੀਜ਼ਨ ਕੰਨਸਟਰੇਟਰ ਬੈਂਕ ਸਥਾਪਿਤ ਕੀਤਾ ਹੈ। 
ਵਿਧਾਇਕ ਡਾ. ਹਰਜੋਤ ਕਮਲ ਨੇ ਦੱਸਿਆ ਕਿ ਦੇਸ਼ ਵਿਚ ਆਕਸੀਜ਼ਨ ਦੀ ਕਮੀ ਪਾਏ ਜਾਣ ਦੇ ਅਗਾਊਂ ਪ੍ਰਬੰਧਾਂ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਕੋਵਿਡ ਦੇ ਮਰੀਜ਼ਾਂ ਜਾਂ ਕਿਸੇ ਹੋਰ ਰੋਗ ਤੋਂ ਗ੍ਰਸਤ ਵਿਅਕਤੀਆਂ ਨੂੰ ਘਰਾਂ ਵਿਚ ਆਕਸੀਜ਼ਨ ਸਪੋਟ ਲਈ ਸਿਲੰਡਰ ਮੁਹੱਈਆ ਨਾ ਕਰਵਾਏ ਜਾਣ ਅਤੇ ਆਕਸੀਜ਼ਨ ਸਿਲੰਡਰ ਸਰਕਾਰੀ ਜਾਂ ਨਿੱਜੀ ਹਸਪਤਾਲਾਂ ਵਿਚ ਜ਼ੇਰੇ ਇਲਾਜ ਵਿਅਕਤੀਆਂ ਨੂੰ ਹੀ ਦਿੱਤੇ ਜਾਣ । ਵਿਧਾਇਕ ਨੇ ਆਖਿਆ ਕਿ ਇਸ ਫੈਸਲੇ ਨਾਲ ਕੋਵਿਡ ਮਰੀਜ਼ਾਂ ਦੀ ਸਿਹਤ ’ਤੇ ਬੁਰਾ ਅਸਰ ਪੈਣ ਦਾ ਖਦਸ਼ਾ ਪੈਦਾ ਹੋ ਗਿਆ ਅਤੇ ਕਈ ਮਰੀਜ਼ ਜੋ ਹਸਪਤਾਲ ਵਿਚ ਦਾਖਲ ਸਨ ਅਤੇ ਠੀਕ ਹੋ ਚੁੱਕੇ ਸਨ ਅਤੇ ਜਿਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰੇ ਭੇਜਿਆ ਜਾ ਸਕਦਾ ਸੀ ਉਹ ਇਸ ਗੱਲ ਦੇ ਡਰੋਂ ਕਿ  ਘਰ ਵਿਚ ਆਕਸੀਜ਼ਨ ਉਪਲੱਬਦ ਨਹੀਂ ਹੋ ਸਕੇਗੀ , ਹਸਪਤਾਲ ਤੋਂ ਛੁੱਟੀ ਲੇਣ ਤੋਂ ਕੰਨੀ ਕਤਰਾਉਣ ਲੱਗੇ ਸਨ । ਉਹਨਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਹਸਪਤਾਲ ਤੋਂ ਛੁੱਟੀ ਨਾ ਲੈਣ ਕਾਰਨ ਜਿੱਥੇ ਉਹਨਾਂ ਦੇ ਪਰਿਵਾਰਾਂ ਤੇ  ਬੇਲੋੜਾ ਆਰਥਿਕ ਬੋਝ ਪੈ ਰਿਹਾ ਹੈ ਉੱਥੇ ਲੋੜਵੰਦ ਕੋਵਿਡ ਪ੍ਰਭਾਵਿਤ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਬੈੱਡ ਪ੍ਰਾਪਤ ਕਰਨ ਵਿਚ ਮੁਸ਼ਕਿਲ ਪੇਸ਼ ਆ ਰਹੀ ਸੀ। 
