ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣ ਲਈ ਪੂਰੀ ਤਰਾਂ ਪ੍ਰਤੀਬੱਧ : ਵਿਕਰਮਜੀਤ ਸਿੰਘ ਪੱਤੋ

ਮੋਗਾ, 18 ਮਈ (ਜਸ਼ਨ): ‘ਕੋਵਿਡ 19 ਮਹਾਂਮਾਰੀ ਦੀ ਪਹਿਲੀ ਸਟਰੇਨ ਦੌਰਾਨ ਪੰਜਾਬ ਸਰਕਾਰ ਨੇ ਹਰ ਫਰੰਟ ’ਤੇ ਮੋਰਚਾ ਸੰਭਾਲਦਿਆਂ ਪੰਜਾਬ ਵਾਸੀਆਂ ਦਾ ਪੂਰਾ ਪੂਰਾ ਖਿਆਲ ਰੱਖਿਆ ਅਤੇ ਹੁਣ ਕਰੋਨਾ ਦੀ ਦੂਜੀ ਸਟਰੇਨ ਦਾ ਮੁਕਾਬਲਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਰਕੱਸੇ ਕਰਦਿਆਂ ਕੈਬਨਿਟ ਮੰਤਰੀਆਂ, ਵਿਧਾਇਕਾਂ, ਜ਼ਿਲ੍ਹਾ ਪ੍ਰੀਸ਼ਦ ਦੇ ਚੇੇਅਰਮੈਨਾਂ ਅਤੇ ਪਿੰਡਾਂ ਦੇ ਸਰਪੰਚਾਂ ਨਾਲ ਲਾਈਵ ਹੋ ਕੇ ਕਰੋਨਾ ਸੰਕਰਮਣ ਖਿਲਾਫ਼ ਛਿੜੀ ਜੰਗ ‘ਚ ਕਰੋਨਾ ਨੂੰ ਹਰਾਉਣ ਅਤੇ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਲਈ ਕੀਤੀ ਅਹਿਮ ਵਰਚੂਅਲ ਮੀਟਿੰਗ ਨੇ ਸਾਬਤ ਕਰ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਪੰਜਾਬੀਆਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣ  ਲਈ ਪੂਰੀ ਤਰਾਂ ਪ੍ਰਤੀਬੱਧ ਹਨ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਮੋਗਾ ਦੇ ਇੰਚਾਰਜ ਵਿਕਰਮਜੀਤ ਸਿੰਘ ਪੱਤੋ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ । ਪੱਤੋ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾ ਪਾਜ਼ਿਟਿਵ ਆ ਰਹੇ ਗਰੀਬ ਪਰਿਵਾਰਾਂ ਲਈ ਕਰੋਨਾ ਫਤਿਹ ਕਿੱਟ ਦੇ ਨਾਲ ਨਾਲ ਰਾਸ਼ਨ ਬੈੱਗ ਦੇਣ ਦੇ ਫੈਸਲੇ ਸਦਕਾ ਹੁਣ ਗਰੀਬ ਵਿਅਕਤੀ 21 ਦਿਨ ਲਈ ਆਪਣੇ ਪਰਿਵਾਰ ਦਾ ਘਰ ਰਹਿ ਕੇ ਵੀ ਢਿੱਡ ਭਰ ਸਕਣਗੇ।  ਪੱਤੋ ਨੇ ਆਖਿਆ ਕਿ ਰਾਸ਼ਨ ਬੈੱਗ ਵਿਚ 10 ਕਿਲੋ ਆਟਾ, 2 ਕਿਲੋ ਖੰਡ ਅਤੇ 2 ਕਿਲੋ ਛੋਲੇ ਹੋਣਗੇ । ਪੱਤੋ ਨੇ ਕਿਹਾ ਕਿ ਰਾਸ਼ਨ ਨਾਲ ਲੈੱਸ ਇਹ ਬੈਗ ਨਾ ਸਿਰਫ਼ ਕਰੋਨਾ ਪਾਜ਼ਿਟਿਵ ਆਏ ਵਿਅਕਤੀ ਨੂੰ ਦਿੱਤਾ ਜਾਵੇਗਾ ਸਗੋਂ ਉਸ ਵਿਅਕਤੀ ਦੇ ਪਰਿਵਾਰ ਦੇ ਹਰ ਮੈਂਬਰ ਨੂੰ ਵੀ ਇਕ ਇਕ ਰਾਸ਼ਨ ਬੈੱਗ ਦਿੱਤਾ ਜਾਵੇਗਾ ਤਾਂ ਕਿ 21 ਦਿਨ ਉਹਨਾਂ ਨੂੰ ਕਿਸੇ ਦੀ ਮੁਥਾਜਗੀ ਨਾ ਝੱਲਣੀ ਪਵੇ। । ਵਿਕਰਮ ਪੱਤੋ ਨੇ ਆਖਿਆ ਕਿ ਮੋਗਾ ਹਲਕੇ ਵਿਚ ਕੋਵਿਡ ਦੇ ਸ਼ੁਰੂਆਤੀ ਦਿਨਾਂ ਵਿਚ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਮਾਜਸੇਵੀਆਂ ਅਤੇ ਵਾਰਡ ਇੰਚਾਰਜਾਂ ਨੇ ਲੋਕਾਂ ਦੇ ਘਰ ਘਰ ਰਾਸ਼ਨ ਪਹੁੰਚਦਾ ਕੀਤਾ ਅਤੇ ਹੁਣ ਕਰੋਨਾ ਦੀ ਦੂਜੀ ਲਹਿਰ ਦੌਰਾਨ ਪੰਜਾਬ ਸਰਕਾਰ ਦੇ ਨਾਲ ਨਾਲ ਯੂਥ ਕਾਂਗਰਸ ਪ੍ਰਧਾਨ ਸ੍ਰ. ਬਰਿੰਦਰ ਸਿੰਘ ਢਿੱਲੋਂ ਵੱਲੋਂ ਜਥੇਬੰਧਕ ਪੱਧਰ ’ਤੇ ਯੂਥ ਕਾਂਗਰਸ ਨੂੰ ਦਿੱਤੀਆਂ ਹਦਾਇਤਾਂ ਅਤੇ ਹੈਲਪ ਲਾਈਨ ਦੇ ਜ਼ਰੀਏ ਉਹ ਵੀ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨਗੇ।