ਲੌਕਡਾਉਨ ਤੋਂ ਬਚਣ ਲਈ ਲੋਕ "ਘਰ ਰਹੋ ਸੁਰੱਖਿਅਤ ਰਹੋ" ਮੁਹਿੰਮ ਨਾਲ ਜੁੜ ਕੇ, ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪੂਰਨ ਰੂਪ ਵਿੱਚ ਪਾਲਣਾ ਕਰਨ -ਡਾ.ਹਰਜੋਤ ਕਮਲ
ਡਾ.ਹਰਜੋਤ ਕਮਲ ਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਭਾਵਪੂਰਤ ਅਪੀਲ ਕਰਦਿਆਂ ਆਖਿਆ ਹੈ ਕਿ "ਮੈਂ ਤੁਹਾਡਾ ਆਪਣਾ ਚੁਣਿਆਂ ਹੋਇਆਂ ਨੁਮਾਇੰਦਾ ਹੋਣ ਕਰਕੇ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਰਕਾਰ ਵਲੋਂ ਅੰਸ਼ਕ ਰੂਪ ਵਿੱਚ ਲੌਕਡਾਉਨ ਲਗਾਇਆ ਗਿਆ ਹੈ। ਜੇਕਰ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ ਤਾਂ ਪੂਰਨ ਰੂਪ ਵਿੱਚ ਲੌਕਡਾਉਨ ਵੀ ਲੱਗ ਸਕਦਾ ਹੈ। ਜਿਸ ਨਾਲ ਲੋਕਾਂ ਨੂੰ ਪਿਛਲੇ ਸਾਲ ਦੀ ਤਰ੍ਹਾਂ ਅਨੇਕਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦਾ ਪੂਰਨ ਰੂਪ ਵਿੱਚ ਪਾਲਣ ਕਰਕੇ "ਘਰ ਰਹੋ ਸੁਰੱਖਿਅਤ ਰਹੋ" ਮੁਹਿਮ ਨਾਲ ਜੁੜ ਕੇ ਕਰੋਨਾ ਮਹਾਮਾਰੀ ਨਾਲ ਨਜਿੱਠਣ ਵਿੱਚ ਆਪਣਾ ਸਹਿਯੋਗ ਦਿਓ।"
ਡਾ.ਹਰਜੋਤ ਕਮਲ ਆਖਦੇ ਨੇ "ਆਪ ਸਭ ਨੂੰ ਭਲੀਭਾਂਤ ਪਤਾ ਹੈ ਕਿ ਕਰੋਨਾ ਬਹੁਤ ਵਿਸ਼ਾਲ ਰੂਪ ਧਾਰ ਚੁੱਕਾ ਹੈ, ਜਿਸਨੇ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਜਿੱਥੇ ਬਹੁਤ ਸਾਰੇ ਲੋਕ ਇਸ ਬੀਮਾਰੀ ਨਾਲ ਪੀੜ੍ਹਿਤ ਹੋ ਕੇ ਆਪਣੀ ਜਿੰਦਗੀ ਬਚਾਉਣ ਲਈ ਜੂਝ ਰਹੇ ਹਨ ਉਥੇ ਲੱਖਾਂ ਲੋਕ ਇਸ ਬੀਮਾਰੀ ਦੀ ਭੇਂਟ ਚੜ੍ਹ ਕੇ ਆਪਣੀ ਜਿੰਦਗੀ ਗੁਆ ਚੁੱਕੇ ਹਨ। ਸੋ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿੱਕਲੋ ਅਤੇ ਪੂਰੀ ਸਾਵਧਾਨੀ ਨਾਲ ਸਰਕਾਰ ਵਲੋਂ ਤੁਹਾਡੀ ਸੁਰੱਖਿਆ ਲਈ ਬਣਾਈਆਂ ਗਈਆਂ Guidelines ਗਾਈਡਲਾਈਨਾਂ (ਹਦਾਇਤਾ) ਦਾ ਪੂਰਨ ਰੂਪ ਵਿੱਚ ਪਾਲਣ ਕਰੋ।"
ਲੋਕਾਂ ਨੂੰ ਚੇਤਨ ਕਰਦਿਆਂ ਉਹ ਆਖਦੇ ਨੇ "ਆਪ ਸਭ ਨੂੰ ਇਹ ਦੱਸਣਾ ਵੀ ਮੇਰਾ ਫਰਜ਼ ਹੈ ਕਿ ਪੰਜਾਬ ਸਰਕਾਰ ਵਲੋਂ ਪੁਲਿਸ ਅਤੇ ਪ੍ਰਸ਼ਾਸਨ ਰਾਹੀਂ ਵੀ ਕਰੋਨਾ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ, ਪਰ ਅੱਗ ਤੋਂ ਵੀ ਤੇਜ਼ੀ ਨਾਲ ਫੈਲ ਰਹੀ ਇਸ ਬੀਮਾਰੀ ਨੇ ਅੱਜ ਹਲਾਤ ਇਸ ਕਦਰ ਵਿਗਾੜ ਦਿੱਤੇ ਹਨ ਕਿ ਕਰੋਨਾ ਬੀਮਾਰੀ ਨਾਲ ਪੀੜਿਤ ਲੋਕਾਂ ਨੂੰ ਆਪਣਾ ਇਲਾਜ਼ ਕਰਵਾਉਣ ਲਈ ਕਿਸੇ ਵੀ ਸ਼ਹਿਰ ਵਿੱਚ 01 ਬੈੱਡ ਤੱਕ ਨਸੀਬ ਨਹੀਂ ਹੋ ਰਿਹਾ। ਅਮੀਰ ਤੋਂ ਅਮੀਰ ਲੋਕ ਆਪਣਾ ਇਲਾਜ਼ ਕਰਵਾਉਣ ਲਈ ਆਪਣੇ ਮਰੀਜਾਂ ਨੂੰ ਥਾਂ-ਥਾਂ ਲੈ ਕੇ ਭਟਕ ਰਹੇ ਹਨ, ਪਰ ਉਨ੍ਹਾਂ ਨੂੰ ਦਾਖਲ ਹੋਣ ਲਈ ਕਿਤੇ ਵੀ ਜਗ੍ਹਾਂ ਨਹੀਂ ਹੈ।
ਇਨ੍ਹਾਂ ਹਲਾਤਾਂ ਨੂੰ ਦੇਖਦੇ ਹੋਏ ਮੋਗਾ ਪੁਲਿਸ ਨੇ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦਾ ਪੈਗਾਮ ਦਿੱਤਾ ਹੈ। ਪੁਲਿਸ ਨੇ ਲੌਕਡਾਉਨ ਦੌਰਾਨ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਨ ਲਈ ਗੋਧੇਵਾਲਾ ਸਟੇਡੀਅਮ ਨੂੰ ਸੇਨੇਟਾਈਜ਼ ਕਰਕੇ ਉਸਨੂੰ ਉਪਨ ਜੇਲ੍ਹ ਦਾ ਰੂਪ ਦੇ ਦਿੱਤਾ ਹੈ ਅਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ (Lock-down) ਲੌਕਡਾਉਨ ਦੌਰਾਨ ਬਾਹਰ ਘੁੰਮਦਾ ਨਜ਼ਰ ਆਉਂਦਾ ਹੈ ਤਾਂ ਉਸਨੂੰ ਦੋਸ਼ੀ ਮੰਨਦੇ ਹੋਏ ਓਪਨ ਜੇਲ੍ਹ ਵਿੱਚ ਕੈਦ ਕਰ ਦਿੱਤਾ ਜਾਵੇਗਾ। ਜਿਸਨੂੰ ਕਿਸੇ ਵੀ ਰੂਪ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਨਾ ਹੀ ਕਿਸੇ ਵਲੋਂ ਕਿਸੇ ਤਰ੍ਹਾਂ ਦੀ ਕੋਈ ਸਿਫਾਰਿਸ਼ ਮੰਨੀ ਜਾਵੇਗੀ। ਅਜਿਹੇ ਵਿਅਕਤੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਸਖ਼ਤ ਸਜ਼ਾ ਵੀ ਮਿਲੇਗੀ ਅਤੇ ਉਸਤੇ ਪਰਚਾ ਵੀ ਦਰਜ਼ ਕੀਤਾ ਜਾਵੇਗਾ। ਮੇਰੀ ਵੀ ਆਪ ਸਭ ਨੂੰ ਇਹੋ ਸਲਾਹ ਹੈ ਕਿ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਇੱਕ ਜਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉ ਅਤੇ ਅਜਿਹੀ ਸਥਿਤੀ ਪੈਦਾ ਹੀ ਨਾ ਹੋਣ ਦਿਓ ਕਿ ਕਿਸੇ ਨੂੰ ਤੁਹਾਡੇ ਲਈ ਸਿਫਾਰਿਸ਼ ਕਰਨੀ ਪਵੇ, ਕਿਉਂਕਿ ਸਰਕਾਰ ਦੇ ਦੋਸ਼ੀਆਂ ਦੀ ਸਿਫਾਰਿਸ਼ ਕਰਨਾ ਕਿਸੇ ਦੇ ਵੀ ਵੱਸ ਨਹੀਂ ਹੈ। ਇਹ ਸਭ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਲਈ ਚੁੱਕਿਆ ਗਿਆ ਕਦਮ ਹੈ, ਸੋ ਮੇਰੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਘਰ ਰਹੋ ਸੁਰੱਖਿਅਤ ਰਹੋ।"