ਦੁਕਾਨਦਾਰਾਂ ਅਤੇ ਆਮ ਲੋਕਾਂ ਨਾਲ ਸਰਕਾਰੀ ਅਤੇ ਪ੍ਰਸ਼ਾਸਨਿਕ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਕਿਸਾਨ ਆਗੂ

ਮੋਗਾ 7 ਮਈ ( ) ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਰੋਨਾ ਬਹਾਨੇ ਲੋਕਾਂ ਨੂੰ ਜ਼ਲੀਲ ਤੇ ਪ੍ਰੇਸ਼ਾਨ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਦੀ ਨਿਖੇਧੀ ਕੀਤੀ ਹੈ। ਅੱਜ ਇੱਥੇ ਨੇਚਰ ਪਾਰਕ ਵਿਖੇ ਪ੍ਰਗਟ ਸਿੰਘ ਸਾਫੂਵਾਲਾ ਦੀ ਪ੍ਰਧਾਨਗੀ ਹੇਠ ਹੋਈ ਜੱਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਸੁਖਚੈਨ ਸਿੰਘ ਰਾਮਾ, ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਸੁਖਜਿੰਦਰ ਮਹੇਸਰੀ, ਪਰਮਿੰਦਰ ਸਿੰਘ ਫੌਜੀ ਲੋਹਗੜ੍ਹ, ਪਰਮਜੀਤ ਬੱਡੂਵਾਲ, ਗੁਰਤੇਜ ਸਿੰਘ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਸਰਕਾਰੀ ਦੁਰਪ੍ਰਬੰਧਾਂ ਨੇ ਬਾਰਾਂ ਕਰੋੜ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਗਿਆ ਹੈ। ਸਰਕਾਰ ਨੇ ਕਰੋਨਾ ਦੌਰ ਵਿੱਚ ਆਏ ਲੋਕਾਂ ਦੀ ਬਣਦੀ ਮੱਦਦ ਨਹੀਂ ਕੀਤੀ, ਸਗੋਂ ਉਹਨਾਂ ਨੂੰ ਸਿਹਤ ਸਹੂਲਤਾਂ ਅਤੇ ਆਰਥਿਕ ਪੱਖੋਂ ਹੋ ਵੀ ਕਮਜ਼ੋਰ ਕੀਤਾ ਹੈ। ਹੁਣ ਫ਼ਿਰ ਨਵੇਂ ਸਿਰਿਓਂ ਛੋਟੇ ਦਰਮਿਆਨੇ ਕਾਰੋਬਾਰਾਂ ਨੂੰ ਤਬਾਹ ਕਰਨ ਦੀ ਸਰਕਾਰੀ ਬਦਨੀਤੀ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੋਰਚੇ ਨੇ ਫੈਸਲਾ ਕੀਤਾ ਹੈ ਦੁਕਾਨਦਾਰਾਂ ਅਤੇ ਆਮ ਲੋਕਾਂ ਨਾਲ ਸਰਕਾਰੀ ਅਤੇ ਪ੍ਰਸ਼ਾਸਨਿਕ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਹਲਣੀਆਂ ਚਾਹੁੰਣਗੇ ਤਾਂ ਕਿਸਾਨ ਜੱਥੇਬੰਦੀਆਂ ਉਹਨਾਂ ਦਾ ਸਾਥ ਦੇਣਗੀਆਂ।
ਕਿਸਾਨ ਆਗੂਆਂ ਨੇ ਮੋਗਾ ਦੇ ਗੋਧੇਵਾਲਾ ਸਟੇਡੀਅਮ ਨੂੰ ਆਰਜੀ ਜੇਲ੍ਹ ਬਣਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਫੇਲ ਹੋਣ ਦੀ ਨਿਸ਼ਾਨੀ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਡਿਸਪੈਂਸਰੀਆਂ/ਹਸਪਤਾਲ ਬਣਾਉਣ ਦੀ ਥਾਂ ਜੇਲ੍ਹਾਂ ਬਣਾਉਣ ਦੇ ਅਸੱਭਿਅਕ ਕੰਮ ਕਰਨ ਲੱਗੀ ਹੋਈ ਹੈ। ਸਰਕਾਰ ਤੰਤਰ ਲਈ ਇਹ ਸ਼ਰਮ ਦੀ ਗੱਲ ਹੈ ਕਿ ਬਿਪਤਾ ਵਿੱਚ ਫਸੇ ਲੋਕਾਂ ਦੀ ਸਹਾਇਤਾ ਦੀ ਥਾਂ ਨੂੰ ਹੋਰ ਤੰਗ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਭੋਰਾ ਵੀ ਚਿੰਤਤ ਹੈ ਤਾਂ ਸਰਕਾਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਅਤੇ ਸੁਚਾਰੂ ਕਰਦਿਆਂ ਨਰਸਾਂ, ਡਾਕਟਰਾਂ ਅਤੇ ਹੋਰ ਸਟਾਫ਼ ਦੀ ਤੁਰੰਤ ਪੱਕੀ ਭਰਤੀ ਕੀਤੀ ਜਾਵੇ।
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕਰੋਨਾ ਦੌਰ ਦੌਰਾਨ ਸਖ਼ਤੀ ਕਰਨ ਦੀ ਥਾਂ, ਲੋਕਾਂ ਨੂੰ ਉਹਨਾਂ ਦੀ ਰੋਜ਼ਾਨਾ ਆਮਦਨ ਘਰ ਬੈਠਿਆਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇ। ਕਰੋਨਾ ਪਾਜ਼ੇਟਿਵ ਦੇ ਚਲਦਿਆਂ ਚਾਹੇ ਕੋਈ ਦਿਹਾੜੀਦਾਰ ਹੈ, ਚਾਹੇ ਕੋਈ ਦੁਕਾਨਦਾਰ, ਚਾਹੇ ਰਿਹੜੀ-ਰਿਕਸ਼ੇ ਵਾਲਾ, ਚਾਹੇ ਮਜ਼ਦੂਰ-ਕਿਸਾਨ ਹੈ ਤਾਂ ਇਹਨਾਂ ਸਭਨਾਂ ਦੇ ਖਾਤਿਆਂ ਵਿੱਚ ਓਨੇ ਦਿਨ ਰੋਜ਼ਾਨਾ ਰਾਸ਼ੀ ਪਾਈ ਜਾਵੇ, ਜਿੰਨੇ ਦਿਨ ਉਹ ਆਪਣੀ ਕਮਾਈ ਕਰਨ ਜੋਗਾ ਨਹੀਂ ਹੁੰਦਾ।
ਇਸ ਦੌਰਾਨ ਆਗੂਆਂ ਨੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਿਹਾਲ ਸਿੰਘ ਵਾਲਾ ਅਤੇ ਹੋਰ ਥਾਵਾਂ ਉੱਤੇ ਪਾਏ ਪਰਚਿਆਂ ਦੀ ਨਿਖੇਧੀ ਕੀਤੀ। ਆਗੂਆਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਕਿਸਾਨ ਆਗੂਆਂ ਨੂੰ ਇਸ ਪਾਸੇ ਉਲਝਾ ਕੇ ਭਾਜਪਾ ਸਰਕਾਰ ਦੀ ਟੇਢੇ ਢੰਗ ਨਾਲ ਮੱਦਦ ਕਰਨ ਤੋਂ ਬਾਜ ਆਵੇ। ਉਹਨਾਂ ਕਿਹਾ ਕਿ ਫ਼ਿਲਹਾਲ 10 ਤੋਂ 12 ਮਈ ਨੂੰ ਦਿੱਲੀ ਵੱਲ ਜਾ ਰਹੇ ਵਿਸ਼ੇਸ਼ ਜੱਥਿਆਂ ਦੀ ਤਿਆਰੀ ਪਿੰਡਾਂ ਵਿੱਚ ਚੱਲ ਰਹੀ ਹੈ ਅਤੇ ਇਹਨੀਂ ਦਿਨੀਂ ਸਭ ਆਗੂਆਂ ਦਾ ਧਿਆਨ ਦਿੱਲੀ ਮੋਰਚੇ ਨੂੰ ਤਕੜਾ ਕਰਨ ਵੱਲ ਹੈ, ਪਰ ਜੇਕਰ ਪੰਜਾਬ ਸਰਕਾਰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੀ ਅੜੀ ਕਰੇਗੀ ਤਾਂ ਇਸ ਨਾਲ ਵੀ ਨਜਿੱਠਿਆ ਜਾਵੇਗਾ।
ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸੇ ਵੀ ਦੁਕਾਨਦਾਰ ਨਾਲ ਜਿਆਦਤੀ ਸਹਿਣ ਨਹੀਂ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਦੁਕਾਨਦਾਰਾਂ ਦੀਆਂ ਐਸੋਸੀਏਸ਼ਨਾਂ ਜਾਂ ਕਿਸੇ ਹੋਰ ਨੂੰ ਪ੍ਰਸ਼ਾਸਨ ਵੱਲੋਂ ਤੰਗ ਕੀਤਾ ਜਾ ਰਿਹਾ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।


