ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 21 ਮਈ ਨੂੰ

ਮੋਗਾ ,21 ਮਈ (ਜਸ਼ਨ )-  ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਪੰਜਾਬ ਦਾ ਉਹ ਮਕਬੂਲ ਸਿਆਸਤਦਾਨ ਸੀ ਜਿਨ੍ਹਾਂ ਨੇ ਛੋਟੇ ਜਿਹੇ ਪਿੰਡ ਵਿੱਚੋਂ ਉੱਠ ਕੇ ਆਪਣੇ ਸਿਆਸੀ ਰੁਤਬੇ ਦਾ ਘੇਰਾ ਰਾਜ ਪੱਧਰ ਤੱਕ ਸਥਾਪਤ ਕੀਤਾ। ਇਸੇ ਕਰਕੇ ਉਹਨਾਂ ਨੂੰ ਰਹਿੰਦੀ ਦੁਨੀਆਂ ਤਕ ਚੇਤੇ ਰੱਖਿਆ ਜਾਵੇਗਾ। ਅਜਿਹੇ ਇਨਸਾਨ ਵਿਰਲੇ ਹੁੰਦੇ ਹਨ ਜਿਹੜੇ ਸਿਆਸਤ ਨੂੰ ਸੇਵਾ ਦਾ ਖੇਤਰ ਸਮਝਦੇ ਹੋਏ ਲੋਕ ਹਿੱਤਾਂ ਨੂੰ ਸਮਰਪਤ ਹੋ ਜਾਂਦੇ ਹਨ। ਜਥੇਦਾਰ ਜ਼ੀਰਾ ਉਹਨਾਂ ਵਿਰਲਿਆਂ ਵਿੱਚ ਇਕ ਸਨ। ਉਨ੍ਹਾਂ  'ਚ ਇਕ ਨਹੀਂ ਸਗੋਂ ਅਨੇਕਾਂ ਗੁਣ ਸਨ ਜੋ ਉਨ੍ਹਾਂ ਲੋਕਾਂ ਦੇ ਲਈ ਵੀ ਪ੍ਰੇਰਨਾਦਾਇਕ ਬਣ ਗਏ  ਜਿਨ੍ਹਾਂ ਨੇ ਜਥੇਦਾਰ ਹੋਰਾਂ ਦੀ ਉਂਗਲ ਫੜਕੇ  ਸਿਆਸਤ ਵਿੱਚ ਪ੍ਰਵੇਸ਼ ਕੀਤਾ। ਸ੍ਵੈਮਾਣ ਨਾਲ ਜ਼ਿੰਦਗੀ ਜਿਉਣ ਵਾਲੇ ਸਿਆਸਤ ਦੇ ਇਸ ਕੋਹੇਨੂਰ ਹੀਰੇ ਨੇ ਨਾ ਕਦੇ ਈਨ ਮੰਨੀ ਨਾ ਆਪਣੇ ਨਾਲ ਜੁੜਿਆਂ ਦੀ ਕਦੇ ਪਿੱਠ ਲੱਗਣ ਦਿੱਤੀ। ਉਹਨਾਂ ਅੰਦਰ ਅਜਿਹੇ ਗੁਣ ਸਨ ਕਿ ਦੁਨੀਆਂ ਤੋਂ ਵਿਛੜ ਜਾਣ ਵਾਲੇ ਇਸ ਇਨਸਾਨ  ਨੂੰ ਚੇਤੇ ਕਰਦਿਆਂ ਸੀਨੇ ਵਿੱਚੋਂ ਚੀਸ ਉੱਠਦੀ ਹੈ। 
         ਉਹਨਾਂ ਦੀ ਦਿੱਖ ਪ੍ਰਭਾਵਸ਼ਾਲੀ ਸੀ। ਚਿਹਰੇ ਦਾ ਨਿਰਾਲਾ ਸਰੂਪ, ਲੰਬਾ ਦਾਹੜਾ, ਚਿੱਟਾ ਕਮੀਜ ਪਜਾਮਾ, ਉਪਰ ਗਾਤਰੇ ਵਾਲੀ ਕ੍ਰਿਪਾਨ ਅਤੇ ਨੀਲੀ-ਪੀਲੀ ਦਸਤਾਰ ਸਜਾਉਣ ਵਾਲੇ ਪੰਥ ਦੇ ਇਸ ਸੇਵਾਦਾਰ ਨੂੰ ਸਿੱਖੀ ਸ਼ਰਧਾ ਸਤਿਕਾਰ ਅਤੇ ਸਿੱਖੀ ਲਈ ਪਿਆਰ ਦੀ ਗੁੜਤੀ ਵਿਰਸੇ ਵਿੱਚੋਂ ਪ੍ਰਾਪਤ ਹੋਣ ਕਾਰਨ ਪੰਥਕ ਜ਼ਜਬਾ ਵੀ ਕੁੱਟ-ਕੁੱਟ ਕੇ ਭਰਿਆ ਹੋਇਆ ਸੀ।