ਮੋਗਾ 'ਚ 6 ਮੌਤਾਂ,112 ਵਿਅਕਤੀ ਕਰੋਨਾ ਪਾਜ਼ੇਟਿਵ
ਮੋਗਾ, 15 ਮਈ: (ਜਸ਼ਨ): ਸਰਕਾਰੀ ਹਸਪਤਾਲ ਵਿਚ ਤਾਇਨਾਤ ਜ਼ਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨਾ ਸ਼ਰਮਾ ਵਲੋਂ ਭੇਜੀ ਰਿਪੋਰਟ ਮੁਤਾਬਿਕ ਮੋਗਾ ਜ਼ਿਲ੍ਹੇ ਵਿੱਚ ਅੱਜ ਕਰੋਨਾ ਕਾਰਨ ਛੇ ਮੌਤਾਂ ਹੋਈਆਂ ਹਨ ਜਦ ਕਿ 112 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਨੇ। ਰਿਪੋਰਟ ਮੁਤਾਬਿਕ ਜ਼ਿਲ੍ਹਾ ਮੋਗਾ ਵਿੱਚ ਇਹਨਾਂ ਛੇ ਮੌਤਾਂ ਸਮੇਤ ਹੁਣ ਤੱਕ ਕਰੋਨਾ ਕਾਰਨ 149 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਰੁਪਿੰਦਰ ਕੌਰ ਨੇ ਕੁਲ 149 ਵਿਅਕਤੀਆਂ ਦੀ ਮੌਤ ਤਸਦੀਕ ਕੀਤੀ ਹੈ। ਸਿਹਤ ਵਿਭਾਗ ਮੋਗਾ ਵੱਲੋਂ ਜ਼ਿਲ੍ਹੇ ਵਿੱਚ ਕਰੋਨਾ ਦੇ ਅੱਜ 764 ਸੈਂਪਲ ਇਕੱਤਰ ਕੀਤੇ ਗਏ ਹਨ ਅਤੇ ਜ਼ਿਲ੍ਹੇ ਵਿੱਚ 1692 ਕਰੋਨਾ ਦੇ ਐਕਟਿਵ ਮਰੀਜ਼ ਹਨ। ਇਹ ਵੀ ਵਰਨਣਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਹੁਣ ਤੱਕ ਕੁੱਲ 5217 ਕਰੋਨਾ ਪਾਜ਼ੇਟਿਵ ਮਰੀਜ਼ ਕਰੋਨਾ ਨੂੰ ਹਰਾਉਣ ਵਿੱਚ ਸਫ਼ਲ ਹੋਏ ਹਨ। ਮੌਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਜਦੋਂ ਵਧੇਰੇ ਜਾਣਕਾਰੀ ਲਈ ਕੋਵਿਡ ਦੇ ਨੋਡਲ ਅਫਸਰ ਨਰੇਸ਼ ਆਮਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।