ਮੋਗਾ ਕਾਰਪੋਰੇਸ਼ਨ ਵਿੱਚ “ਟੀਮ ਹਰਜੋਤ” ਨੂੰ ਜਿਤਾਉਣ ਲਈ ਸਮੂਹ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਦਾ ਹਮੇਸ਼ਾ ਰਿਣੀ ਰਹਾਂਗਾ- ਡਾ. ਹਰਜੋਤ ਕਮਲ
ਮੋਗਾ 14 ਮਈ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਨਗਰ ਨਿਗਮ ਵਿੱਚ “ਟੀਮ ਹਰਜੋਤ” ਨੂੰ ਚੁਣ ਕੇ ਭੇਜਣ ਲਈ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਡਾ. ਹਰਜੋਤ ਨੇ ਕਿਹਾ ਕਿ ਨਗਰ ਨਿਗਮ ਵਿੱਚ ਉਨ੍ਹਾਂ ਦਾ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੋਂ ਇਲਾਵਾ ਐਫ.ਐਂਡ ਸੀ.ਸੀ. ਮੈਂਬਰਾਂ ਦੀ ਚੋਣ ਵਿੱਚ ਸਾਰੇ ਹੀ ਕੌਂਸਲਰਾਂ ਨੇ ਉਨ੍ਹਾਂ ਦਾ ਬਾਖੂਬੀ ਸਾਥ ਨਿਭਾਇਆ। ਉਨ੍ਹਾਂ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਗਾ ਵਿੱਚ ਇਹ ਰਵਾਇਤ ਆਮ ਪ੍ਰਚਲਿਤ ਸੀ ਕਿ ਨਗਰ ਨਿਗਮ ਦੀਆਂ ਵੋਟਾਂ ਤੋਂ ਬਾਅਦ ਜੇਤੂ ਕੌਂਸਲਰਾਂ ਨੂੰ ਦੂਰ-ਦੂਰਾਡੇ ਲਿਜਾ ਕੇ ਰੱਖਿਆ ਜਾਂਦਾ ਸੀ ਅਤੇ ਮੇਅਰ ਦੀ ਚੋਣ ਮੌਕੇ ਵਾਪਿਸ ਲਿਆਂਦਾ ਜਾਂਦਾ ਸੀ ਤਾਂ ਕਿ ਉਹਨਾਂ ਨੂੰ ਸਿਆਸੀ ਪ੍ਰਭਾਵ ਤੋਂ ਬਚਾਇਆ ਜਾ ਸਕੇ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਪ੍ਰਚਲਨ ਦਾ ਅੰਤ ਕਰਦੇ ਹੋਏ ਬੜੇ ਹੀ ਸ਼ਾਂਤਮਈ ਢੰਗ ਨਾਲ ਚੋਣਾਂ ਦਾ ਕਾਰਜ ਨੇਪੜੇ ਚਾੜ੍ਹਿਆ ਗਿਆ। ਉਨ੍ਹਾਂ ਸਮੂਹ ਕੌਂਸਲਰਾਂ ਵਲੋਂ ਉਨ੍ਹਾਂ ਦੇ ਵਿਸਵਾਸ਼ ਨੂੰ ਕਾਇਮ ਰੱਖਣ ਲਈ ਵੀ ਸਾਰੇ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਡਾ. ਹਰਜੋਤ ਨੇ ਵਿਸ਼ਵਾਸ ਦਿਵਾਇਆ ਕਿ ਪਿਛਲੇ ਸਮੇਂ ਦੌਰਾਨ ਉਹਨਾਂ ਨੇ ਜੋ ਵਿਕਾਸ ਦੀ ਲਹਿਰ ਚਲਾਈ ਸੀ, ਹੁਣ ਉਸ ਦੀ ਲੈਅ ਵਿਚ ਦੁੱਗਣੀ-ਚੌਗਣੀ ਰਫਤਾਰ ਨਾਲ ਕੰਮ ਕੀਤਾ ਜਾਵੇਗਾ ਅਤੇ ਮੋਗਾ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਸ਼ਹਿਰ ਬਣਾਇਆ ਜਾਵੇਗਾ। ਡਾ. ਹਰਜੋਤ ਨੇ ਕਿਹਾ ਕਿ ਮੋਗਾ ਸ਼ਹਿਰ ਦੀ ਬੇਹਤਰੀ ਲਈ ਜੋ ਪ੍ਰੋਜੈਕਟ ਉਹ ਪਹਿਲਾਂ ਲਿਆਏ ਸਨ, ਉਨ੍ਹਾਂ ਨੂੰ ਵਿਰੋਧੀਆਂ ਨੇ ਨਗਰ ਨਿਗਮ ਤੇ ਕਾਬਿਜ਼ ਹੁੰਦਿਆਂ ਰਾਜਨੀਤਿਕ ਹਾਨੀ ਹੁੰਦੀ ਦੇਖ ਕੇ ਨਾਕਾਰ ਦਿੱਤਾ ਸੀ, ਪਰ ਹੁਣ ਉਹ ਆਪਣੀ ‘ਟੀਮ ਹਰਜੋਤ’ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਨਗੇ ਅਤੇ ਲੋਕਾਂ ਨੂੰ ਮੋਗਾ ਸ਼ਹਿਰ ਦੀ ਨਕਸ਼ ਨੁਹਾਰ ਬਦਲ ਕੇ ਦਿਖਾਉਣਗੇ।