ਉਹ  ਦੂਰਅੰਦੇਸ਼ ਨੀਤੀਵਾਨ, ਗੁਰਮਤਿ ਸਿਧਾਂਤਾਂ ਦੇ ਜਾਣਕਾਰ, ਪੰਥਕ ਤੇ ਰਾਜਸੀ ਮਾਮਲਿਆਂ 'ਤੇ ਨੀਤੀ ਘੜਨ ਦੀ ਮੁਹਾਰਤ ਜਿੰਨੀ ਉਹਨਾਂ ਪਾਸ ਸੀ ਉਸਦਾ ਕੋਈ ਮੁਕਾਬਲਾ ਹੀ ਨਹੀਂ ਸੀ। ਜਥੇਦਾਰ ਜ਼ੀਰਾ ਜੀ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਅਕਾਲ ਪੁਰਖ ਵਿਚ ਅਭੇਦ ਹੋ ਗਏ ਹਨ। ਪੰਥਕ ਅਤੇ ਲੋਕ ਹਿਤਾਂ ਵਾਲੀ ਸਿਆਸਤ ਕਰਨ ਕਰਕੇ ਉਹਨਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਉੱਪਰ ਹਮੇਸ਼ਾ ਸੁਨਹਿਰੀ ਅੱਖਰਾਂ ਵਿਚ ਸੁਰੱਖਿਅਤ ਰਹੇਗਾ।
ਜੱਥੇਦਾਰ ਜ਼ੀਰਾ ਦਾ ਪਰਿਵਾਰ ਲਹਿੰਦੇ ਪੰਜਾਬ ਦੇ ਪਿੰਡ ਨੱਥੋ ਕੇ ਤਹਿਸੀਲ ਚੂਨੀਆਂ ਜ਼ਿਲ੍ਹਾ ਲਾਹੌਰ ਦੇ ਰਹਿਣ ਵਾਲਾ ਸੀ। ਦੇਸ਼ ਦੀ ਵੰਡ ਹੋਣ ਤੋਂ ਬਾਅਦ ਇਹ ਪਰਿਵਾਰ ਜੀਰਾ ਤਹਿਸੀਲ ਦੇ ਪਿੰਡ ਬਹਿਕ ਗੁੱਜ਼ਰਾਂ ਆ ਵਸਿਆ। ਇਥੇ ਹੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ  ਦਾ ਜਨਮ 06 ਮਈ 1958 ਨੂੰ ਪਿਤਾ ਜੱਥੇਦਾਰ ਗੁਰਦੀਪ ਸਿੰਘ ਦੇ ਘਰ ਮਾਤਾ ਪਰਜੀਤ ਕੌਰ ਜੀ ਦੀ ਕੁੱਖੋਂ ਹੋਇਆ। ਧਾਰਮਿਕ ਬਿਰਤੀ ਵਾਲੇ ਜਥੇਦਾਰ ਉਜਾਗਰ ਸਿੰਘ ਕੋਲੋਂ ਉਨ੍ਹਾਂ ਨੇ ਅਜਿਹੀ ਗੁੜਤੀ ਲਈ ਕਿ ਉਹ ਪੰਜਾਬ ਦੀ ਸਿਆਸਤ ਵਿੱਚ ਉਜਾਗਰ ਹੋ ਗਏ।  
        ਪੜ੍ਹਾਈ ਉਪਰੰਤ ਖੇਤੀਬਾੜੀ ਕਰਦਿਆਂ ਸਿਆਸੀ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਵਾਲੇ ਜ਼ੀਰਾ ਦਾ ਵਿਆਹ ਅਪ੍ਰੈਲ 1979 ਵਿੱਚ ਸ.ਹਜ਼ੂਰਾ ਸਿੰਘ ਜੰਬਰ (ਨੰਬਰਦਾਰ) ਦੀ ਪੁੱਤਰੀ ਬੀਬੀ ਕਲਵੰਤ ਕੌਰ ਨਾਲ ਹੋਇਆ। ਸ੍ਰ: ਜ਼ੀਰਾ ਦੋ ਬੇਟੇ ਕੁਲਬੀਰ ਸਿੰਘ ਤੇ ਪ੍ਰਭਜੀਤ ਸਿੰਘ ਹਨ।
