ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੁਸ਼ੀਲ ਨਾਥ ਨੇ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨੂੰ ਆਨ ਲਾਈਨ ਕਲਾਸਾਂ ਲਗਾਉਣੀਆਂ ਯਕੀਨੀ ਬਣਾਉਣ ਲਈ ਆਖਿਆ
ਮੋਗਾ, 11 ਮਈ (ਜਸ਼ਨ):ਮੋਗਾ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਸ਼੍ਰੀ ਸੁਸ਼ੀਲ ਨਾਥ ਨੇ ਜ਼ਿਲ੍ਹੇ ਦੇ ਸਮੂਹ ਪ੍ਰਿੰਸੀਪਲਾਂ, ਮੁਖੀਆਂ ਅਤੇ ਇੰਚਾਰਜਾਂ ਨੂੰ ਸਾਰੇ ਸਕੂਲਾਂ ਵਿਚ ਹਰ ਵਿਸ਼ੇ ਦੀ ਆਨਲਾਈਨ ਕਲਾਸ ਲਗਾਉਣੀ ਯਕੀਨੀ ਬਣਾਉਣ ਲਈ ਆਖਿਆ ਹੈ। ਸਕੂਲ ਮੁਖੀਆਂ ਨੂੰ ਵਰਚੂਅਲੀ ਸੰਬੋਧਨ ਕਰਦਿਆਂ ਸ੍ਰੀ ਸੁਸ਼ੀਲ ਨਾਥ ਨੇ ਆਖਿਆ ਕਿ ਕੋਵਿਡ ਦੇ ਪ੍ਰਕੋਪ ਕਾਰਨ ਵਿਦਿਆਰਥੀ ਸਕੂਲ ਨਹੀਂ ਆ ਰਹੇ ਇਸ ਕਰਕੇ ਹੈਡਕੁਆਟਰ ਦੀਆਂ ਹਦਾਇਤਾਂ ਮੁਤਾਬਕ ਵਿਦਿਆਰਥੀਆਂ ਦੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਅਧਿਆਪਕਾਂ ਨੂੰ ਆਨਨਲਾਈਨ ਜੂਮ ਕਲਾਸਾਂ ਦੁਆਰਾ ਪੜ੍ਹਾਉਣਾ ਪੈ ਰਿਹਾ ਹੈ । ਆਨ ਲਾਈਨ ਸਿੱਖਿਆ ਦੇ ਖੇਤਰ ਵਿਚ ਅਧਿਆਪਕ ਬੇਹੱਦ ਮਿਹਨਤ ਕਰ ਰਹੇ ਹਨ ਪਰ ਫਿਰ ਵੀ ਸਾਰੇ ਮੁਖੀ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਆਪਣੇ ਸਕੂਲ ਦੇ ਸਾਰੇ ਅਧਿਆਪਕ ਆਪਣੇ ਵਿਦਿਆਰਥੀਆਂ ਦੀਆਂ ਜੂਮ ਕਲਾਸਾਂ ਹਰ ਹਾਲ ਲੈਣ । ਉਹਨਾਂ ਕਿਹਾ ਕਿ ਇਹ ਜਰੂਰੀ ਹੈ ਕਿ ਅਧਿਆਪਕ ਆਨਲਾਈਨ ਕਲਾਸਾਂ ਸ਼ੁਰੂ ਕਰਨ ਤੋਂ ਪਹਿਲਾਂ ਸਕੂਲ ਮੁਖੀਆਂ ਦੇ ਸਮੂਹਾਂ ਵਿਚ ਜੂਮ ਕਲਾਸ ਲਿੰਕ ਨੂੰ ਜਰੂਰ ਸਾਂਝਾ ਕਰਨ ਅਤੇ ਅਧਿਆਪਕ ਇਸੇ ਲਿੰਕ ਨੂੰ ਵਿਸ਼ੇ ਦੇ ਅਧਿਆਪਕ ਸਮੂਹਾਂ ਵਿਚ ਸਾਂਝੇ ਕਰਨ ਤਾਂ ਜੋ ਅਧਿਕਾਰੀ, ਡੀ ਐਮ ਅਤੇ ਬੀ ਐਮ ਇਹਨਾਂ ਜ਼ੂਮ ਮੀਟਿੰਗਾਂ ਵਿਚ ਸ਼ਾਮਲ ਹੋ ਸਕਣ। ਜ਼ਿਲ੍ਹਾ ਸਿੱਖਿਆ ਅਫਸਰ ਨੇ ਆਖਿਆ ਕਿ ਦੂਜੇ ਸਕੂਲਾਂ ਦੇ ਵਿਦਿਆਰਥੀ ਆਪਣੀ ਜ਼ਰੂਰਤ ਅਨੁਸਾਰ ਆਨ ਲਾਈਨ ਕਲਾਸਾਂ ਵਿਚ ਸ਼ਾਮਲ ਹੋ ਸਕਦੇ ਹਨ ਅਤੇ ਲਾਭ ਪ੍ਰਾਪਤ ਕਰ ਸਕਦੇ ਹਨ।