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਡਿਪਟੀ ਕਮਿਸ਼ਨਰ ਰਾਹੀਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿੱਖ ਕੇ ਕਰੋਨਾ ਦੀ ਜ਼ਦ ਵਿਚ ਆਏ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਮੁੱਫਤ ਆਕਸੀਜ਼ਨ ਮੁਹੱਈਆ ਕਰਵਾਉਣ ਲਈ ਮੋਗਾ ‘ਚ ਪੰਜਾਬ ਦਾ ਪਹਿਲਾ ਆਕਸੀਜ਼ਨ ਕੰਨਸਨਟਰੇਟਰ ਬੈਂਕ ਸਥਾਪਿਤ ਕਰਨ ਦੀ ਮਨਜ਼ੂਰੀ ਮੰਗੀ ਸੀ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤੋਂ ਮਨਜ਼ੂਰੀ ਮਿਲਣ ਉਪਰੰਤ ਉਹਨਾਂ ਸੁਖਜੀਤ ਸਿੰਘ ਹਾਂਗਕਾਂਗ ਅਤੇ ਹੋਰਨਾਂ ਐੱਨ ਆਰ ਆਈ ਮਿੱਤਰਾਂ ਤੋਂ ਮਦਦ ਲਈ ਅਤੇ ਬਾਕੀ ਨਿੱਜੀ ਤੌਰ ’ਤੇ ਪੈਸੇ ਖਰਚ ਕੇ ਆਕਸੀਜ਼ਨ ਕੰਨਸਨਟਰੇਟਰ ਮੰਗਵਾ ਕੇ ਆਪਣੇ ਮੋਗਾ ਦਫਤਰ ਵਿਖੇ ਆਕਸੀਜ਼ਨ ਕੰਨਸਟਰੇਟਰ ਬੈਂਕ ਸਥਾਪਿਤ ਕੀਤਾ। ਉਹਨਾਂ ਆਖਿਆ ਕਿ ਇਸੇ ਤਰਾਂ ਪ੍ਰਸ਼ਾਸਨ ਦੀ ਮਦਦ ਨਾਲ ਸਰਕਾਰੀ ਹਸਪਤਾਲ ਵਿਚ ਵੀ ਆਕਸੀਜ਼ਨ ਕੰਨਸਟਰੇਟਰ ਬੈਂਕ ਸਥਾਪਿਤ ਕਰਕੇ ਮੋਗਾ ਵਾਸੀਆਂ ਨੂੰ ਹਰ ਤਰਾਂ ਦੇ ਹੰਗਾਮੀ ਹਾਲਾਤਾਂ ਵਿਚ ਵੀ ਆਕਸੀਜ਼ਨ ਦੀ ਉਲੱਬਤਤਾ ਯਕੀਨੀ ਬਣਾਈ ਗਈ ਹੈ। ਉਹਨਾਂ ਆਖਿਆ ਕਿ ਉਹਨਾਂ ਦੇ ਇਹਨਾਂ ਯਤਨਾਂ ਨੂੰ ਬੂਰ ਪਿਆ ਹੈ ਅਤੇ ਸਿਹਤ ਵਿਭਾਗ ਵਲੋਂ ਇਹ ਲੋੜਵੰਦ ਮਰੀਜ਼ਾਂ ਨੂੰ ਘਰਾਂ ਵਿਚ ਮੁਹੱਈਆ ਕਰਵਾਏ ਜਾ ਸਕਣਗੇ ਤੇ ਇੰਜ ਘਰ ਦੇ ਸਾਜ਼ਗਾਰ ਮਾਹੌਲ ਵਿਚ ਮਰੀਜ਼ ਛੇਤੀ ਸਿਹਤਯਾਬ ਹੋ ਸਕਣਗੇ ।ਵਿਧਾਇਕ ਡਾ. ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਨੇ ਆਪਣੇ ਦਫਤਰ ਵਿਚ ਹੀ ਆਕਸੀਜ਼ਨ ਕੰਨਸਟਰੇਟਰ ਬੈਂਕ ਸਥਾਪਿਤ ਕੀਤਾ ਹੈ ਜਿੱਥੇ 6 ਆਕਸੀਜ਼ਨ ਕੰਨਸਟਰੇਟਰ ਹਰ ਵਕਤ ਤਿਆਰ ਰੱਖੇ ਜਾ ਰਹੇ ਨੇ ਤਾਂ ਕਿ ਕਿਸੇ ਵੀ ਹੰਗਾਮੀ ਹਾਲਾਤ ਵਿਚ ਮਰੀਜ਼ਾਂ ਨੂੰ ਮੁਹੱਈਆ ਕਰਵਾਏ ਜਾ ਸਕਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਗਾ ਹਲਕੇ ਦਾ ਹਰ ਵਾਸੀ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੈ ਅਤੇ ਉਹਨਾਂ ਦੀ ਸੁਰੱਖਿਆ ਉਹਨਾਂ ਲਈ ਪ੍ਰਾਥਮਿਕਤਾ ਹੈ ਇਸ ਕਰਕੇ ਉਹ ਕਰੋਨਾ ਪ੍ਰਤੀ ਸਾਵਧਾਨੀਆਂ ਰੱਖਦਿਆਂ ਨਿਸ਼ਚਿੰਤ ਰਹਿਣ । 
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਕੋਵਿਡ ਤੋਂ ਪ੍ਰਭਾਵਿਤ ਲੋਕ ਘਰਾਂ ਵਿਚ ਆਕਸੀਜ਼ਨ ਸਿਲੰਡਰ ਜਮ੍ਹਾ ਕਰ ਰਹੇ ਸਨ ਜੋ ਨਾ ਸਿਰਫ਼ ਘਰਾਂ ਵਿਚ ਬਲੌਕ ਪਏ ਸਨ ਬਲਕਿ ਉਹਨਾਂ ਸਿਲੰਡਰਾਂ ਵਿਚ ਜਲਣਸ਼ੀਲ ਪਦਾਰਥ ਹੋਣ ਕਾਰਨ ਇਹਨਾਂ ਸਿਲੰਡਰਾਂ ਨੂੰ ਘਰਾਂ ਵਿਚ ਰੱਖਣਾ ਕਿਸੇ ਤਰਾਂ ਦੀ ਅਣਸੁਖਾਂਵੀਂ ਘਟਨਾ ਦਾ ਕਾਰਨ ਵੀ ਬਣ ਸਕਦਾ ਸੀ ਪਰ ਹੁਣ ਆਕਸੀਜ਼ਨ ਕੰਨਸਟਰੇਟਰ ਨੂੰ ਘਰਾਂ ਵਿਚ ਰੱਖਣ ਨਾਲ ਇਸ ਤਰਾਂ ਦੀ ਘਟਨਾ ਤੋਂ ਬਚਿਆ ਜਾ ਸਕਦਾ ਹੈ ਅਤੇ ਇਸ ਨੂੰ ਚਲਾਉਣ ’ਤੇ ਜਿੰਨੀ ਮਰਜ਼ੀ ਦੇਰ ਮਰੀਜ਼ ਦੀ ਆਕਸੀਜ਼ਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਡਾ. ਹਰਜੋਤ ਕਮਲ ਨੇ ਕਰੋਨਾ ਦੀ ਪਹਿਲੀ ਲਹਿਰ ਦੌਰਾਨ ਅੱਧੀ ਅੱਧੀ ਰਾਤ ਤੱਕ ਹਸਪਤਾਲ ਵਿਚ ਜਾ ਕੇ ਪ੍ਰਬੰਧਾਂ ਦੀ ਨਜ਼ਰਸਾਨੀ ਕੀਤੀ ਅਤੇ ਚਾਰ ਵੈਂਟੀਲੇਟਰਾਂ ਦੇ ਨਾਲ ਨਾਲ ਛੇ ਮੌਨੀਟਰਾਂ ਦਾ ਵੀ ਪ੍ਰਬੰਧ ਕਰਵਾਇਆ ਤਾਂ ਕਿ ਮੋਗਾ ਵਾਸੀਆਂ ਨੂੰ ਸੁਰੱਖਿਅਤ ਕੀਤਾ ਜਾ ਸਕੇ।