1982 ਨੂੰ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਬਣੇ। 1982 ਦੇ ਧਰਮ ਯੁੱਧ ਮੋਰਚੇ ਦੌਰਾਨ ਨੌਜਵਾਨ ਆਗੂ ਵਜੋਂ ਉਹਨਾਂ ਨੇ ਵੀ ਅਹਿਮ ਰੋਲ ਅਦਾ ਕੀਤਾ ਤੇ ਜੱਥੇ ਦੀ ਅਗਵਾਈ ਕਰਦਿਆਂ ਕਈ ਵਾਰ ਜੇਲ੍ਹ ਯਾਤਰਾ ਕੀਤੀ। ਆਪ 1983 ਵਿੱਚ ਪਿੰਡ ਬਹਿਕ ਗੁੱਜ਼ਰਾਂ ਦੇ ਮੈਂਬਰ ਪੰਚਾਇਤ ਚੁਣੇ ਗਏ। ਪਾਰਟੀ ਨੇ ਪਰਿਵਾਰ ਦੀ ਸੇਵਾ ਨੂੰ ਦੇਖਦਿਆਂ ਹੋਇਆ ਸੰਨ 1979 ਦੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀ ਟਿਕਟ ਇਹਨਾਂ ਦੇ ਪਿਤਾ ਜਥੇਦਾਰ ਗੁਰਦੀਪ ਸਿੰਘ ਜੀ ਨੂੰ ਦੇ ਕੇ ਨਿਵਾਜ਼ਿਆ ਤਾਂ ਉਹ ਨਿਰ-ਵਿਰੋਧ ਮੈਂਬਰ ਚੁਣੇ ਗਏ। ਜਥੇਦਾਰ ਗੁਰਦੀਪ ਸਿੰਘ ਲਗਾਤਾਰ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਚੁਣੇ ਜਾਂਦੇ ਰਹੇ ਤੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਵੀ ਰਹੇ।
       ਫਰਵਰੀ 1984 'ਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਭਾਰਤੀ ਸੰਵਿਧਾਨ ਦੇ ਆਰਟੀਕਲ 25 ਦੀਆਂ ਕਾਪੀਆਂ ਸਾੜਨ ਦਾ ਫੈਸਲਾ ਕੀਤਾ ਗਿਆ। ਸੀਨੀਅਰ ਲੀਡਰਸ਼ੀਪ ਨੇ ਦਿੱਲੀ ਵਿਖੇ ਭਾਰਤੀ ਸੰਵਿਧਾਨ ਦੀ  ਧਾਰਾ 25 ਨੂੰ ਸਾੜ੍ਹਿਆ। 28 ਫਰਵਰੀ ਨੂੰ 1984 ਯੂਥ ਅਕਾਲੀ ਦਲ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹੈਡਕੁਆਟਰਾਂ 'ਤੇ ਭਾਰਤੀ ਸੰਵਿਧਾਨ ਦੀ ਧਾਰਾ 25  ਨੂੰ ਸਾੜ੍ਹਿਆ ਜਿਸ ਵਿੱਚ ਜ਼ੀਰਾ ਦਾ ਅਹਿਮ ਰੋਲ ਸੀ। 
