ਮੱਖਣ ਬਰਾੜ ਨੇ ਨਿਗਮ ਮੁਲਾਜ਼ਮਾਂ ਤੇ ਰਿਕਵਰੀ ਨਾ ਪਾਉਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕੀਤੀ ਮੰਗ
ਮੋਗਾ,17 ਮਈ (ਜਸ਼ਨ):‘ਮੋਗਾ ਨਗਰ ਨਿਗਮ ਦੀ ਨਵੀਂ ਚੁਣੀ ਗਈ ਟੀਮ ਸਭ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਦੀ ਭਲਾਈ ਤੋਂ ਹੀ ਕੰਮ ਸ਼ੁਰੂ ਕਰੇ ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦੇ ਹਲਕਾ ਇੰਚਾਰਜ ਮੱਖਣ ਬਰਾੜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਨਿਗਮ ਦੇ ਮੁਲਾਜ਼ਮ ਹੀ ਨਿਗਮ ਦੀ ਮਾਂ ਹਨ ਜਿਹਨਾਂ ਤੋਂ ਬਿਨਾਂ ਨਗਰ ਨਿਗਮ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਨਹੀਂ ਚੱਲ ਸਕਦਾ । ਉਹਨਾਂ ਕਿਹਾ ਕਿ ਕਰੋਨਾ ਕਾਲ ਵਿਚ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਅਜਿਹੇ ਮੁਲਾਜ਼ਮਾਂ ਨੂੰ ਮਹਿੰਗਾਈ ਦੇ ਦੌਰ ਵਿਚ ਜਾਣਬੁੱਝ ਕੇ ਖੱਜਲ ਖੁਆਰ ਕਰਦਿਆਂ ਮਗਰਲੀ ਰਿਕਵਰੀ ਨਾ ਪਾਈ ਜਾਵੇ । ਬਰਾੜ ਨੇ ਆਖਿਆ ਕਿ ਨਗਰ ਨਿਗਮ ਦੇ ਉੱਚ ਅਧਿਕਾਰੀ ਆਪਣੇ ਅੰਦਰ ਝਾਕਦੇ ਹੋਏ ਇਹਨਾਂ ਲੋੜਵੰਦ ਮੁਲਾਜ਼ਮਾਂ ਦੇ ਪਰਿਵਾਰਾਂ ਵੱਲ ਵੀ ਧਿਆਨ ਦੇਣ ਅਤੇ ਇਸ ਮਸਲੇ ਦਾ ਫੌਰੀ ਹੱਲ ਕੱਢਣ । ਮੱਖਣ ਬਰਾੜ ਨੇ ਆਖਿਆ ਕਿ ਨਗਰ ਨਿਗਮ ਮੋਗਾ ਨੇ ਜੇ ਕੋਈ ਭਲਾਈ ਦਾ ਕੰਮ ਕਰਨਾ ਹੈ ਤਾਂ ਮੌਜੂਦਾ ਕਾਂਗਰਸੀ ਵਿਧਾਇਕ ਰਾਹੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਦਾ ਕੰਮ ਕਰੇ ਕਿਉਂਕਿ ਝੂਠੇ ਵਾਅਦਿਆਂ ਅਤੇ ਲਾਰਿਆਂ ਰਾਹੀਂ ਹੋਂਦ ਵਿਚ ਆਈ ਕਾਂਗਰਸ ਸਰਕਾਰ ਦਾ ਵੀ ਇਹਨਾਂ ਨਿਗਮ ਅਧਿਕਾਰੀਆਂ ਦੀ ਬਿਹਤਰੀ ਵਿਚ ਯੋਗਦਾਨ ਪੈ ਸਕੇ। ਬਰਾੜ ਨੇ ਆਖਿਆ ਕਿ ਪਿਛਲੀ ਅਕਾਲੀ ਸਰਕਾਰ ਵਿਚ ਪੱਕੇ ਹੋਏ 250 ਤੋਂ ਵੱਧ ਮੁਲਾਜ਼ਮਾਂ ਤੋਂ ਬਾਅਦ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ 150 ਮੁਲਾਜ਼ਮ ਹੀ ਪੱਕੇ ਕਰ ਦਿਖਾਵੇ ਤਾਂ ਬਹੁਤ ਮਿਹਰਬਾਨੀ ਹੋਵੇਗੀ ।