ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ, ਕੇਂਦਰ ਸਰਕਾਰ ਦੀ ਸਿੱਧੀ ਸਿੱਧੀ ਨਾਕਾਮੀ : ਵਿਨੋਦ ਬਾਂਸਲ

ਮੋਗਾ,6 ਮਈ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਵਿਨੋਦ ਬਾਂਸਲ ਨੇ ਸਮੁੱਚੇ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਲਗਾਤਾਰ ਵਾਧੇ ਨੂੰ ਸਿੱਧੇ ਸਿੱਧੇ ਕੇਂਦਰ ਸਰਕਾਰ ਦੀ ਨਾਕਾਮੀ ਦੱਸਿਆ । ਉਹਨਾਂ ਆਖਿਆ ਕਿ ਇਸ ਮਹੀਨੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਤੀਜੀ ਵਾਰ ਵਾਧਾ ਹੋਇਆ ਹੈ ਜਿਸ ਦੀ ਮਾਰ ਆਮ ਲੋਕਾਂ ਨੂੰ ਪੈ ਰਹੀ ਹੈ। ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪਹਿਲਾਂ ਹੀ ਲੋਕ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਹਨ ਅਤੇ ਉਪਰੋਂ ਤੇਲ ਤੇ ਘਰੇਲੂ ਗੈਸ ਦੀਆਂ ਕੀਮਤਾਂ ਦੇ ਲਗਾਤਾਰ ਵਾਧੇ ਨਾਲ ਜਨਤਾ ਦਾ ਤ੍ਰਾਹ ਨਿਕਲਿਆ ਪਿਆ ਹੈ। ਵਿਨੋਦ ਬਾਂਸਲ ਨੇ ਆਖਿਆ ਕਿ ਜੇਕਰ ਤੇਲ ਦੀਆਂ ਕੀਮਤਾਂ ਵਿਚ ਵਾਧਾ ਇਸੇ ਤਰਾਂ ਜਾਰੀ ਰਿਹਾ ਹੈ ਆਉਂਦੇ ਦਿਨਾਂ ਵਿਚ ਇਸ ਦੀ ਕੀਮਤ 100 ਰੁਪਏ ਤੋਂ ਪਾਰ ਜਾ ਸਕਦੀ ਹੈ ਜਿਸ ਦਾ ਅਸਰ ਦੇਸ਼ ਦੀ 136 ਕਰੋੜ ਦੀ ਆਬਾਦੀ ’ਤੇ ਪੈਣਾ ਸੁਭਾਵਿਕ ਹੈ। ਵਿਨੋਦ ਬਾਂਸਲ ਨੇ ਆਖਿਆ ਕਿ ਅੱਜ ਵੀ, ਰਾਜਸਥਾਨ ਦੇ ਗੰਗਾਨਗਰ ‘ਚ ਅਤੇ ਮੱਧਪ੍ਰਦੇਸ਼ ਦੇ ਅਨੂਪਪੁਰ ‘ਚ ਪੈਟਰੋਲ 101 ਰੁਪਏ ਅਤੇ ਡੀਜ਼ਲ 90 ਤੋਂ ਪਾਰ ਹੋ ਗਿਆ ਹੈ। ਵਿਨੋਦ ਬਾਂਸਲ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਦੇਸ਼ ਵਿਚ ਤੇਲ ਅਤੇ ਬਾਲਣ ਦੀਆਂ ਕੀਮਤਾਂ ਵਿਚ ਇੰਜ ਹੀ ਵਾਧਾ ਹੁੰਦਾ ਰਿਹਾ ਤਾਂ ਦੇਸ਼ ਦੇ ਲੋਕ ਮੋਦੀ ਸਰਕਾਰ ਖਿਲਾਫ਼ ਸੜਕਾਂ ’ਤੇ ਉੱਤਰ ਆਉਣਗੇ । ਉਹਨਾਂ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਜਨਤਕ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਯਤਨ ਕਰੇ ਤਾਂ ਕਿ ਦੇਸ਼ ਦੇ ਮੱਧ ਵਰਗੀ ਪਰਿਵਾਰ ਦਾ ਗੁਜ਼ਾਰਾ ਸੰਤੋਸ਼ਜਨਕ ਤਰੀਕੇ ਨਾਲ ਚੱਲਦਾ ਰਹੇ। ਸ਼੍ਰੀ ਬਾਂਸਲ ਨੇ ਆਖਿਆ ਕਿ ਤੇਲ ਅਤੇ ਡੀਜ਼ਲ ਦੇ ਭਾਅ ਵਧਣ ਦਾ ਸਿੱਧਾ ਅਸਰ ਕਿਰਸਾਨੀ ’ਤੇ ਵੀ ਪਵੇਗਾ ਜੋ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਧਰਨਿਆਂ ’ਤੇ ਬੈਠੇ ਹੋਏ ਹਨ। ਉਹਨਾਂ ਸੂਬੇ ਦੇ ਭਾਜਪਾ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਂਦਰ ਸਾਹਮਣੇ ਲੋਕਾਂ ਦੀ ਅਸਲ ਜ਼ਮੀਨੀ ਹਕੀਕਤ ਨੂੰ ਬਿਆਨ ਕਰਨ ਤਾਂ ਕਿ ਹਰ ਐਤਵਾਰ ਨੂੰ ‘ਮਨ ਕੀ ਬਾਤ’ ਰਾਹੀਂ ਆਪਣੇ ਜਜ਼ਬਾਤਾਂ ਨੂੰ ਦੇਸ਼ ਦੇ ਲੋਕਾਂ ਦੇ ਸਾਹਮਣੇ ਰੱਖਣ ਵਾਲੇ ਸ਼੍ਰੀ ਨਰਿੰਦਰ ਮੋਦੀ ਸਾਬ੍ਹ ਨੂੰ ਜਨਤਾ ਦੀ ਤਰਸਯੋਗ ਹਾਲਤ ਤੋਂ ਵਾਕਿਫ਼ ਕਰਵਾਇਆ ਜਾ ਸਕੇ।