ਜਥੇਦਾਰ ਇੰਦਰਜੀਤ ਅੰਦਰ ਸਿਆਸੀ ਗੁਣਾਂ ਨੂੰ ਪਰਖਦਿਆਂ ਪਾਰਟੀ ਨੇ ਉਨ੍ਹਾਂ ਨੂੰ ਸਿਆਸੀ ਪਿੜ ਦੇ ਅੰਦਰ ਉਤਾਰਨ ਦੇ ਲਈ  1985 ਵਿੱਚ ਹਲਕਾ ਫਿਰੋਜ਼ਪੁਰ ਤੋਂ ਐਮ.ਪੀ ਦੀ ਟਿਕਟ ਦੇ ਕੇ ਨਿਵਾਜ਼ਿਆ। ਜਥੇਦਾਰ ਜ਼ੀਰਾ ਨੇ ਉਸ ਸਮੇਂ ਦੇ ਸੀਨੀਅਰ ਕਾਂਗਰਸੀ ਆਗੂ ਗੁਰਦਿਆਲ ਸਿੰਘ ਢਿਲੋਂ ਨੂੰ ਸਖਤ ਲੜਾਈ ਦਿੱਤੀ ਤਾਂ ਪੂਰੇ ਪੰਜਾਬ 'ਚ ਨੌਜਵਾਨ ਆਗੂ ਵਜੋਂ ਉਹਨਾਂ ਦੀ ਧਾਂਕ ਜੰਮ ਗਈ। 1986 ਵਿੱਚ ਜ਼ਿਲ੍ਹਾ ਫਿਰੋਜ਼ਪੁਰ ਤੋਂ ਮਾਰਕਫੈਡ ਪੰਜਾਬ ਦੇ ਡਾਇਰੈਕਟਰ ਨਿਰ-ਵਿਰੋਧ ਚੁਣੇ ਗਏ।1985 ਤੋਂ 1987 ਦੇ ਦਰਮਿਆਨ ਬੇਰੋਜ਼ਗਾਰਾਂ ਨੂੰ ਮਿੰਨੀ ਬੱਸਾਂ ਦੇ ਰੂਟ ਪਰਮਿਟ ਦਿਵਾਏ ਅਤੇ ਕਈ ਬੇਰੋਜ਼ਗਾਰਾਂ ਨੂੰ ਨੌਕਰੀ 'ਤੇ ਲਵਾਇਆ।ਉਹ ਸਮਾਂ, ਜਦੋਂ ਪੰਜਾਬ ਅਜਿਹੀ ਅੱਗ ਦੀ ਭੱਠੀ ਵਿੱਚ ਝੁਲਸ ਰਿਹਾ ਸੀ ਕਿ ਬੇਦੋਸ਼ੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਪਰ ਜਥੇਦਾਰ ਇੰਦਰਜੀਤ ਸਿੰਘ ਜੀ ਨੇ ਬੇਖੌਫ ਹੋ ਕੇ  ਆਪਣੀ ਸਮਾਜੀ ਅਤੇ ਸਿਆਸੀ ਭੂਮਿਕਾ ਨਿਭਾਈ। ਅਨੇਕਾਂ ਨੌਜਵਾਨਾਂ ਨੂੰ ਉਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਤੋਂ ਬਚਾਇਆ। ਉਨ੍ਹਾਂ ਦੇ ਨਿਵੇਕਲੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। 
1992 ਵਿੱਚ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ  ਦੇ ਉਮੀਦਵਾਰ ਵੱਲੋਂ ਪਹਿਲੀ ਵਾਰ ਵਿਧਾਇਕ ਬਣੇ ਅਤੇ ਵਿਧਾਨ ਸਭਾ ਦੇ ਵਿੱਚ ਉਨ੍ਹਾਂ ਨੇ ਲੋਕਾਂ ਦੀ ਆਵਾਜ਼ ਬਣਦਿਆਂ ਹਲਕੇ ਅਤੇ ਪੰਜਾਬ ਦੇ ਅਨੇਕਾਂ ਮਸਲਿਆਂ ਦੀ ਵਕਾਲਤ ਕੀਤੀ ਅਤੇ  ਹੱਲ ਕਰਵਾਇਆ। ਉਨ੍ਹਾਂ ਸਮਿਆਂ 'ਚ ਹੀ ਸੰਘਰਸ਼ਸ਼ੀਲ ਆਗੂ ਵਜੋਂ ਉਨ੍ਹਾਂ ਦਾ ਚਿਹਰਾ ਸਾਹਮਣੇ ਆਇਆ,ਜੋ ਅੰਤ ਤਕ ਲੋਕਾਂ ਨਾਲ ਨਿਭਿਆ।  
     ਫਰਵਰੀ 1997 'ਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਜ਼ੀਰਾ ਹਲਕੇ ਤੋਂ ਰਿਕਾਰਡ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਅਤੇ 27 ਜੁਲਾਈ 1997 ਵਿੱਚ ਜੇਲ੍ਹਾਂ,ਸਿਹਤ ਅਤੇ ਪਰਿਵਾਰ ਭਲਾਈ ਵਿਭਾਗਾਂ ਦੇ ਰਾਜ ਮੰਤਰੀ ਬਣੇ। ਉਸ ਸਮੇਂ ਪੰਜਾਬ ਦੇ ਸਿਵਲ ਹਸਪਤਾਲਾਂ ਵਿੱਚ ਅਤੇ ਜੇਲ੍ਹਾਂ ਵਿੱਚ ਛਾਪੇਮਾਰ ਮੁਹਿੰਮ ਚਲਾ ਕੇ ਮਹਿਕਮੇ ਵਿੱਚ ਸੁਧਾਰ ਕੀਤਾ। ਕਈ ਵਾਰ ਤਾਂ ਉਹ ਹਸਪਤਾਲਾਂ ਵਿੱਚ ਭੇਸ ਬਦਲ ਕੇ ਜਾਂਦੇ ਸਨ। ਉਸ ਵੇਲੇ ਮੰਤਰੀ ਵਜੋਂ ਕੀਤੇ ਜਾ ਰਹੇ ਕੰਮਾਂ ਦੀ ਚਰਚਾ ਸਾਰੇ ਪਾਸੇ ਹੁੰਦੀ ਸੀ। ਕਈ ਵਾਰ ਲੇਖਕਾਂ ਅਤੇ ਅਖਬਾਰਾਂ ਦੇ ਸੰਪਾਦਕਾਂ ਨੇ ਮਾਰੇ ਜਾਂਦੇ ਛਾਪਿਆਂ ਕਰ ਕੇ ਉਕਤ ਮਹਿਕਮਿਆਂ 'ਚ ਹੋ ਰਹੇ ਸੁਧਾਰਾਂ ਦਾ ਜਿਕਰ ਕਰਦਿਆਂ ਇੰਦਰਜੀਤ ਸਿੰਘ ਜ਼ੀਰਾ ਦੀ ਭਰਪੂਰ ਪ੍ਰਸ਼ੰਸਾ ਕੀਤੀ ਸੀ ਕਿ ਜ਼ੀਰਾ ਵਰਗੇ ਪੰਜਾਬ ਦੇ ਸਾਰੇ ਮੰਤਰੀ ਹੋ ਜਾਣ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆ ਸਕਦਾ ਹੈ।
1997 ਵਿੱਚ ਪਿੰਡ ਬਹਿਕ ਗੁੱਜਰਾਂ ਵਿਖੇ ਆਈ.ਟੀ.ਆਈ (ਲੜਕੀਆ) ਲੈ ਕੇ ਆਏ। 1997 ਵਿੱਚ ਹਸਪਤਾਲ ਲੈ ਕੇ ਆਏ।1997 ਵਿੱਚ ਕਈ ਸਕੂਲ ਅਪਗ੍ਰੇਡ ਕਰਵਾਏ,1997 ਵਿੱਚ ਹੀ ਤਿੰਨ ਫੋਕਲ ਪੁਆਇੰਟ ਬਣਾਏ।ਉਨ੍ਹਾਂ ਨੇ ਆਪਣੇ ਕਿਸੇ ਵਰਕਰ ਨੂੰ ਕਿਸੇ ਸਰਕਾਰੀ ਜਾਂ  ਗੈਰ ਸਰਕਾਰੀ ਵਧੀਕੀ ਦਾ ਸੇਕ ਨਹੀਂ ਲੱਗਣ ਦਿੱਤਾ।
