ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੁਸ਼ੀਲ ਨਾਥ ਨੇ ਜਲਾਲਾਬਾਦ ਪੂਰਬੀ ਸਕੂਲ ਦੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਧਰਮਕੋਟ,14 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਪੂਰਬੀ ਦੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਪੱਧਰ ’ਤੇ ਹੋਏ ਇਹਨਾਂ ਮੁਕਾਬਲਿਆਂ ਦੌਰਾਨ ਪਹਿਲੇ ਸਥਾਨ ਹਾਸਲ ਕੀਤੇ ਗਏ ਨੇ । ਇਹਨਾਂ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਵਿਚ ਕਰਵਾਏ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਸੈ: ਸਿ: ਸ਼੍ਰੀ ਸੁਸ਼ੀਲ ਨਾਥ ਦੇ ਜਲਾਲਾਬਾਦ ਸਕੂਲ ਪਹੁੰਚਣ ’ਤੇ ਪ੍ਰਿੰ. ਰਾਜ ਕੁਮਾਰ,ਲੈਕ. ਬਲਵਿੰਦਰ ਸਿੰਘ ਅਤੇ ਸਮੁੱਚੇ ਸਟਾਫ਼ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੁਖਜਿੰਦਰ ਸਿੰਘ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ, ਹਰਸ਼ ਗੋਇਲ ਮੀਡੀਆ ਕੋਆਰਡੀਨੇਟਰ, ਵਿਕਾਸ ਚੋਪੜਾ, ਨਵਦੀਪ ਸਿੰਘ ਬਲਾਕ ਮੈਂਟਰ ਹਾਜ਼ਰ ਸਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੁਸ਼ੀਲ ਨਾਥ ਨੇ ਸਾਇੰਸ ਕੁਇਜ਼ ਮੁਕਾਬਲਿਆਂ ਦੇ ਜੇਤੂ, ਮੈਰੀਟੋਰੀਅਸ ਗਰੁੱਪ ਵਿਚ ਵਧੇਰੇ ਗਤੀਵਿਧੀ ਦਿਖਾਉਣ ਵਾਲੇ ਵਿਦਿਆਰਥੀ ਅਤੇ ਇੰਗਲਿਸ਼ ਬੂਸਟਰ ਕਲੱਬ ਦੇ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਸਨਮਾਨਿਤ ਕੀਤਾ ।ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੁਸ਼ੀਲ ਨਾਥ ਨੇ ਸੰਬੋਧਨ ਕਰਦਿਆਂ ਆਖਿਆ ਕਿ ਜਲਾਲਾਬਾਦ ਸਕੂਲ ਦੇ ਇਹਨਾਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੋਂ ਸਿੱਧ ਹੁੰਦਾ ਹੈ ਕਿ ਸਮੁੱਚਾ ਸਟਾਫ਼ ਸਮਰਪਿਤ ਹੋ ਕੇ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਨਿਰਮਾਣ ਲਈ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਅਧਿਆਪਕਾਂ ਦੇ ਅਜਿਹੇ ਦ੍ਰਿਸ਼ਟੀਕੋਣ ਸਦਕਾ ਹੀ ਲਾਗਲੇ ਪਿੰਡਾਂ ਦੇ ਮਾਪਿਆਂ ਨੂੰ ਪ੍ਰੇਰਨਾ ਮਿਲੀ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਇਸ ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣ ਲਈ ਅੱਗੇ ਆਏ ਹਨ। ਉਹਨਾਂ ਆਖਿਆ ਕਿ ਹੁਣ ਜਦੋਂ ਪੰਜਾਬ ਸਰਕਾਰ ਦੀ ਪਹਿਲ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਤਕਰੀਬਨ ਸਾਰੇ ਸਕੂਲ ਆਧੁਨਿਕ ਤਕਨਾਲੌਜੀ ਅਪਣਾਉਂਦਿਆਂ, ਸਮਾਰਟ ਬਣ ਚੁੱਕੇ ਹਨ ਅਤੇ ਲਾਕਡਾਊਨ ਦੀਆਂ ਚੁਣੌਤੀਆਂ ਨੂੰ ਕਬੂਲ ਕਰਦਿਆਂ ਅਧਿਆਪਕ ਵਰਗ ਆਨ ਲਾਈਨ ਕਲਾਸਾਂ ਲਗਾ ਰਿਹਾ ਹੈ ਤਾਂ ਅਜਿਹੇ ਵਿਚ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਦੀ ਬਜਾਏ, ਉੱਚ ਮਿਆਰੀ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ।