ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਲੰਢੇਕੇ ਦੇ ਸਰਕਾਰੀ ਸਕੂਲ ‘ਚ ਉਸਾਰੇ ਜਾ ਰਹੇ ਨਵੇਂ ਕਮਰੇ ਦਾ ਡੀ ਈ ਓ ਨੇ ਰੱਖਿਆ ਨੀਂਹ ਪੱਥਰ
ਮੋਗਾ,7 ਮਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਨਿਰੰਤਰ ਯਤਨਾਂ ਸਦਕਾ ਮੋਗਾ ਹਲਕੇ ਦੇ ਪਿੰਡ ਲੰਢੇਕੇ ਦੇ ਸਰਕਾਰੀ ਸਕੂਲ ਦੀ ਉਸਾਰੀ ਜਾ ਰਹੀ ਨਵੀਂ ਇਮਾਰਤ ਦੇ ਕਮਰੇ ਦਾ ਨੀਂਹ ਪੱਥਰ ਰੱਖਣ ਦੀਆਂ ਰਸਮਾਂ ਜ਼ਿਲ੍ਹਾ ਸਿੱਖਿਆ ਅਫਸਰ ਸੈ: ਸਿ: ਸ਼੍ਰੀ ਸੁਸ਼ੀਲ ਨਾਥ ਨੇ ਨਿਭਾਈਆਂ। ਇਸ ਮੌਕੇ ਜਗਦੀਪ ਸਿੰਘ ਸੀਰਾ ਲੰਢੇਕੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੋਗਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਸਾਬਕਾ ਸਰਪੰਚ ਹਰਦਿਆਲ ਸਿੰਘ,ਚੇਅਰਮੈਨ ਦੀਸ਼ਾ ਬਰਾੜ, ਛਿੰਦਰਪਾਲ ਸਿੰਘ ਹੈੱਡ ਮਾਸਟਰ , ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦਰਬਾਰ ਸਿੰਘ, ਸਮੱਗਰਾ ਇੰਚਾਰਜ ਗੁਰਸ਼ਰਨਪਾਲ ਸਿੰਘ, ਰਾਜੂ ਗਿੱਲ, ਸ਼ਿੰਦਰ ਸਿੰਘ ਮੈਂਬਰ, ਪਿੰਡ ਦੇ ਪਤਵੰਤੇ ਅਤੇ ਸਕੂਲ ਸਟਾਫ਼ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੈ: ਸਿ: ਸ਼੍ਰੀ ਸੁਸ਼ੀਲ ਨਾਥ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੁਸ਼ੀਲ ਨਾਥ ਨੇ ਆਖਿਆ ਕਿ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਮੋਗਾ ਜ਼ਿਲ੍ਹੇ ਦੇ ਤਕਰੀਬਨ ਸਾਰੇ ਸਕੂਲ ਸਮਾਰਟ ਬਣ ਚੁੱਕੇ ਹਨ ਅਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਆਧੁਨਿਕ ਤਕਨੀਕ ਰਾਹੀਂ ਸਿੱਖਿਆ ਮੁਹੱਈਆ ਕਰਵਾਉਣ ਲਈ ਕੰਪਿਊਟਰ, ਪ੍ਰੌਜੈਕਟਰ ਅਤੇ ਐੱਲ ਈ ਡੀ ਆਦਿ ਨਾਲ ਲੈਸ ਸਮਾਰਟ ਕਲਾਸਾਂ ਹੋਂਦ ਵਿਚ ਆਉਣ ਸਦਕਾ ਨਿੱਜੀ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀ ਵੀ ਹੁਣ ਸਰਕਾਰੀ ਸਕੂਲਾਂ ਵਿਚ ਦਾਖਲਾ ਲੈ ਰਹੇ ਹਨ, ਜੋ ਸਰਕਾਰੀ ਸਕੂਲਾਂ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸਮੁੱਚੇ ਹਲਕੇ ਦੀ ਨਕਸ਼ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸਕੂਲਾਂ ਨੂੰ ਵੀ ਸਮਾਰਟ ਬਣਾਉਣ ਦੇ ਨਾਲ ਨਾਲ ਨਵੀਂਆਂ ਇਮਾਰਤਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਅਤੇ ਇਸੇ ਲੜੀ ਤਹਿਤ ਅੱਜ 6 ਲੱਖ 26 ਹਜ਼ਾਰ ਦੀ ਗਰਾਂਟ ਨਾਲ ਕਮਰਾ ਅਤੇ ਉਸ ਅੱਗੇ ਬਰਾਂਡੇ ਦੀ ਉਸਾਰੀ ਦੀ ਆਰੰਭਤਾ ਕੀਤੀ ਗਈ ਹੈ । ਉਹਨਾਂ ਆਖਿਆ ਕਿ ਉਹ ਐੱਨ ਆਰ ਆਈ ਅਤੇ ਪਿੰਡ ਦੇ ਦਾਨੀ ਸੱਜਣਾਂ ਦੇ ਵੀ ਧੰਨਵਾਦੀ ਹਨ ਜੋ ਸਮੇਂ ਸਮੇਂ ’ਤੇ ਸਕੂਲ ਦੇ ਵੱਖ ਵੱਖ ਪ੍ਰੌਜੈਕਟਾਂ ਲਈ ਯੋਗਦਾਨ ਦਿੰਦੇ ਰਹਿੰਦੇ ਨੇ ।