ਸੰਨ 2008 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੇਰਨਾਂ ਸਦਕਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ, ਐਗਜੈਕਟਿਵ ਕਮੇਟੀ ਦੇ ਮੈਂਬਰ ਬਣੇ। ਪ੍ਰਤਾਪ ਸਿੰਘ ਬਾਜਵਾ 2013 ਪ੍ਰਧਾਨ ਬਣੇ ਤਾਂ ਉੁਨ੍ਹਾਂ  ਜੱਥੇਦਾਰ ਜ਼ੀਰਾ ਨੂੰ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਕਾਂਗਰਸ ਪਾਰਟੀ ਵਿੱਚ ਕਿਸਾਨ ਖੇਤ ਮਜ਼ਦੂਰ ਸੈੱਲ ਪੰਜਾਬ ਦੇ ਚੇਅਰਮੈਨ ਨਿਯੁਕਤ ਕੀਤਾ। ਪੰਜਾਬ ਕਾਂਗਰਸ ਦੇ ਬੁਲਾਰੇ ਵਜੋਂ ਵੀ ਪਾਰਟੀ ਦੀ ਸੇਵਾ ਕੀਤੀ।
 ਜ਼ੀਰਾ ਦੀਆਂ ਪੰਜਾਬ ਦੇ ਕਿਸਾਨਾਂ ਲਈ ਕੀਤੀਆ ਸੇਵਾਵਾਂ ਨੂੰ ਦੇਖਦਿਆਂ 6 ਦਸੰਬਰ 2015 ਨੂੰ ਆਲ ਇੰਡੀਆ ਕਾਂਗਰਸ ਆਫ ਇੰਟੀਲੈਕਚੁਆਲ (ਬੁੱਧੀਜੀਵੀ) ਸੁਸਾਇਟੀ ਸੁਪਰੀਮ ਕੋਰਟ ਦੇ ਰਿਟਾ: ਜਸਟਿਸ ਰਾਜੇਸ਼ ਟੰਡਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ "ਪੰਜਾਬ ਰਤਨ" ਦੇ ਅਵਾਰਡ ਨਾਲ ਸਨਮਾਨਿਤ ਕੀਤਾ। ਜ਼ੀਰਾ ਖੇਤਰ 'ਚ ਹੁਣ ਤੱਕ ਦੇ ਸਮੇਂ ਦੌਰਾਨ ਜੇਕਰ ਕਿਸੇ ਨੇ ਸਭ ਤੋਂ ਲੰਮਾ ਸਮਾਂ ਮਿਹਨਤ, ਦਲੇਰੀ, ਇਮਾਨਦਾਰੀ ਅਤੇ ਵਫਾਦਾਰੀ ਨਾਲ ਰਾਜਨੀਤਕ ਖੇਤਰ ਵਿੱਚ ਸੇਵਾ ਨਿਭਾਈ ਹੈ ਤਾਂ ਉਹ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਹੀ ਹਨ। ਉਨ੍ਹਾਂ ਦੇ ਦਿਲ ਵਿੱਚ ਸਦਾ ਪੰਥ ਅਤੇ ਪੰਜਾਬ ਦਾ ਦਰਦ ਝਲਕਦਾ ਰਿਹਾ। ਉਨ੍ਹਾਂ ਪੰਜਾਬ, ਪੰਜਾਬੀਅਤ ਤੇ ਸਿੱਖੀ ਬਾਰੇ ਚਿੰਤਾ ਕੀਤੀ। 
ਅਖੀਰ ਸ੍ਰ: ਜ਼ੀਰਾ ਫਰਵਰੀ 2021 ਵਿੱਚ ਲਿਵਰ ਦੇ ਕੈਂਸਰ ਦੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਗਏ ਜਿਸ ਦਾ ਅੰਤ ਇਹ ਹੋਇਆ ਕਿ ਉਹ ਸਾਡੇ ਤੋਂ ਦਰਵੇਸ਼ ਜਿਹੇ ਸਿਆਸਤਦਾਨ ਨੂੰ ਹਮੇਸ਼ਾ ਲਈ ਖੋਹ ਕੇ ਲੈ ਗਈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 21 ਮਈ 2021 ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਜਾਹਰਾਪੀਰ (ਡੇਰਾ ਸੰਤ ਬਾਬਾ ਨਾਹਰ ਸਿੰਘ ਜੀ, ਸਨੇਰਾਂ ਵਾਲੇ) ਪਿੰਡ ਬੰਡਾਲਾ ਪੁਰਾਣਾ, ਜ਼ੀਰਾ (ਬਠਿੰਡਾ-ਅੰਮ੍ਰਿਤਸਰ ਰੋਡ) ਵਿਖੇ ਦੁਪਹਿਰ 12:00 ਵਜੇ ਤੋਂ 01:00 ਵਜੇ ਤੱਕ ਹੋਵੇਗੀ।
ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਹਲਕੇ ਦੀ ਸੇਵਾ ਦੇ ਲਈ ਯਤਨਸ਼ੀਲ ਜਥੇਦਾਰ ਜ਼ੀਰਾ ਦਾ ਪਰਿਵਾਰ  
ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਸਮੁੱਚਾ ਪਰਿਵਾਰ ਉਨ੍ਹਾਂ ਦੇ ਕਦਮਾਂ 'ਤੇ ਚੱਲਦਾ ਹੋਇਆ ਲੋਕ ਪੱਖੀ ਕੰਮਾਂ 'ਤੇ ਹਲਕੇ ਦੇ ਵਿਕਾਸ ਕੰਮਾਂ ਦੇ ਲਈ ਸਮਰਪਤ ਹੈ। ਜਥੇਦਾਰ ਜ਼ੀਰਾ ਦੇ ਬੇਟੇ ਕੁਲਬੀਰ ਸਿੰਘ ਜ਼ੀਰਾ ਜਿਨ੍ਹਾਂ ਨੂੰ ਛੋਟੀ ਉਮਰੇ ਵਿਧਾਇਕ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ , ਆਪਣੇ ਪਿਤਾ ਦੀ ਲੋਕ ਪੱਖੀ ਸੋਚ 'ਤੇ ਚੱਲਦਿਆਂ ਸਮੁੱਚੇ ਹਲਕੇ ਨੂੰ ਵਿਕਾਸ ਪੱਖੋਂ ਨਵਾਂ ਰੂਪ ਰੰਗ ਦਿੱਤਾ ਕਿ ਪੂਰੇ ਪੰਜਾਬ ਦੇ ਵਿੱਚ ਜ਼ੀਰਾ ਹਲਕੇ ਦੇ ਕੰਮਾਂ ਦੀਆਂ ਗੱਲਾਂ ਚਲਦੀਆਂ ਹਨ।ਛੋਟੀ ਉਮਰੇ ਵਿਕਾਸ ਦਾ ਵੱਡਾ ਮਾਣ ਹਾਸਲ ਕਰਨ ਵਾਲੇ ਵਿਧਾਇਕ ਜ਼ੀਰਾ ਨੇ ਸਮੇਂ-ਸਮੇਂ 'ਤੇ ਉਨ੍ਹਾਂ ਸਿਆਸਤਦਾਨਾਂ ਨੂੰ ਵੀ ਵੰਗਾਰਿਆ ਜਿਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਰੰਗਲੇ ਪੰਜਾਬ ਦੀ ਤਸਵੀਰ ਬਦਲ ਦਿੱਤੀ। ਵਿਧਾਇਕ ਕੁਲਬੀਰ ਸਿੰਘ ਦੇ ਸੀਨੇ ਵਿੱਚ ਪੰਜਾਬ ਨਾਲ ਪਿਛਲੀ ਹਕੂਮਤ ਵੇਲੇ ਹੋਈ ਅਣਹੋਣੀ ਦਾ ਦਰਦ  ਉੱਠਦਾ ਹੈ ਤਾਂ ਉਹ ਉਨ੍ਹਾਂ ਸਿਆਸਤਦਾਨਾਂ ਨੂੰ ਆਪਣੇ ਸ਼ਬਦੀ ਨਿਸ਼ਾਨਿਆਂ ਨਾਲ ਵਿੰਨ੍ਹਦਾ ਹੈ ਜੋ ਮੁੜ ਸੱਤਾ 'ਚ ਆਉਣ ਦੀਆਂ ਲੂਰੀਆਂ ਲੈ ਰਹੇ ਹਨ। ਆਪਣੇ ਪੁੱਤਰ ਵਿਧਾਇਕ ਕੁਲਬੀਰ  ਦੇ ਜਜ਼ਬਿਆਂ ਨੂੰ ਦੇਖ ਖ਼ੁਸ਼ੀ ਦੇ ਹੰਝੂ ਵਹਾਉਣ ਵਾਲਾ ਸਿਆਸਤ ਦਾ ਉਹ ਰਤਨ ਨਿਖਰੇ ਅਸਮਾਨ ਵਿੱਚ ਸਭ ਦੀਆਂ ਅੱਖਾਂ ਨੂੰ ਗਿੱਲੀਆਂ ਕਰਦਾ ਹੋਇਆ ਦੁਨੀਆਂ ਤੋਂ ਓਹਲੇ ਹੋ ਗਿਆ। ਜਥੇਦਾਰ ਹੁਰਾਂ ਦੇ ਭਰਾ ਮਹਿੰਦਰਜੀਤ ਸਿੰਘ ਸਿੱਧੂ ਬਲਾਕ ਸੰਮਤੀ ਜ਼ੀਰਾ ਚੇਅਰਮੈਨ ਨੇ ਵੀ ਪਿੰਡਾਂ ਦਾ ਮੁਹਾਂਦਰਾ ਬਦਲਣ ਦੇ ਲਈ ਵੱਡਾ ਯੋਗਦਾਨ ਪਾਇਆ। ਵਿਕਾਸ ਦੇ ਮਾਮਲੇ ਵਿਚ ਉਨ੍ਹਾਂ ਨੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਸਗੋਂ ਪਿੰਡਾਂ  ਦੇ ਵਿਕਾਸ ਨੂੰ ਤਰਜੀਹ ਦਿੱਤੀ। ਮਹਿੰਦਰਜੀਤ ਵੀ ਦਿਨ ਰਾਤ ਲੋਕਾਂ ਦੇ ਕੰਮਾਂ ਵਿੱਚ ਜੁਟੇ ਹੋਏ ਹਨ। ਪੂਰੇ ਪਰਿਵਾਰ ਦੀ ਮਿਹਨਤ ਅਤੇ ਲਿਆਕਤ ਕਰਕੇ ਹੀ ਇਸ ਪਰਿਵਾਰ ਨੇ ਆਪਣੇ ਵਰਕਰਾਂ ਨੂੰ ਹਮੇਸ਼ਾ ਆਪਣੇ ਸੀਨੇ ਨਾਲ ਲਾਈ ਰੱਖਿਆ। ਪਰਿਵਾਰ ਦੀ ਹਿੰਮਤ ਦਲੇਰੀ ਦੀ ਕਾਇਲ ਹਲਕੇ ਦੀ ਵੱਡੀ ਸ਼ਕਤੀ ਇਸ ਪਰਿਵਾਰ ਨਾਲ ਅੱਜ ਵੀ ਥੰਮ੍ਹ ਬਣ ਖੜ੍ਹੀ ਹੋਈ ਹੈ। ਜਥੇਦਾਰ ਜ਼ੀਰਾ ਦਾ ਦੂਸਰਾ ਪੁੱਤਰ  ਪ੍ਰਭਜੀਤ ਸਿੰਘ ਅਤੇ  ਤੀਸਰਾ ਭਰਾ ਬਖਸ਼ੀਸ਼ ਸਿੰਘ ਸਿੱਧੂ ਕੈਨੇਡਾ ਵਿੱਚ ਹੈ। ਅੱਜ ਸਮੁੱਚਾ ਪਰਿਵਾਰ ਜਥੇਦਾਰ ਜ਼ੀਰਾ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ  ਅਤੇ ਹਲਕੇ ਦੇ ਸਰਬਪੱਖੀ ਵਿਕਾਸ ਦੇ ਲਈ ਵੱਡਾ ਯੋਗਦਾਨ ਪਾਉਣ ਲਈ ਯਤਨਸ਼ੀਲ ਹੈ। 
ਅਦਾਰਾ 'ਸਾਡਾ ਮੋਗਾ ਡੌਟ  ਕੌਮ' ਪਰਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਿਆਂ ਸਰਦਾਰ ਜ਼ੀਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